ਲੁਧਿਆਣਾ ‘ਚ ਹਰਿਆਵਲ ਦੇ ਵਾਧੇ ਲਈ ਪੌਦੇ ਲਗਾਉਣਾ ਸਮੇਂ ਦੀ ਲੋੜ

ਨਿਊਜ਼ ਪੰਜਾਬ 

ਲੁਧਿਆਣਾ, 18 ਅਗਸਤ  – ਜ਼ਿਲ੍ਹੇ ਵਿੱਚ ਹਰਿਆਲੀ ਵਧਾਉਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰੀ ਕਾਲਜ (ਲੜਕੀਆਂ) ਵਿਖੇ ਪੌਦੇ ਲਗਾਉਣ ਦੀ ਇੱਕ ਹੋਰ ਮੁਹਿੰਮ ਸ਼ੁਰੂ ਕੀਤੀ।

ਡਿਪਟੀ ਕਮਿਸ਼ਨਰ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਹਰਜਿੰਦਰ ਸਿੰਘ ਬੇਦੀ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਕਿਹਾ ਕਿ ਸਾਫ਼ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ }ਰੂਰੀ ਹੈ ਕਿਉਂਕਿ ਰੁੱਖ ਆਕਸੀਜਨ ਦਾ ਇੱਕੋ ਇੱਕ ਸਰੋਤ ਹਨ, ਜੋ ਕਿ ਧਰਤੀ ਉੱਤੇ ਮਨੁੱਖੀ ਜੀਵਨ ਦਾ ਆਧਾਰ ਹੈ।

ਉਨ੍ਹਾਂ ਕਿਹਾ ਕਿ ਰਵਾਇਤੀ ਕਿਸਮਾਂ ਦੇ ਪੌਦੇ ਲਗਾਉਣ ‘ਤੇ ਮੁੱਖ ਧਿਆਨ ਦਿੱਤਾ ਜਾ ਰਿਹਾ ਹੈ ਜੋ ਕਿ ਸੂਬੇ ਦੇ ਵਾਤਾਵਰਣ ਲਈ ਸਭ ਤੋਂ ਢੁੱਕਵੇਂ ਹਨ।

ਜ਼ਿਲੇ ਦੇ ਵਸਨੀਕਾਂ ਨੂੰ ਇਸ ਨੂੰ ਸਾਫ਼, ਹਰਾ ਅਤੇ ਪ੍ਰਦੂਸ਼ਣ ਰਹਿਤ ਜ਼ਿਲ੍ਹਾ ਬਣਾਉਣ ਲਈ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬੂਟੇ ਲਗਾਉਣ ਦੀਆਂ ਗਤੀਵਿਧੀਆਂ ਸਭ ਤੋਂ ਵੱਧ ਮਹੱਤਵਪੂਰਨ ਹਨ ਕਿਉਂਕਿ ਹਰਿਆਵਲ ਦਾ ਘਟਣਾ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਹੈ।

ਸ੍ਰੀ ਸ਼ਰਮਾ ਨੇ ਕਿਹਾ ਕਿ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਸਾਡੇ ਜ਼ਿਲ੍ਹੇ ਨੂੰ ਹਰਾ-ਭਰਾ ਬਣਾਉਣ ਲਈ ਅੱਗੇ ਆਵੇ ਅਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਇਸ ਨੇਕ ਕਾਰਜ ਵਿੱਚ ਲੋਕਾਂ ਦੇ ਪੂਰਨ ਸਹਿਯੋਗ ਦੀ ਅਪੀਲ ਕਰਦਿਆਂ, ਉਨ੍ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਉਨ੍ਹਾਂ ਨੂੰ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੱਦਾ ਵੀ ਦਿੱਤਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਚਨਬੱਧਤਾ ਅਨੁਸਾਰ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।