ਲੁਧਿਆਣਾ ਮਿਲਟਰੀ ਸਟੇਸ਼ਨ ਵਿਖੇ ਮਹਿਲਾ ਸਮਾਨਤਾ ਦਿਵਸ ਮੌਕੇ ਸੈਮੀਨਾਰ ਆਯੋਜਿਤ
ਨਿਊਜ਼ ਪੰਜਾਬ
ਲੁਧਿਆਣਾ, 27 ਅਗਸਤ – ਮਹਿਲਾ ਸਮਾਨਤਾ ਦਿਵਸ ਮੌਕੇ, ਲੁਧਿਆਣਾ ਮਿਲਟਰੀ ਸਟੇਸ਼ਨ ‘ਤੇ ਕੋਵਿਡ-19 ਦੀਆਂ ਸਾਰੀਆਂ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ 26 ਅਗਸਤ 2021 ਨੂੰ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਵਿਸ਼ਾ ‘ਚੁਣੌਤੀ ਚੁਣੋ’ ਸੀ। ਪ੍ਰਸਿੱਧ ਮਨੋਵਿਗਿਆਨੀ ਡਾ. ਹਰਪ੍ਰੀਤ ਸਿੰਘ ਵੱਲੋਂ ਸਟੇਸ਼ਨ ਦੀਆਂ ਔਰਤਾਂ ਲਈ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਨੇ ‘ਚੁਣੌਤੀ’ ਸ਼ਬਦ ‘ਤੇ ਜ਼ੋਰ ਦਿੱਤਾ ਅਤੇ ਸਮਝਾਇਆ ਕਿ ਸਕਾਰਾਤਮਕ ਇੱਛਾ ਸ਼ਕਤੀ ਅਤੇ ਇਰਾਦੇ ਨਾਲ, ਅੱਜ ਦੀਆਂ ਔਰਤਾਂ ਉਹ ਸਭ ਕੁਝ ਪ੍ਰਾਪਤ ਕਰ ਸਕਦੀਆਂ ਹਨ ਜਿਨ੍ਹਾਂ ਦੀ ਘਾਟ ਉਹਨਾਂ ਨੂੰ ਅਗੇ ਵੱਧਣ ਤੋਂ ਰੋਕਦੀ ਹੈ।
ਮਰਦ ਸਮਾਜ ਦੀ ਮਾਨਸਿਕਤਾ ਦੀਆਂ ਰੁਕਾਵਟਾਂ ਨੂੰ ਤੋੜਦੇ ਹੋਏ, ਫੌਜ ਵਿੱਚ ਔਰਤਾਂ ਲੰਮੇ ਸਮੇਂ ਤੋਂ ਫੌਜ ਦੇ ਸਭਿਆਚਾਰ ਅਤੇ ਸਦਾਚਾਰ ਪ੍ਰਤੀ ਯੋਗਦਾਨ ਦੇਣ ਵਾਲੀ ਸ਼ਕਤੀ ਰਹੀਆਂ ਹਨ. ਉਹ ਫੌਜੀ ਪਰਿਵਾਰ ਦਾ ਅਟੁੱਟ ਅੰਗ ਹਨਂ. ਉਹ ਫੌਜੀ ਪੇਸ਼ੇ ਵਿੱਚ ਆਪਣੇ ਸਾਂਝੇ ਤਜ਼ਰਬਿਆਂ, ਕਦਰਾਂ ਕੀਮਤਾਂ ਅਤੇ ਭਾਵਨਾਵਾਂ ਨੂੰ ਅਸਿੱਧੇ ਰੂਪ ਵਿੱਚ ਸਾਂਝਾ ਕਰਦੀਆਂ ਹਨ। ਮਿਲਟਰੀ ਜੀਵਨਸਾਥੀ ਮਿਸ਼ਨ ਦਾ ਉਦੇਸ਼ ਉਨ੍ਹਾਂ ਪਤਨੀਆਂ ਦਾ ਸਨਮਾਨ, ਸਮਰਥਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ ਜੋ ਘਰ ਦੀ ਦੇਖਭਾਲ ਕਰਦੀਆਂ ਹਨ ਕਿਉਂਕਿ ਉਨ੍ਹਾਂ ਦੇ ਪਿਆਰੇ ਸਾਡੀ ਆਜ਼ਾਦੀ ਦੀ ਰਾਖੀ ਕਰਦੇ ਹਨ।
ਸਮਾਗਮ ਦੌਰਾਨ ਮਹਿਲਾ ਸੈਨਿਕਾਂ ਨੇ ਕੰਮ ਕਰਨ ਦੇ ਆਪਣੇ ਤਜ਼ਰਬੇ ਅਤੇ ਕੰਮ ਅਤੇ ਘਰ ਦੀਆਂ ਦੋਹਰੀਆਂ ਜ਼ਿੰਮੇਵਾਰੀਆਂ ਨਾਲ ਦਰਪੇਸ਼ ਚੁਣੌਤੀਆਂ ਨੂੰ ਸਾਂਝਾ ਕੀਤਾ। ਇਸ ਮੌਕੇ ਫੌਜੀ ਪਰਿਵਾਰਾਂ ਦੀਆਂ ਉਨ੍ਹਾਂ ਔਰਤਾਂ, ਜਿਨ੍ਹਾਂ ਨੇ ਸਮਾਜ ਵਿੱਚ ਯੋਗਦਾਨ ਪਾਇਆ ਪਰ ਅਣਸੁਣੀਆਂ ਰਹੀਆਂ, ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੁਆਰਾ ਦਿਖਾਈ ਗਈ ਅਦਭੁਤ ਸਮਰਪਣ ਭਾਵਨਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।
ਅੱਜ ਦੇ ਦੌਰ ਵਿੱਚ ਔਰਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਜੀਵਨ ਦੇ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਹਨ। ਮਹਿਲਾ ਸਮਾਨਤਾ ਦਿਵਸ ਰਾਸ਼ਟਰ ਨਿਰਮਾਣ ਵਿੱਚ ਔਰਤਾਂ ਦੇ ਯੋਗਦਾਨ ਦਾ ਪ੍ਰਤੀਕ ਹੈ।