ਡੀ.ਸੀ. ਵੱਲੋਂ ਲੁਧਿਆਣਵੀਆਂ ਨੂੰ ਅਪੀਲ, ਕੋਵਿਡ ਪ੍ਰੋਟੋਕਾਲ ਦੀ ਪਾਲਣਾ ਦੇ ਨਾਲ ਟੀਕਾਕਰਨ ਵੀ ਕਰਵਾਇਆ ਜਾਵੇ

ਨਿਊਜ਼ ਪੰਜਾਬ 

ਲੁਧਿਆਣਾ, 21 ਜੁਲਾਈ  – ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਲੁਧਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦੇ ਰਹਿਣ ਅਤੇ ਵੈਕਸੀਨ ਲਗਵਾਉਣ ਕਿਉਂਕਿ ਅਸੀਂ ਸਾਰੇ ਪਹਿਲਾਂ ਵਾਲੇ ਚੰਗੇ ਸਮੇਂਂ ਵੱਲ ਮੁੜ ਰਹੇ ਹਾਂ।

ਡੀ.ਪੀ.ਆਰ.ਓ ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਆਪਣੇ ਫੇਸਬੁੱਕ ਲਾਈਵ ਸੈਸ਼ਨ ਵਿਚ ਜ਼ਿਲ੍ਹੇ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀਕਾਕਰਨ ਮੁਹਿੰਮ ਵਿਚ ਲੋਕਾਂ ਵੱਲੋਂ ਦਿੱਤੇ ਗਏ ਭਰਵੇਂ ਹੁੰਗਾਰੇ ਨਾਲ ਤਕਰੀਬਨ 14 ਲੱਖ ਨਾਗਰਿਕਾਂ ਨੂੰ ਜੀਵਨ ਦਾਨ ਦੇਣ ਵਾਲੀ ਵੈਕਸੀਨ ਮਿਲੀ ਹੈ ਅਤੇ ਤੇਜ਼ ਟੀਕਾਕਰਨ ਮੁਹਿੰਮ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਕੋਵਿਡ ਪੋਜਟਿਵ ਦਰ ਨੂੰ 0.05 ਪ੍ਰਤੀਸ਼ਤ ਤੋਂ ਵੀ ਘੱਟਾ ਦਿੱਤਾ ਹੈ।

ਸ੍ਰੀ ਸ਼ਰਮਾ ਨੇ ਕਿਹਾ ਕਿ ਪੋਜ਼ਟਿਵ ਦਰ ਵਿੱਚ ਗਿਰਾਵਟ ਦੇ ਕਾਰਨ, ਸੂਬਾ ਸਰਕਾਰ ਨੇ ਨਵੀਆਂ ਰਿਹਾਇਤਾਂ ਤਹਿਤ ਅੰਦਰੂਨੀ ਇਕੱਠਾਂ ਵਿੱਚ ਲੋਕਾਂ ਦੀ ਗਿਣਤੀ ਵਧਾ ਕੇ 150 ਅਤੇ ਬਾਹਰਲੇ ਇਕੱਠਾਂ ਲਈ 300 ਕਰਨ ਦੀ ਢਿੱਲ ਦਿੱਤੀ ਹੈ, ਜਿਸ ਵਿੱਚ ਉਪਰਲੀ ਸੀਮਾ ਕੁੱਲ ਸਮਰੱਥਾ ਦੀ 50 ਫੀਸਦ ਹੋਵੇਗੀ.

ਉਨ੍ਹਾਂ ਅੱਗੇ ਕਿਹਾ ਕਿ ਸਕੂਲਾਂ ਨੂੰ 26 ਜੁਲਾਈ ਤੋਂ 10ਵੀਂ ਤੋਂ 12ਵੀਂ ਜਮਾਤ ਲਈ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਸਿਰਫ ਉਨ੍ਹਾਂ ਅਧਿਆਪਕਾਂ ਅਤੇ ਸਟਾਫ ਨੂੰ ਸਰੀਰਕ ਤੌਰ ‘ਤੇ ਮੌਜੂਦ ਰਹਿਣ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ ਵੱਲੋਂ ਵੈਕਸੀਨ ਦੇ ਦੋਵੇਂ ਟੀਕੇ ਲਗਵਾਏ ਜਾ ਚੁੱਕੇ ਹਨ। ਇਸ ਤੋਂਂ ਇਲਾਵਾ ਵਿਦਿਆਰਥੀਆਂ ਦੀ ਸਰੀਰਕ ਤੌਰ ‘ਤੇ ਮੌਜੂਦਗੀ ਪੂਰੀ ਤਰ੍ਹਾਂ ਮਾਪਿਆਂ ਦੀ ਸਹਿਮਤੀ ‘ਤੇ ਨਿਰਭਰ ਕਰੇਗੀ।

ਡਿਪਟੀ ਕਮਿਸ਼ਨਰ ਕਿਹਾ ਕਿ ਕੋਵਿਡ ਵੈਕਸੀਨ ਕੇਂਦਰ ਸਰਕਾਰ ਦੁਆਰਾ ਸਪਲਾਈ ਕੀਤੀ ਜਾ ਰਹੀ ਹੈ ਅਤੇ ਜਦੋਂ ਵੀ ਇੱਥੇ ਪਹੁੰਚਦੀ ਹੈ ਤਾਂ ਲੋਕਾਂ ਨੂੰ ਲਾਜ਼ਮੀ ਤੌਰ ‘ਤੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਕਿਉਂਕਿ ਵੈਕਸੀਨੇਸ਼ਨ ਵਾਇਰਸ ਦੀ ਪਸਾਰ ਲੜੀ ਨੂੰ ਤੋੜਨ ਵਿੱਚ ਸਹਾਈ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਵੱਧ-ਚੜ੍ਹ ਕੇ ਟੀਕਾਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਖਾਸਕਰ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕੈਂਪਾਂ ‘ਚ ਸ਼ਮੂਲੀਅਤ ਕਰਨ ਲਈ ਕਿਹਾ।