40 ਸਾਲਾਂ ਬਾਅਦ ਓਲੰਪਿਕ ਚ ਭਾਰਤੀ ਹਾਕੀ ਤਗਮੇ ਦੇ ਬਿਲਕੁਲ ਨਜ਼ਦੀਕ – ਸੇਮੀਫ਼ਾਈਨਲ ਜਿੱਤਿਆ

ਟੋਕੀਓ, 1 ਅਗਸਤ

ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਅੱਜ ਇਥੇ ਟੋਕੀਓ ਓਲੰਪਿਕ ਖੇਡਾਂ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾਉਂਦਿਆਂ 49 ਸਾਲ ਬਾਅਦ ਓਲੰਪਿਕ ਖੇਡਾਂ ਦੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤ ਹੁਣ ਮੰਗਲਵਾਰ ਨੂੰ ਪਹਿਲੇ ਸੈਮੀ ਫਾਈਨਲ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਬੈਲਜੀਅਮ ਨਾਲ ਖੇਡੇਗਾ ਜਦੋਂਕਿ ਦੂਜੇ ਸੈਮੀ ਫਾਈਨਲ ਵਿਚ ਆਸਟਰੇਲੀਆ ਦਾ ਮੁਕਾਬਲਾ ਜਰਮਨੀ ਨਾਲ ਹੋਵੇਗਾ। ਇਸ ਤੋਂ ਪਹਿਲਾਂ ਭਾਰਤ 1972 ਦੀਆਂ ਮਿਊਨਿਖ ਖੇਡਾਂ ਵਿੱਚ ਹਾਕੀ ਮੁਕਾਬਲਿਆਂ ਦੇ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਸਫ਼ਲ ਰਿਹਾ ਸੀ। ਹਾਲਾਂਕਿ ਅੱਠ ਸਾਲਾਂ ਮਗਰੋਂ 1980 ਦੀਆਂ ਮਾਸਕੋ ਖੇਡਾਂ ਦੌਰਾਨ ਭਾਰਤ ਨੇ ਹਾਕੀ ਵਿੱਚ ਸੋਨ ਤਗ਼ਮਾ ਜਿੱਤਿਆ ਸੀ, ਪਰ ਉਦੋਂ ਮੁਕਾਬਲਿਆਂ ਵਿੱਚ ਸਿਰਫ਼ ਛੇ ਟੀਮਾਂ ਹੋਣ ਕਰਕੇ ਸੈਮੀ ਫਾਈਨਲ ਮੁਕਾਬਲੇ ਨਹੀਂ ਖੇਡੇ ਗਏ ਸਨ। ਰਾਊਂਡ ਰੋਬਿਨ ਆਧਾਰ ’ਤੇ ਸਿਖਰਲੀਆਂ ਦੋ ਟੀਮਾਂ ਵਿਚਾਲੇ ਸੋਨ ਤਗ਼ਮੇ ਲਈ ਮੁਕਾਬਲੇ ਖੇਡੇ ਗਏ ਸਨ। ਕੁਆਰਟਰ ਫਾਈਨਲ ਮੁਕਾਬਲੇ ਦੌਰਾਨ ਦਿਲਪ੍ਰੀਤ ਸਿੰਘ (7ਵੇਂ), ਗੁਰਜੰਟ ਸਿੰਘ (16ਵੇਂ) ਤੇ ਹਾਰਦਿਕ ਸਿੰਘ (57ਵੇਂ ਮਿੰਟ) ਨੇ ਗੋਲ ਕੀਤੇ। ਬ੍ਰਿਟੇਨ ਲਈ ਇਕੋ ਇਕ ਗੋਲ ਸੈਮੁਅਲ ਇਆਨ ਵਾਰਡ ਨੇ ਖੇਡ ਦੇ ਤੀਜੇ ਕੁਆਰਟਰ ਵਿੱਚ ਐਨ ਆਖਰੀ ਪਲਾਂ ਵਿਚ ਕੀਤਾ।

ਇਸ ਤੋਂ ਪਹਿਲਾਂ ਭਾਰਤ ਨੇ ਅੱਜ ਮੈਚ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਰਵੱਈਆ ਅਖ਼ਤਿਆਰ ਕੀਤਾ, ਪਰ ਬਰਤਾਨਵੀ ਟੀਮ ਦੇ ਡਿਫੈਂਸ ਨੇ ਪਹਿਲੇ ਮਿੰਟ ਵਿੱਚ ਹੀ ਆਪਣੇ ਸਰਕਲ ਵਿੱਚ ਅਫ਼ਰਾ-ਤਫ਼ਰੀ ਦੇ ਬਾਵਜੂਦ ਗੋਲ ਬਚਾਅ ਲਿਆ। ਇਸ ਤੋਂ ਫੌਰੀ ਮਗਰੋਂ ਬ੍ਰਿਟੇਨ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਦਾ ਭਾਰਤੀ ਟੀਮ ਨੇ ਬਾਖੂਬੀ ਬਚਾਅ ਕੀਤਾ। ਦਿਲਪ੍ਰੀਤ ਨੇ ਸੱਤਵੇਂ ਮਿੰਟ ਵਿੱਚ ਬ੍ਰਿਟਿਸ਼ ਟੀਮ ਦੇ ਡਿਫੈਂਸ ਦੀ ਗ਼ਲਤੀ ਦਾ ਲਾਹਾ ਲੈਂਦਿਆਂ ਫੱਟਾ ਖੜਕਾ ਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਦੂਜੇ ਕੁਆਰਟਰ ਵਿੱਚ ਗੁਰਜੰਟ ਸਿੰਘ ਨੇ ਹਾਰਦਿਕ ਵਲੋਂ ਦਿੱਤੇ ਪਾਸ ਨੂੰ ਗੋਲ ਵਿੱਚ ਤਬਦੀਲ ਕਰਕੇ ਸਕੋਰ ਲਾਈਨ ਨੂੰ 2-0 ਕਰ ਦਿੱਤਾ। ਭਾਰਤ ਹਾਫ ਟਾਈਮ ਤੱਕ 2-0 ਨਾਲ ਅੱਗੇ ਰਿਹਾ। ਤੀਜੇ ਕੁਆਰਟਰ ਵਿੱਚ ਭਾਰਤੀ ਗੋਲਕੀਪਰ ਸ੍ਰੀਜੇਸ਼ ਕਈ ਬਰਤਾਨਵੀ ਹੱਲਿਆਂ ਨੂੰ ਨਾਕਾਮ ਬਣਾਉਣ ਵਿੱਚ ਸਫ਼ਲ ਰਿਹਾ, ਪਰ ਬ੍ਰਿਟਿਸ਼ ਟੀਮ ਇਸ ਕੁਆਰਟਰ ਦੇ ਆਖਰੀ ਮਿੰਟ ਵਿੱਚ ਚਾਰ ਪੈਨਲਟੀ ਕਾਰਨਰ ਹਾਸਲ ਕਰਨ ਵਿੱਚ ਸਫ਼ਲ ਰਹੀ। ਇਨ੍ਹਾਂ ਵਿੱਚੋਂ ਚੌਥੇ ਨੂੰ ਬਰਤਾਨਵੀ ਖਿਡਾਰੀ ਸੈਮੁਅਲ ਵਾਰਡ ਗੋਲ ਵਿੱਚ ਤਬਦੀਲ ਕਰਨ ਵਿੱਚ ਸਫ਼ਲ ਰਿਹਾ। ਮਨਪ੍ਰੀਤ ਸਿੰਘ ਨੂੰ 54ਵੇਂ ਮਿੰਟ ਵਿੱਚ ਪੀਲਾ ਕਾਰਡ ਮਿਲਿਆ ਤੇ ਉਹ ਮੈਦਾਨ ’ਚੋਂ ਬਾਹਰ ਹੋ ਗਿਆ। ਮਨਪ੍ਰੀਤ ਨੂੰ ਮੈਚ ਦੌਰਾਨ ਮਾਸਪੇਸ਼ੀਆਂ ’ਚ ਖਿਚਾਅ ਨਾਲ ਵੀ ਜੂਝਣਾ ਪਿਆ, ਪਰ ਉਹ ਮੈਦਾਨ ਵਿੱਚ ਡਟਿਆ ਰਿਹਾ। ਭਾਰਤ ਲਈ ਤੀਜਾ ਤੇ ਆਖਰੀ ਗੋਲ ਹਾਰਦਿਕ ਸਿੰਘ ਨੇ ਮੈਚ ਦੇ ਆਖਰੀ ਪਲਾਂ ਵਿੱਚ ਕੀਤਾ।