ਕੈਪਟਨ ਅਮਰਿੰਦਰ ਸਿੰਘ ਦੀ ਲਲਕਾਰ – ਸਿੱਧੂ ਨੂੰ ਚੋਣਾਂ ਵਿੱਚ ਘੇਰਨ ਦਾ ਐਲਾਨ – ਗਾਂਧੀ ਭੈਣ -ਭਰਾ ਗੈਰ ਤਜ਼ਰਬੇਕਾਰ ,ਉਹ ਹੋਏ ਗੁੰਮਰਾਹ – ਹੁਣ ਪਾ ਲਓ ਹੱਥ ਅਕਾਲੀਆਂ ਨੂੰ – ਸੂਬਾ ਸਰਕਾਰ ਹੁਣ ਦਿੱਲ੍ਹੀ ਤੋਂ ਚੱਲਾਈ ਜਾ ਰਹੀ ਹੈ

ਨਿਊਜ਼ ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਰੁੱਖ ਅਖਤਿਆਰ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕਾਂਗਰਸ ਦੇ ਕਰਤਾ ਧਰਤਾ ਭੈਣ -ਭਰਾ ਨੂੰ ਖੁੱਲ੍ਹੀ ਚਣੋਤੀ ਦੇ ਦਿੱਤੀ ਹੈ। ਧੜੱਲੇ ਨਾਲ ਲੀਡਰੀ ਕਰਨ ਵਾਲੇ ਬੇਪ੍ਰਵਾਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ ਕਿਹਾ ਕਿ ਗਾਂਧੀ ਭੈਣ ਭਰਾ ਮੇਰੇ ਬੱਚਿਆਂ ਵਰਗੇ ਹਨ ਪਰ ਉਹ ਗੈਰ ਤਜ਼ਰਬੇਕਾਰ ਹਨ ਤੇ ਉਹਨਾਂ ਦੇ ਸਲਾਹਕਾਰ ਉਹਨਾਂ ਨੂੰ ਗਲਤ ਜਾਣਕਾਰੀ ਦੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਆਉਂਦੇ ਦਿਨਾਂ ਵਿੱਚ ਅਪਣਾਈ ਜਾਣ ਵਾਲੀ ਰਣਨੀਤੀ ਦੇ ਇਹ ਸਪਸ਼ਟ ਸੰਕੇਤ ਸਮਝੇ ਜਾ ਸਕਦੇ ਹਨ। ਸਿੱਧੂ ਨੂੰ ਉਸ ਦੇ ਹਲਕੇ ਵਿੱਚ ਜ਼ੋਰਦਾਰ ਢੰਗ ਨਾਲ ਘੇਰਨ ਦੀ ਲਲਕਾਰ ਵੀ ਕਾਂਗਰਸ ਲਈ ਖਤਰੇ ਦੀ ਘੰਟੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਿੱਧੂ ਨੂੰ ਸੂਬੇ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਖਿਲਾਫ਼ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਆਪਣਾ ਮਜ਼ਬੂਤ ਉਮੀਦਵਾਰ ਖੜ੍ਹਾ ਕਰਨਗੇ। ਉਹਨਾਂ ਨੇ ਅੱਗੇ ਕਿਹਾ ਕਿ ‘ਸਿੱਧੂ’ ਦੇਸ਼ ਲਈ ਖ਼ਤਰਾ ਹਨ ,ਸਿੱਧੂ ਤੋਂ ਦੇਸ਼ ਨੂੰ ਬਚਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਾਂ।

ਸਾਬਕਾ ਮੁੱਖ ਮੰਤਰੀ ਨੇ ਕਿਹਾ, “ਮੈਂ ਜਿੱਤ ਤੋਂ ਬਾਅਦ ਛੱਡਣ ਲਈ ਤਿਆਰ ਸੀ ਪਰ ਹਾਰ ਤੋਂ ਬਾਅਦ ਕਦੇ ਨਹੀਂ। ਉਹਨਾਂ ਨੇ ਖੁਲਾਸਾ ਕੀਤਾ ਕਿ ਉਹਨਾਂ ਨੇ ਤਿੰਨ ਹਫਤੇ ਪਹਿਲਾਂ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਸੋਨੀਆ ਗਾਂਧੀ ਨੇ ਉਹਨਾਂ ਨੂੰ ਅੱਗੇ ਜਾਰੀ ਰੱਖਣ ਲਈ ਕਿਹਾ ਸੀ। “ਜੇ ਉਹਨਾਂ ਨੇ ਹੁਣ ਮੈਨੂੰ ਬੁਲਾਇਆ ਹੁੰਦਾ ਅਤੇ ਮੈਨੂੰ ਅਹੁਦਾ ਛੱਡਣ ਲਈ ਕਿਹਾ ਹੁੰਦਾ, ਤਾਂ ਮੈਂ ਉਸੇ ਵੇਲੇ ਛੱਡ ਦਿੰਦਾ” ਉਹਨਾਂ ਨੇ ਅੱਗੇ ਕਿਹਾ, “ਇੱਕ ਸਿਪਾਹੀ ਹੋਣ ਦੇ ਨਾਤੇ, ਮੈਂ ਜਾਣਦਾ ਹਾਂ ਕਿ ਮੈਂ ਆਪਣਾ ਕੰਮ ਕਿਵੇਂ ਕਰਨਾ ਹੈ ਅਤੇ ਜਦੋਂ ਮੈਨੂੰ ਵਾਪਸ ਬੁਲਾਇਆ ਜਾਂਦਾ ਹੈ ਤਾਂ ਮੈਂ ਯਕੀਨਨ ਵਾਪਿਸ ਜਾਵਾਂਗਾ।

ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਸੋਨੀਆ ਗਾਂਧੀ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਆਉਣ ਵਾਲੀਆਂ ਅਗਲੀਆਂ ਚੋਣਾਂ ਦੀ ਅਗਵਾਈ ਕਰਕੇ ਕਾਂਗਰਸ ਨੂੰ ਜਿੱਤ ਦਿਵਾਉਣ ਤੋਂ ਬਾਅਦ ਕਿਸੇ ਦੂਜੇ ਨੁਮਾਇੰਦੇ ਨੂੰ ਮੁੱਖ ਮੰਤਰੀ ਬਣਾਉਣ ਲਈ ਵੀ ਤਿਆਰ ਹਨ। “ਪਰ ਇਸ ਤਰ੍ਹਾਂ ਦਾ ਕੁੱਝ ਨਹੀਂ ਹੋਇਆ, ਸੋ ਮੈਂ ਅੱਗੇ ਲੜਾਂਗਾ” ਮੈਨੂੰ ਦੱਸੇ ਬਿਨਾਂ ਤੇ ਮੇਰੀ ਸਹਿਮਤੀ ਤੋਂ ਬਿਨਾਂ ਸੀਐਲਪੀ ਦੀ ਮੀਟਿੰਗ ਬੁਲਾਉਣਾ ਮੇਰੇ ਲਈ ਅਪਮਾਨਜਨਕ ਸੀ।ਉਹਨਾਂ ਨੇ ਕਿਹਾ ਕਿ, “ਮੈਂ ਵਿਧਾਇਕਾਂ ਨੂੰ ਗੋਆ ਜਾਂ ਕਿਸੇ ਜਗ੍ਹਾ ਲਈ ਫਲਾਈਟ ਵਿੱਚ ਨਹੀਂ ਲੈ ਕੇ ਜਾਂਦਾ। ਇਸ ਤਰ੍ਹਾਂ ਮੈਂ ਸਰਕਾਰ ਨਹੀਂ ਚਲਾਉਂਦਾ। ਮੈਂ ਚਲਾਕੀ ਨਹੀਂ ਕਰਦਾ, ਅਤੇ ਗਾਂਧੀ ਭੈਣ -ਭਰਾ ਜਾਣਦੇ ਹਨ ਕਿ ਇਹ ਮੇਰਾ ਤਰੀਕਾ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਪ੍ਰਿਯੰਕਾ ਅਤੇ ਰਾਹੁਲ (ਗਾਂਧੀ ਭੈਣ -ਭਰਾ) ਮੇਰੇ ਬੱਚਿਆਂ ਵਰਗੇ ਹਨ… ਇਹ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ ( ਸੂਬੇ ਵਿੱਚ ਲੀਡਰਸ਼ਿਪ ਤਬਦੀਲੀ ) , ਮੈਨੂੰ ਦੁੱਖ ਲੱਗਿਆ ਹੈ। ਉਨ੍ਹਾਂ ਕਿਹਾ ਕਿ ਗਾਂਧੀ ਬੱਚੇ ਕਾਫ਼ੀ ਗੈਰ-ਤਜਰਬੇਕਾਰ ਸਨ ਅਤੇ ਉਨ੍ਹਾਂ ਦੇ ਸਲਾਹਕਾਰ ਸਪੱਸ਼ਟ ਤੌਰ ‘ਤੇ ਉਨ੍ਹਾਂ ਨੂੰ ਗੁਮਰਾਹ ਕਰ ਰਹੇ ਸਨ।ਇਹ ਦਰਸਾਉਂਦੇ ਹੋਏ ਕਿ ਉਹ ਅਜੇ ਵੀ ਆਪਣੇ ਰਾਜਨੀਤਿਕ ਵਿਕਲਪ ਖੁੱਲੇ ਰੱਖ ਰਹੇ ਹਨ, ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੀ ਭਵਿੱਖ ਦੀ ਰਣਨੀਤੀ ਤੈਅ ਕਰਨ ਤੋਂ ਪਹਿਲਾਂ ਆਪਣੇ ਸਾਥੀਆਂ ਨਾਲ ਸਲਾਹ ਕਰ ਰਹੇ ਹਨ । “ਤੁਸੀਂ 40 ਸਾਲ ਦੀ ਉਮਰ ‘ਚ ਬੁੱਢੇ ਹੋ ਸਕਦੇ ਹੋ ਅਤੇ 80 ਸਾਲ ਦੀ ਉਮਰ ‘ਚ ਜਵਾਨ ਹੋ ਸਕਦੇ ਹੋ,”। ਉਹਨਾਂ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੀ ਉਮਰ ਨੂੰ ਕਦੀਂ ਵੀ ਰੁਕਾਵਟ ਵਜੋਂ ਨਹੀਂ ਵੇਖਿਆ।

ਬੇਅਦਬੀ ਅਤੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿੱਚ ਉਹਨਾਂ ਨੇ ਬਾਦਲਾਂ ਅਤੇ ਮਜੀਠੀਆ ਵਿਰੁੱਧ ਕਾਰਵਾਈ ਨਾ ਕਰਨ ਦੀਆਂ ਸ਼ਿਕਾਇਤਾਂ ਦਾ ਹਵਾਲਾ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਾਨੂੰਨ ਨੂੰ ਆਪਣਾ ਰਾਹ ਅਖਤਿਆਰ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। “ਪਰ ਹੁਣ ਇਹ ਲੋਕ ਜੋ ਮੇਰੇ ਵਿਰੁੱਧ ਸ਼ਿਕਾਇਤ ਕਰ ਰਹੇ ਸਨ ਉਹ ਸੱਤਾ ਵਿੱਚ ਹਨ ਅਤੇ ਹੁਣ ਉਹਨਾਂ ਨੂੰ ਸਲਾਖਾ ਪਿੱਛੇ ਸੁੱਟ ਲੈਣ। ਮਾਈਨਿੰਗ ਮਾਫੀਆ ਵਿੱਚ ਸ਼ਾਮਲ ਮੰਤਰੀਆਂ ਵਿਰੁੱਧ ਕਾਰਵਾਈ ਨਾ ਕਰਨ ਦੇ ਦੋਸ਼ਾਂ ਨੂੰ ਲੈ ਕੇ ਸਿੱਧੂ ਐਂਡ ਕੰਪਨੀ ਦੇ ਖਿਲਾਫ ਚੁਟਕੀ ਲੈਂਦੇ ਹੋਏ ਉਨ੍ਹਾਂ ਨੇ ਕਿਹਾ, “ਉਹ ਮੰਤਰੀ ਹੁਣ ਇਨ੍ਹਾਂ ਨੇਤਾਵਾਂ ਦੇ ਨਾਲ ਹਨ!”

ਹੁਣ ਜਿਸ ਤਰੀਕੇ ਨਾਲ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ, ਉਸ ਦਾ ਮਜ਼ਾਕ ਉਡਾਉਂਦੇ ਹੋਏ, ਕੈਪਟਨ ਅਮਰਿੰਦਰ ਸਿੰਘ ਨੇ ਚੀਜ਼ਾਂ ਦੇ ਵਾਪਰਨ ਦੇ ਢੰਗ ‘ਤੇ ਹੈਰਾਨੀ ਪ੍ਰਗਟ ਕੀਤੀ। ਇਸ ਗੱਲ ਵੱਲ ਇਸ਼ਾਰਾ ਕਰਦਿਆਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਵਜੋਂ, ਯੋਗਤਾ ਦੇ ਹਿਸਾਬ ਨਾਲ ਆਪਣੇ ਮੰਤਰੀਆਂ ਨੂੰ ਨਿਯੁਕਤ ਕੀਤਾ ਸੀ, ਕਿਉਂਕਿ ਉਹ ਉਨ੍ਹਾਂ ਵਿੱਚੋਂ ਹਰੇਕ ਦੀ ਯੋਗਤਾ ਨੂੰ ਜਾਣਦੇ ਸੀ, ਉਸਨੇ ਸਵਾਲ ਕੀਤਾ ਕਿ ਵੇਣੂਗੋਪਾਲ ਜਾਂ ਅਜੇ ਮਾਖਨ ਜਾਂ ਰਣਦੀਪ ਸੁਰਜੇਵਾਲਾ ਵਰਗੇ ਕਾਂਗਰਸੀ ਨੇਤਾ ਕਿਵੇਂ ਫੈਸਲਾ ਕਰ ਸਕਦੇ ਹਨ ਕਿ ਕਿਸ ਮੰਤਰਾਲੇ ਲਈ ਕਿਹੜਾ ਮੰਤਰੀ ਚੰਗਾ ਹੈ। “ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਕਿ ਸਾਰੇ ਬਰਾਬਰ ਹਨ। ਮੈਂ ਲੋਕਾਂ ਨੂੰ ਉਨ੍ਹਾਂ ਦੀ ਜਾਤੀ ਦੇ ਆਧਾਰ ‘ਤੇ ਨਹੀਂ ਦੇਖਦਾ, ਇਹ ਉਨ੍ਹਾਂ ਦੀ ਕੁਸ਼ਲਤਾ ਬਾਰੇ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮਾਮਲਿਆਂ ਵਿੱਚ ਦਖ਼ਲ ਦੇਣ ‘ਤੇ ਚੁੱਟਕੀ ਲੈਂਦਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੀਪੀਸੀਸੀ ਨੂੰ ਸਿਰਫ਼ ਤੇ ਸਿਰਫ਼ ਪਾਰਟੀ ਦੇ ਮਾਮਲਿਆਂ ‘ਤੇ ਬੋਲਣਾ ਚਾਹੀਦਾ ਹੈ। ਮੈਂ ਸਿਰਫ਼ ਉਸਦੀ ਸਲਾਹ ਲੈਂਦਾ ਸੀ ਪਰ ਸਰਕਾਰ ਕਿੱਦਾਂ ਚਲਾਉਣੀ ਹੈ ਇਹ ਮੈਂ ਖੁਦ ਦੇਖਦਾ ਸੀ ਪਰ ਹੁਣ ਉਨ੍ਹਾਂ ਕਿਹਾ ਕਿ ਸਿੱਧੂ ਜਿਸ ਤਰ੍ਹਾਂ ਸ਼ਰਤਾਂ ਤੈਅ ਕਰ ਰਹੇ ਹਨ, ਉਸ ‘ਤੇ ਚੰਨੀ ਆਪਣਾ ਸਿਰ ਹਿਲਾ ਰਹੇ ਹਨ। ਉਨ੍ਹਾਂ ਇਸ ਨੂੰ ਪੰਜਾਬ ਲਈ ਦੁਖਦਾਈ ਸਥਿਤੀ ਕਰਾਰ ਦਿੱਤਾ ਅਤੇ ਕਿਹਾ ਕਿ ਸਿੱਧੂ, ਜੋ ਆਪਣਾ ਮੰਤਰਾਲਾ ਨਹੀਂ ਸੰਭਾਲ ਸਕਦੇ, ਕੈਬਨਿਟ ਦਾ ਪ੍ਰਬੰਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਸੁਪਰ ਸੀਐਮ ਵਜੋਂ ਵਿਵਹਾਰ ਕਰਦੇ ਹਨ ਤਾਂ ਪਾਰਟੀ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਇਸ ਡਰਾਮਾ ਮਾਸਟਰ ਦੀ ਅਗਵਾਈ ਵਿੱਚ, ਜੇ ਕਾਂਗਰਸ ਪੰਜਾਬ ਚੋਣਾਂ ਵਿੱਚ ਦੋਹਰੇ ਅੰਕਾਂ ਨੂੰ ਛੂਹਣ ਵਿੱਚ ਕਾਮਯਾਬ ਹੋ ਜਾਵੇ ਤਾਂ ਇਹ ਬਹੁਤ ਵੱਡੀ ਗੱਲ ਹੋਵੇਗੀ।