ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ, ਪੰਜਾਬ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਵਾਈਰੋਲੋਜੀ ਨਾਲ ਸਮਝੌਤਾ ਸਹੀਬੱਧ

ਨਿਊਜ਼ ਪੰਜਾਬ 
ਚੰਡੀਗੜ੍ਹ, 26 ਜੁਲਾਈ :
ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਅੱਜ ਇੱਥੇ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਦੇਸ਼ ਦੀ ਮਾਣਮੱਤੀ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ਼ ਵਾਈਰੋਲੋਜੀ (ਐਨ.ਆਈ.ਵੀ.), ਪੁਣੇ ਨਾਲ ਮੈਮੋਰੰਡਮ ਆਫ਼ ਅੰਡਰਸਟੈਂਡਿੰਗ ਨੂੰ ਸਹੀਬੱਧ ਕੀਤਾ ਗਿਆ। ਇਸ ਸਮਝੌਤੇ ‘ਤੇ ਡਾਕਟਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਸੁਜਾਤਾ ਸ਼ਰਮਾ ਅਤੇ ਐਨ.ਆਈ.ਵੀ., ਪੁਣੇ ਦੇ ਡਾਇਰੈਕਟਰ ਡਾ. ਪਿ੍ਰਯਾ ਅਬਰਾਹਮ ਵੱਲੋਂ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ, ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਲੋਕ ਸ਼ੇਖਰ ਦੀ ਹਾਜ਼ਰੀ ਵਿੱਚ ਹਸਤਾਖਰ ਕੀਤੇ ਗਏ।
ਇਸ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਬੀਤੇ ਵਰ੍ਹੇ ਕਰੋਨਾ ਸ਼ੁਰੂ ਹੋਣ ‘ਤੇ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ (ਪਟਿਆਲਾ, ਅੰਮਿ੍ਰਤਸਰ, ਫ਼ਰੀਦਕੋਟ) ਦੀਆਂ ਲੈਬ ਨੇ ਕਰੋਨਾ ਸੈਂਪਲ ਦੇ 40 ਟੈਸਟ ਪ੍ਰਤੀ ਦਿਨ ਕਰਨੇ ਸ਼ੁਰੂ ਕੀਤੇ ਸੀ, ਜੋ ਕਿ ਹੁਣ 10-15 ਹਜ਼ਾਰ ਪ੍ਰਤੀ ਦਿਨ ਪ੍ਰਤੀ ਲੈਬ ਟੈਸਟ ਕਰਨ ਦੀ ਸਮਰਥਾ ਹੈ, ਪਰੰਤੂ ਅਜੇ ਵੀ ਕੁਝ ਟੈਸਟ ਜਿਵੇਂ ਕਿ ਜਿਨੋਮਸਿਕਵੇਨਸਿੰਗ/ਕਵਾਲਿਟੀਅਸੋਰੇਨਸ ਆਦਿ ਲਈ ਐਨ.ਆਈ.ਵੀ. ਪੁਣੇ ਵਿਖੇ ਭੇਜਣੇ ਪੈਂਦੇ ਹਨ।
ਉਹਨਾਂ ਕਿਹਾ ਕਿ ਐਨ.ਆਈ.ਵੀ. ਪੁਣੇ  ਦੇਸ਼ ਦਾ ਆਪਣੀ ਤਰ੍ਹਾਂ ਦਾ ਇਕਲੌਤਾ ਇੰਸਟੀਚਿਊਟ ਹੈ ਜਿਥੇ ਬੀ.ਐਸ.ਐਲ. 4 ਫੈਸਿਲਟੀ ਉਪਲਬਧ ਹੈ, ਜਿਸ ਸਦਕਾ ਇਹ ਸੰਸਥਾ ਵਿੱਚ ਵਾਇਰਸ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਟੈਸਟਿੰਗ, ਟੀਚਿੰਗ, ਰਿਸਰਚ ਫੈਸਿਲਟੀ ਉਪਲੱਬਧ ਹੈ। ਇਹ ਭਾਰਤ ਸਰਕਾਰ ਦੇ ਆਈ.ਸੀ.ਐਮ.ਆਰ. ਦੀ ਪ੍ਰਮੁੱਖ ਸੰਸਥਾ ਹੈ ਜੋ ਕਿ ਭਾਰਤ ਵਿਚ ਸਾਲ 1952 ਵਿਚ ਸਥਾਪਿਤ ਕੀਤੀ ਗਈ ਸੀ।
ਸ੍ਰੀ ਸੋਨੀ ਨੇ ਕਿਹਾ ਕਿ ਬੀਤੇ ਵਰ੍ਹੇ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਸੂਬੇ ਵਿਚ ਐਨ.ਆਈ.ਵੀ. ਵਰਗੀ ਇਕ ਸੰਸਥਾ ਸਥਾਪਿਤ ਕੀਤੀ ਜਾਵੇ ਜਿਸ ਨੂੰ ਭਾਰਤ ਸਰਕਾਰ ਵੱਲੋਂ ਮੋਹਾਲੀ ਵਿਖੇ ਐਨ.ਆਈ.ਵੀ. ਸੰਸਥਾ ਸਥਾਪਿਤ ਕਰਨ ਲਈ ਮਨਜ਼ੂਰੀ ਦਿੱਤੀ ਗਈ। ਆਈ.ਸੀ.ਐਮ.ਆਰ. ਦੀ ਟੀਮ ਵੱਲੋਂ ਨਿਊ ਚੰਡੀਗੜ੍ਹ ਵਿੱਚ ਫਾਈਨਲ ਕੀਤੀ ਗਈ 5 ਏਕੜ ਜ਼ਮੀਨ ਦੀ ਰਜਿਸਟਰੀ ਵੀ ਐਨ.ਆਈ.ਵੀ. ਦੇ ਨਾਮ ਕਰ ਦਿੱਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ।
ਡਾਕਟਰੀ ਸਿੱਖਿਆ ਬਾਰੇ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਅਤੇ ਖਾਸ ਤੌਰ ‘ਤੇ ਪੰਜਾਬ ਲਈ ਇਕ ਇਤਿਹਾਸਕ ਦਿਨ ਹੈ, ਜਦੋਂ ਲਗਭਗ 70 ਸਾਲਾਂ ਬਾਅਦ ਦੇਸ਼ ਦੀ ਦੂਸਰੀ ਐਨ.ਆਈ.ਵੀ. ਸੰਸਥਾ ਨਿਊ ਚੰਡੀਗੜ੍ਹ, ਮੋਹਾਲੀ ਵਿਖੇ ਸਥਾਪਿਤ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਐਨ.ਆਈ.ਵੀ. ਸੰਸਥਾ ਲਈ 5 ਏਕੜ ਜ਼ਮੀਨ ਮੁਫ਼ਤ ਦਿੱਤੀ ਗਈ ਹੈ।  ਇਹ ਸੰਸਥਾ ਰਿਜਨਲ ਇੰਸਟੀਚਿਊਟ ਵਜੋਂ ਕੰਮ ਕਰੇਗੀ ਜਿਸ ਵੱਲੋਂ ਵਿਸ਼ਵ ਪੱਧਰੀ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ, ਕੋਰਸਿਜ, ਟ੍ਰੇਨਿੰਗ ਅਤੇ ਰਿਸਰਚ ਦਾ ਕਾਰਜ ਕਰਨ ਤੋਂ ਇਲਾਵਾ ਖਾਸ ਤੌਰ ‘ਤੇ ਬਿਮਾਰੀਆਂ ਜਿਵੇਂ ਇੰਫਲੁਏਂਜ਼ਾ, ਏਨਕੇਫਲਿਟਿਸ, ਡੇਂਗੂ, ਚਿਕਣਗੁਣਿਆ, ਇਬੋਲਾ, ਕੋਰੋਨਾ ਆਦਿ ਲਈ ਪੰਜਾਬ ਸਮੇਤ ਗੁਆਂਢੀ ਸੂਬਿਆਂ ਨੂੰ ਟੈਸਟਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।