ਟਿਫ਼ਨ ਬੰਬ, ਹੈਂਡ ਗਰੇਨੇਡ ਮਿਲਣ ਨਾਲ ਪੰਜਾਬ ਵਿੱਚ ਹਾਈ ਅਲਰਟ – ਡੀ.ਜੀ.ਪੀ. ਨੇ ਪੁਲਿਸ ਨੂੰ ਸੁਚੇਤ ਕੀਤਾ , ਸ਼ੱਕੀ ਚੀਜ਼ ਮਿਲਣ ’ਤੇ 112 ਜਾਂ 181 ’ਤੇ ਕਾਲ ਕਰਨ ਲਈ ਕਿਹਾ

ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ

ਚੰਡੀਗੜ/ਅੰਮ੍ਰਿਤਸਰ , 9 ਅਗਸਤ: ਅੰਮ੍ਰਿਤਸਰ ਦੇ ਪਿੰਡ ਡਾਲੇਕੇ, ਲੋਪੋਕੇ ਤੋਂ ਟਿਫ਼ਨ ਬਾਕਸ ਜਿਸਨੂੰ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਵਜੋਂ ਤਿਆਰ ਕੀਤਾ ਗਿਆ ਸੀ ਜਾਂ ਟਿਫਿਨ ਬੰਬ ਤੋਂ ਇਲਾਵਾ ਪੰਜ ਹੈਂਡ ਗ੍ਰਨੇਡ ਅਤੇ 9 ਐਮਐਮ ਪਿਸਤੌਲ ਦੇ 100 ਰੌਂਦ ਬਰਾਮਦ ਹੋਣ ਤੋਂ ਬਾਅਦ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਸੋਮਵਾਰ ਨੂੰ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾਲੇਕੇ, ਬਚੀਵਿੰਡ ਅਤੇ ਸਹੋਹਰਾ ਪਿੰਡਾਂ ਦੇ ਖੇਤਰ ਵਿੱਚ ਡਰੋਨ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਐਸਐਸਪੀ ਅੰਮ੍ਰਿਤਸਰ ਦਿਹਾਤੀ ਗੁਲਨੀਤ ਸਿੰਘ ਦੀ ਅਗਵਾਈ ਵਿੱਚ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਇਨਾਂ ਪਿੰਡਾਂ ਦੇ ਦੁਆਲੇ ਇੱਕ ਵੱਡੀ ਤਲਾਸ਼ੀ ਮੁਹਿੰਮ ਚਲਾਈ ਗਈ।

ਉਨਾਂ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਦੀ ਟੀਮ ਵੱਲੋਂ ਬੱਚਿਆਂ ਦਾ ਟਿਫ਼ਨ ਜਿਸ ਉੱਤੇ ’ਮਿਨੀਅਨਜ਼’ ਕਾਰਟੂਨ ਦੀ ਤਸਵੀਰ ਬਣੀ ਹੋਈ ਸੀ ਅਤੇ ਹੋਰ ਗੋਲਾ ਬਾਰੂਦ ਬਰਾਮ ਕੀਤਾ ਗਿਆ ਜਿਨਾਂ ਨੂੰ ਬੜੀ ਬਾਰੀਕੀ ਅਤੇ ਧਿਆਨ ਨਾਲ ਪੈਕ ਕਰਕੇ ਰੱਖਿਆ ਗਿਆ ਸੀ।ਉਨਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਇਹ ਬੈਗ ਸਰਹੱਦ ਪਾਰੋਂ ਆਏ ਡਰੋਨ ਰਾਹੀਂ ਪਹੁੰਚਾਇਆ ਗਿਆ ਸੀ।

ਡੀਜੀਪੀ ਨੇ ਕਿਹਾ ਕਿ ਪੁਲਿਸ ਦੀਆਂ ਟੀਮਾਂ ਨੇ ਬੈਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਫਿਰ ਨੈਸ਼ਨਲ ਸਕਿਉਰਿਟੀ ਗਾਰਡਜ਼ (ਐਨਐਸਜੀ) ਦੀ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ, ਜਿਸ ਨੇ ਟਿਫਿਨ ਬਾਕਸ, ਜਿਸ ਨੂੰ ਇੱਕ ਬੰਬ ਵਜੋਂ ਤਿਆਰ ਕੀਤਾ ਗਿਆ ਸੀ, ਵਿੱਚ 2-3 ਕਿਲੋਗ੍ਰਾਮ ਆਰ.ਡੀ.ਐਕਸ. ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ।

        ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਆਰ.ਡੀ.ਐਕਸ. ਨੂੰ ਟਿਫਿਨ ਬਾਕਸ ਵਿੱਚ ਇੰਨੇ ਆਧੁਨਿਕ ਢੰਗ ਨਾਲ ਰੱਖਿਆ ਗਿਆ ਸੀ ਕਿ ਇਸ ਵਿੱਚ ਕਾਰਜਸ਼ੀਲਤਾ ਲਈ ਸਵਿਚ, ਚੁੰਬਕ ਅਤੇ ਸਪਰਿੰਗ ਸਮੇਤ ਤਿੰਨ ਵੱਖ ਵੱਖ ਪੁਰਜ਼ੇ ਲਗਾਏ ਗਏ ਸਨ। ਉਨਾਂ ਅੱਗੇ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

ਡੀਜੀਪੀ ਨੇ ਕਿਹਾ ਕਿ ਰਾਜ ਭਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਨਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਉਹ ਹਰ ਸਮੇਂ ਸੁਚੇਤ ਰਹਿਣ ਅਤੇ ਜੇਕਰ ਉਨਾਂ ਨੂੰ ਰੇਲ ਗੱਡੀਆਂ, ਬੱਸਾਂ ਜਾਂ ਰੈਸਟੋਰੈਂਟਾਂ ਸਮੇਤ ਕਿਤੇ ਵੀ ਕੋਈ ਵੀ ਸ਼ੱਕੀ ਚੀਜ਼ ਜਾਂ ਲਾਵਾਰਿਸ ਵਸਤੂ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ  ਇਤਲਾਹ ਦੇਣ। ਲੋਕ ਹੈਲਪਲਾਈਨ ਨੰਬਰ 112 ਜਾਂ 181 ’ਤੇ ਸੰਪਰਕ ਕਰ ਸਕਦੇ ਹਨ।

  ਇਸ ਸਬੰਧ ਵਿੱਚ ਆਰਮਜ ਐਕਟ ਦੀ ਧਾਰਾ 25/27/54/59, ਵਿਸਫੋਟਕ ਪਦਾਰਥ ਐਕਟ ਦੀ ਧਾਰਾ 3/4/5 ਅਧੀਨ ਮਿਤੀ 8 ਅਗਸਤ, 2021 ਨੂੰ ਐਫਆਈਆਰ ਨੰ. 208, ਲੋਪੋਕੇ ਪੁਲਿਸ ਸਟੇਸ਼ਨ ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ।