ਡੀ.ਸੀ. ਵੱਲੋਂ ਐਨ.ਸੀ.ਐਲ.ਪੀ. ਸਕੂਲ ਦੀ ਵਿਦਿਆਰਥਣ ਨੂੰ ਇਸ਼ਮੀਤ ਸਿੰਘ ਸੰਗੀਤ ਅਕੈਡਮੀ ‘ਚ ਕਰਵਾਇਆ ਦਾਖ਼ਲ

ਨਿਊਜ਼ ਪੰਜਾਬ 

ਲੁਧਿਆਣਾ, 18 ਅਗਸਤ  – ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀ.ਏ.ਸੀ.) ਵਿਖੇ ਰੱਖੜੀ ਮੇਲੇ ਦੌਰਾਨ ਰਾਸ਼ਟਰੀ ਬਾਲ ਮਜ਼ਦੂਰੀ ਪ੍ਰੋਜੈਕਟ (ਐਨ.ਸੀ.ਐਲ.ਪੀ.) ਸਕੂਲ ਦੀ ਵਿਦਿਆਰਥਣ 7 ਸਾਲਾ ਰਾਸ਼ੀ ਦੁਆਰਾ ਗਾਏ ਗਏ ਗਾਣੇ ਤੋਂ ਪ੍ਰਭਾਵਿਤ ਹੋ ਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਉਸਦੀ ਪ੍ਰਤਿਭਾ ਨੂੰ ਨਿਖਾਰਣ ਲਈ ਇਸ਼ਮੀਤ ਸਿੰਘ ਸੰਗੀਤ ਅਕੈਡਮੀ ਵਿਖੇ ਦਾਖਲ ਕਰਵਾਇਆ।

ਡੀ.ਏ.ਸੀ. ਵਿਖੇ ਐਨ.ਜੀ.ਓ. ਭਗਵਾਨ ਮਹਾਂਵੀਰ ਸੇਵਾ ਸੰਸਥਾਨ ਦੁਆਰਾ ਚਲਾਏ ਜਾ ਰਹੇ ਐਨ.ਸੀ.ਐਲ.ਪੀ. ਸਕੂਲ ਦੇ ਵਿਦਿਆਰਥੀਆਂ ਦੁਆਰਾ ਆਯੋਜਿਤ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ, ਡਿਪਟੀ ਕਮਿਸ਼ਨਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਅਤੇ ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਹਰਜਿੰਦਰ ਸਿੰਘ ਬੇਦੀ ਦੇ ਨਾਲ ਰਾਸ਼ੀ ਦੁਆਰਾ ਗਾਏ ਪੰਜਾਬੀ ਗਾਣੇ ਨੂੰ ਸੁਣਨ ਤੋਂ ਤੁਰੰਤ ਬਾਅਦ ਇਸ਼ਮੀਤ ਅਕੈਡਮੀ ਦੇ ਪ੍ਰਬੰਧਕਾਂ ਨੂੰ ਫੋਨ ਕੀਤਾ ਗਿਆ।

ਸ੍ਰੀ ਸ਼ਰਮਾ ਵੱਲੋਂ ਅਕੈਡਮੀ ਨੂੰ ਰਾਸ਼ੀ ਲਈ ਸਰਬੋਤਮ ਕੋਚਿੰਗ ਦੇਣ ਲਈ ਕਿਹਾ ਕਿਉਂਕਿ ਉਸ ਕੋਲ ਗਾਉਣ ਦੀ ਵਿਸ਼ੇਸ਼ ਪ੍ਰਤਿਭਾ ਹੈ ਜਿਸ ਨੂੰ ਤਰਾਸ਼ਣ ਦੀ ਲੋੜ ਹੈ। ਉਨ੍ਹਾਂ ਲੜਕੀ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਜਲਦ ਹੀ ਸਕੂਲ ਦਾ ਦੌਰਾ ਵੀ ਕਰਨਗੇ।

ਡਿਪਟੀ ਕਮਿਸ਼ਨਰ ਨੇ ਰੱਖੜੀ ਮੇਲੇ ਦੌਰਾਨ ਸਟਾਲਾਂ ਦਾ ਦੌਰਾ ਕੀਤਾ ਅਤੇ ਸਜਾਵਟੀ ਰੱਖੜੀਆਂ ਬਣਾਉਣ ਵਿੱਚ ਐਨ.ਸੀ.ਐਲ.ਪੀ. ਵਿਦਿਆਰਥੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਐਨ.ਸੀ.ਐਲ.ਪੀ. ਅਧੀਨ ਸਕੂਲਾਂ ਦਾ ਮੁੱਖ ਮੰਤਵ ਬਾਲ ਮਜ਼ਦਰਾਂ ਦਾ ਮੁੜ ਵਸੇਬਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਪਹਿਲੀ ਨਜ਼ਰ ਵਿੱਚ ਖਤਰਨਾਕ ਕਿੱਤਿਆਂ ਅਤੇ ਪ੍ਰਕਿਰਿਆਵਾਂ ਵਿੱਚ ਕੰਮ ਕਰਨ ਵਾਲੇ ਬੱਚਿਆਂ ਦੇ ਮੁੜ ਵਸੇਬੇ ‘ਤੇ ਧਿਆਨ ਕੇਂਦਰਤ ਕਰਦੇ ਹੋਏ ਇੱਕ ਪ੍ਰਗਤੀਸ਼ੀਲ ਪਹੁੰਚ ਅਪਣਾਉਣ ਦੀ ਕੋਸ਼ਿਸ਼ ਕਰਦੀ ਹੈ।

ਉਨ੍ਹਾਂ ਕਿਹਾ ਕਿ ਖਤਰਨਾਕ ਕਿੱਤਿਆਂ ਦੇ ਬੱਚਿਆਂ ਨੂੰ ਇਨ੍ਹਾਂ ਕਿੱਤਿਆਂ ਤੋਂ ਵਾਪਸ ਮੋੜਿਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਨੂੰ ਰਸਮੀ ਸਕੂਲਿੰਗ ਪ੍ਰਣਾਲੀ ਵਿੱਚ ਯੋਗ ਬਣਾਉਣ ਅਤੇ ਮੁੱਖ ਧਾਰਾ ਵਿੱਚ ਲਿਆਉਣ ਲਈ ਵਿਸ਼ੇਸ਼ ਸਕੂਲਾਂ ਵਿੱਚ ਦਾਖਲ ਕੀਤਾ ਜਾਂਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਿਦਿਆਰਥੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਕਿਹਾ ਕਿ ਇਹ ਉਨ੍ਹਾਂ ਲਈ ਵਧੀਆ ਸਿੱਖਿਆ ਅਤੇ ਹੁਨਰ ਸਿਖਲਾਈ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ।

ਇਸ ਮੌਕੇ ਮੁੱਖ ਸਖ਼ਸ਼ੀਅਤਾਂ ਵਿੱਚ ਡਾ. ਸੁਰਜੀਤ ਸਿੰਘ ਅਤੇ ਹੋਰ ਸ਼ਾਮਲ ਸਨ।