ਡੀ.ਸੀ. ਵੱਲੋਂ ਲੁਧਿਆਣਾ ‘ਚ 252459 ਲਾਭਪਾਤਰੀਆਂ ਨੂੰ ਵਧਾਈ ਗਈ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੀ ਵੰਡ ਸੁਰੂ
ਨਿਊਜ਼ ਪੰਜਾਬ
ਲੁਧਿਆਣਾ, 31 ਅਗਸਤ – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਲੁਧਿਆਣਾ ਵਿੱਚ ਬੁਢਾਪਾ, ਵਿਧਵਾ, ਬੇਸਹਾਰਾ ਬੱਚਿਆਂ ਅਤੇ ਵਿਸ਼ੇਸ਼ ਤੌਰ ‘ਤੇ ਅਪਾਹਜਾਂ ਸਮੇਤ 2,52,459 ਲਾਭਪਾਤਰੀਆਂ ਨੂੰ 750 ਰੁਪਏ ਤੋਂ 1500 ਰੁਪਏ ਤੱਕ ਦੁੱਗਣੀ ਸਮਾਜਿਕ ਸੁਰੱਖਿਆ ਪੈਨਸ਼ਨ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ।
ਕੁੱਲ 252459 ਯੋਗ ਲਾਭਪਾਤਰੀਆਂ ਵਿੱਚੋਂ, ਲੁਧਿਆਣਾ ਵਿੱਚ ਵਿੱਤੀ ਸਹਾਇਤਾ ਅਧੀਨ 13939 ਲਾਭਪਾਤਰੀ ਬੇਸਹਾਰਾ ਬੱਚੇ ਹਨ, 16335 ਅਪਾਹਜ ਵਿਅਕਤੀ, ਵਿਧਵਾਵਾਂ 54433 ਅਤੇ 167577 ਬੁਢਾਪਾ ਲਾਭਪਾਤਰੀ ਸ਼ਾਮਲ ਹਨ।
ਪੰਜਾਬ ਮੀਡੀਅਮ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ.ਅਮਰਜੀਤ ਸਿੰਘ ਟਿੱਕਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ.ਯਾਦਵਿੰਦਰ ਸਿੰਘ ਜੰਡਿਆਲੀ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਏ.ਡੀ.ਸੀ. ਖੰਨਾ ਸ੍ਰੀ ਸਕਤਰ ਸਿੰਘ, ਸਹਾਇਕ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਦੇ ਨਾਲ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਆਪਣੇ ਮੈਨੀਫੈਸਟੋ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਪ੍ਰਤੀ ਮਹੀਨਾ 1500 ਰੁਪਏ ਪ੍ਰਤੀ ਲਾਭਪਾਤਰੀ ਨੂੰ ਸਮਾਜਿਕ ਸੁਰੱਖਿਆ ਪੈਨਸ਼ਨ ਮੁਹੱਈਆ ਕਰਵਾ ਕੇ ਪੂਰਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਵਧਾਈ ਗਈ ਰਾਸ਼ੀ ਲਾਭਪਾਤਰੀਆਂ ਦੀ ਬਹੁਤ ਮਦਦ ਕਰੇਗੀ।
ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹੇ ਦੇ ਹਰੇਕ ਯੋਗ ਲਾਭਪਾਤਰੀ ਨੂੰ ਪੈਨਸ਼ਨ ਮਿਲੇਗੀ ਅਤੇ ਕੋਈ ਵੀ ਲਾਭਪਾਤਰੀ ਆਪਣੇ ਲਾਭ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਵਧਾਈ ਗਈ ਰਕਮ ਦਾ ਉਦੇਸ਼ ਸਾਰੇ ਲਾਭਪਾਤਰੀਆਂ ਨੂੰ ਮਜ਼ਬੂਤ ਬਣਾਉਣਾ ਹੈ ਕਿਉਂਕਿ ਉਹ ਸਮਾਜ ਦਾ ਅਨਿੱਖੜਵਾਂ ਅੰਗ ਵੀ ਹਨ।
ਉਨ੍ਹਾਂ ਦੁਹਰਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਾਰੇ ਲਾਭਪਾਤਰੀਆਂ ਦੀ ਸਮੁੱਚੀ ਉੱਨਤੀ ਲਈ ਮਾਹੌਲ ਸਿਰਜਣ ਲਈ ਵਚਨਬੱਧ ਹੈ।
ਇਹੀ ਸਮਾਗਮ ਲੁਧਿਆਣਾ ਦੇ 31 ਸਥਾਨਾਂ ‘ਤੇ ਇੱਕੋ ਸਮੇਂ ਆਯੋਜਿਤ ਕੀਤਾ ਗਿਆ, ਜਿੱਥੇ ਕੁੱਲ 5742 ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਰਾਸ਼ੀ ਦਾ ਚੈਕ ਪ੍ਰਾਪਤ ਹੋਇਆ ਹੈ, ਜਦੋਂ ਕਿ ਬਾਕੀ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਲਾਭ ਟ੍ਰਾਂਸਫਰ ਪ੍ਰਣਾਲੀ ਰਾਹੀਂ ਰਾਸ਼ੀ ਵੰਡੀ ਜਾਵੇਗੀ।
ਬੁਢਾਪਾ ਪੈਨਸ਼ਨ ਸਕੀਮ ਦੇ ਦੋ ਲਾਭਪਾਤਰੀ ਅਵਤਾਰ ਸਿੰਘ (74) ਅਤੇ ਪਰਮਜੀਤ ਕੌਰ (72) ਨੇ ਪੰਜਾਬ ਸਰਕਾਰ ਦੀ ਪੈਨਸ਼ਨ ਰਾਸ਼ੀ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਮਹਿੰਗਾਈ ਨਾਲ ਕੁਝ ਹੱਦ ਤੱਕ ਨਜਿੱਠਣ ਵਿੱਚ ਯਕੀਨੀ ਤੌਰ ‘ਤੇ ਮਦਦ ਮਿਲੇਗੀ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਇੰਦਰਪ੍ਰੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।