ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਜਿਲ੍ਹੇ ‘ਚ ਫਲ੍ਹਾਂ ਦੇ ਬੀਜਾਂ ਦੀਆਂ ਬਾਲਜ਼ (ਗੇਂਦਾ) ਵੰਡਣ ਦੀ ਸ਼ੁਰੂਆਤ
ਨਿਊਜ਼ ਪੰਜਾਬ
ਲੁਧਿਆਣਾ, 26 ਜੁਲਾਈ – ਡਾਇਰੈਕਟਰ ਬਾਗਬਾਨੀ ਪੰਜਾਬ ਸ੍ਰੀਮਤੀ ਸੈਲੇਂਦਰ ਕੌਰ (ਆਈ.ਐਫ.ਐਸ.) ਦੀ ਅਗਵਾਈ ਹੇਠ ਜਿਲ੍ਹਾ ਲੁਧਿਆਣਾ ਵਿਖੇ ਫਲ੍ਹਾਂ ਦੇ ਰੁੱਖਾਂ ਵਿੱਚ ਵਾਧਾ ਕਰਨ ਦੇ ਉਦੇਸ਼ ਅਤੇ ਅੰਤਰ-ਰਾਜੀ ਸਾਲ 2021-22 ਨੂੰ ਮੁੱਖ ਰੱਖਦੇ ਫਲ੍ਹ/ਸਬਜੀਆਂ ਤਹਿਤ ਪੌਸ਼ਟਿਕ ਸੁਰੱਖਿਆ ਮੁਹਿੰਮ ਦਾ ਆਗਾਜ਼ ਮਾਨਯੋਗ ਸ੍ਰੀ ਅਮਿਤ ਕੁਮਾਰ ਪੰਚਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਵੱਲੋਂ ਇਸ਼ਤਿਹਿਾਰ ਜਾਰੀ ਕਰਕੇ ਕੀਤਾ ਗਿਆ।
ਇਸ ਮੌਕੇ ਮੌਜੂਦ ਸ੍ਰੀ ਜਗਦੇਵ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਪੂਰੇ ਪੰਜਾਬ ਲਈ 2.5 ਲੱਖ ਫਲ੍ਹ ਬੀਜ ਗੇਂਦਾਂ ਤਿਆਰ ਕੀਤੀਆਂ ਗਈਆਂ ਹਨ, ਜਿਸ ਵਿੱਚੋਂ ਜਿਲ੍ਹਾ ਲੁਧਿਆਣਾ ਨੂੰ 13 ਹਜ਼ਾਰ ਫਲ੍ਹ ਬੀਜ ਗੇਂਦਾਂ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਹ ਫਲ੍ਹ ਬੀਜ ਗੇਂਦਾਂ ਵਿੱਚ ਮਿੱਟੀ, ਦੇਸੀ ਰੂੜੀ ਅਤੇ ਕੋਕੋਪੀਟ ਮਿਸ਼ਰਨ ਦੀ ਵਰਤੋ ਕਰਕੇ ਤਿਆਰ ਕੀਤੀਆਂ ਗਈਆਂ ਹਨ ਅਤੇ ਇਹ ਫਲ੍ਹ ਬੀਜ ਗੇਂਦਾਂ ਜਿਲ੍ਹਾ ਲੁਧਿਆਣਾ ਵਿੱਚ ਬਲਾਕਵਾਰ ਬਾਗਬਾਨੀ ਵਿਕਾਸ ਅਫਸਰਾਂ ਵੱਲੋਂ ਕਂੈਪਾਂ ਰਾਹੀਂ ਪਿੰਡਾਂ ਦੀਆਂ ਪੰਚਾਇਤਾ, ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਅਦਾਰਿਆਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਸਾਂਝੀਆਂ ਥਾਂਵਾਂ, ਸੜਕਾਂ ਅਤੇ ਨਹਿਰਾਂ ਦੇ ਕਿਨਾਰੇ, ਲਗਾਈਆਂ ਜਾਣੀਆਂ ਹਨ।
ਮੌਨਸੂਨ ਦਾ ਮੌਸਮ ਹੋਣ ਕਾਰਨ ਇਹ ਫਲ੍ਹ ਬੀਜ ਗੇਂਦਾਂ ਨੂੰ ਮਿੱਟੀ ਵਿੱਚ ਦਬਾਉਣ ਤੇ ਥੋੜੀ ਜਿਹੀ ਨਮੀ ਮਿਲਣ ‘ਤੇ ਹੀ ਇਹ ਉੱਗ ਪੈਣਗੀਆਂ। ਇਸ ਨਾਲ ਜਿਥੇ ਜਿਲ੍ਹੇ ਵਿੱਚ ਫਲ੍ਹਾਂ ਦੇ ਰੁੱਖਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਉਥੇ ਆਮ ਲੋਕਾਂ ਵਿੱਚ ਬੂਟੇ ਲਗਾਉਣ ਦੇ ਰੁਝਾਣ ਵਿੱਚ ਵੀ ਵਾਧਾ ਹੋਵੇਗਾ। ਫਲ੍ਹਾਂ ਦੇ ਰੁੱਖਾਂ ਨਾਲ ਜਿਥੇ ਵਾਤਾਵਰਣ ਸਾਫ ਹੋਵੇਗਾ ਉਥੇ ਲੋੜਵੰਦ ਫਲ੍ਹਾਂ ਦੀ ਪੋਸ਼ਟਿਕਤਾ ਦਾ ਲਾਭ ਵੀ ਲੈ ਸਕਣਗੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਇਸ ਨਿਵੇਕਲੀ ਮੁਹਿੰਮ ਨੂੰ ਸਲਾਹਿਆ ਗਿਆ। ਇਸ ਮੌਕੇ ਸ੍ਰੀ ਬਲਕਾਰ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ, ਲੁਧਿਆਣਾ, ਸ੍ਰੀਮਤੀ ਸਲਵੀਨ ਕੌਰ ਬਾਗਬਾਨੀ ਵਿਕਾਸ ਅਫਸਰ, ਸ੍ਰੀ ਦਿਲਬਾਗ ਸਿੰਘ ਮਾਲੀ, ਸ੍ਰੀ ਅਵਤਾਰ ਸਿੰਘ, ਸਹਾਇਕ ਪ੍ਰੋਜੈਕਟ ਅਫਸਰ, ਦਫਤਰ ਏ.ਡੀ.ਸੀ. (ਡੀ.) ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।