ਲੋਕਪਾਲ ਪੰਜਾਬ ਨੇ ਨੌਵੇਂ ਸਿੱਖ ਗੁਰੂ ਸਾਹਿਬ ਦੇ 400 ਸਾਲਾਂ ਨੂੰ ਸਮਰਪਿਤ “ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਅਧਿਆਤਮਕ ਯਾਤਰਾ” ਨੂੰ ਦਰਸਾਉਂਦੀ ਕਾਫ਼ੀ ਟੇਬਲ ਬੁੱਕ ਕੀਤੀ ਲੋਕ ਅਰਪਣ
ਨਿਊਜ਼ ਪੰਜਾਬ
ਚੰਡੀਗੜ੍ਹ, 3 ਅਗਸਤ:
ਪੰਜਾਬ ਦੇ ਲੋਕਪਾਲ ਜਸਟਿਸ ਵਿਨੋਦ ਕੇ. ਸ਼ਰਮਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਐਡਵੋਕੇਟ ਹਰਪ੍ਰੀਤ ਸੰਧੂ ਵੱਲੋਂ ਲਿਖੀ ਕਾਫ਼ੀ ਟੇਬਲ ਬੁੱਕ ਲੋਕ ਅਰਪਣ ਕੀਤੀ ਜਿਸ ਵਿੱਚ “ਗੁਰੂ ਤੇਗ਼ ਬਹਾਦਰ ਸਾਹਿਬ ਦੀ ਅਧਿਆਤਮਕ ਯਾਤਰਾ” ਨੂੰ ਦਰਸਾਇਆ ਗਿਆ ਹੈ। ਇਸ ਮੌਕੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਲੋਕਪਾਲ (ਪੰਜਾਬ) ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ, ਆਈਪੀਐਸ ਅਤੇ ਰਜਿਸਟਰਾਰ ਲੋਕਪਾਲ ਮੌਜੂਦ ਸਨ।
ਜਸਟਿਸ ਵਿਨੋਦ ਕੇ. ਸ਼ਰਮਾ ਨੇ ਐਡਵੋਕੇਟ ਹਰਪ੍ਰੀਤ ਸੰਧੂ ਵੱਲੋਂ ਕੀਤੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਇਹ ਕਾਫ਼ੀ ਟੇਬਲ ਬੁੱਕ ਬਹੁਤ ਦਿਲਚਸਪ ਹੈ ਕਿਉਂਕਿ ਇਹ ਕਿਤਾਬ ਨੌਵੇਂ ਸਿੱਖ ਗੁਰੂ ਸਾਹਿਬ ਦੀ ਪਵਿੱਤਰ ਜੀਵਨ ਯਾਤਰਾ ਨਾਲ ਸੰਬੰਧਤ ਇਤਿਹਾਸਕ ਅਸਥਾਨਾਂ ਨੂੰ ਉਜਾਗਰ ਕਰਦੀ ਹੈ। ਨੌਵੇਂ ਗੁਰੂ ਸਾਹਿਬ ਨੂੰ “ਹਿੰਦ ਦੀ ਚਾਦਰ” ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਜੋ ਉਹਨਾਂ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦੇ ਚੱਲ ਰਹੇ 400 ਸਾਲਾ ਸਮਾਗਮਾਂ ਦੇ ਮੱਦੇਨਜ਼ਰ ਇਸ ਕਾਫ਼ੀ ਟੇਬਲ ਬੁੱਕ ਨੂੰ ਲਾਂਚ ਕਰਨ ਦੀ ਸਾਰਥਕਤਾ ਅਤੇ ਸਮਾਂ ਸਭ ਤੋਂ ਢੁੱਕਵਾਂ ਹੈ।
ਜਸਟਿਸ ਵਿਨੋਦ ਕੇ. ਸ਼ਰਮਾ ਨੇ ਕਿਹਾ ਕਿ ਇਸ ਕਾਫ਼ੀ ਟੇਬਲ ਬੁੱਕ ਰਾਹੀਂ ਵਿਸ਼ਵਵਿਆਪੀ ਭਾਈਚਾਰੇ ਅਤੇ ਸਚਾਈ ਦੇ ਸੰਦੇਸ਼ ਦੇ ਪ੍ਰਸਾਰ ਪ੍ਰਤੀ ਲੇਖਕ ਹਰਪ੍ਰੀਤ ਸੰਧੂ ਦੀ ਵਚਨਬੱਧਤਾ ਅਤੇ ਸਮਰਪਣ ਉਜਾਗਰ ਹੁੰਦਾ ਹੈ। ਉਹਨਾਂ ਅੱਗੇ ਕਿਹਾ ਕਿ ਇਹ ਕਾਫ਼ੀ ਟੇਬਲ ਬੁੱਕ ਦਿਲੋਂ ਪ੍ਰਸ਼ੰਸਾ ਦੀ ਹੱਕਦਾਰ ਹੈ ਕਿਉਂਜੋ ਇਹ ਪੰਜਾਬ ਦੇ ਲੋਕਾਂ ਦਰਮਿਆਨ ਕੁਰਬਾਨੀ ਅਤੇ ਚੰਗੇ ਵਿਵਹਾਰ ਦੀ ਭਾਵਨਾ ਪੈਦਾ ਕਰੇਗੀ। ਏਡੀਜੀਪੀ ਲੋਕਪਾਲ, ਸ਼ਸ਼ੀ ਪ੍ਰਭਾ ਦਿਵੇਦੀ, ਆਈਪੀਐਸ ਨੇ ਹਰਪ੍ਰੀਤ ਸੰਧੂ ਨੂੰ ਇਸ ਕਾਫ਼ੀ ਟੇਬਲ ਬੁੱਕ ਲਈ ਵਧਾਈ ਦਿੱਤੀ ਜਿਸ ਵਿੱਚ ਨੌਵੇਂ ਸਿੱਖ ਗੁਰੂ ਜੀ ਦੇ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨਾਂ ਦੀਆਂ ਰੰਗੀਨ ਤਸਵੀਰਾਂ ਹਨ।