ਸਿੱਧੂ ਨੂੰ ਉਸ ਸਮੇਂ ਤੱਕ ਨਹੀਂ ਮਿਲਾਂਗਾ ਜਦੋਂ ਤੱਕ ਉਹ ਮੁੱਖ ਮੰਤਰੀ ਨਾਲ ਜੁੜੇ ਮਸਲਿਆਂ ਦਾ ਹੱਲ ਨਹੀ ਕਰਦੇ : ਬ੍ਰਹਮ ਮਹਿੰਦਰਾ

ਨਿਊਜ਼ ਪੰਜਾਬ
ਚੰਡੀਗੜ, 20 ਜੁਲਾਈ: ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਸਵਾਗਤ ਕੀਤਾ , ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਮਸਲਿਆਂ ਨੂੰ ਨਿਪਟਾਉਣ ਤੱਕ ਉਨਾਂ ਨਾਲ ਨਿੱਜੀ ਮੁਲਾਕਾਤ ਕਰਨ ਤੋਂ ਇਨਕਾਰ ਕਰ ਵੀ ਦਿੱਤਾ ।
ਇਥੋਂ ਜਾਰੀ ਬਿਆਨ ਵਿੱਚ ਸ੍ਰੀ ਮਹਿੰਦਰਾ ਨੇ ਕਿਹਾ ਕਿ ਸਿੱਧੂ ਦੀ ਨਿਯੁਕਤੀ ਦਾ ਫੈਸਲਾ ਹਾਈ ਕਮਾਂਡ ਨੇ ਲਿਆ ਹੈ ,ਇਸ ਲਈ ਇਸ ਫੈਸਲੇ ਦਾ ਸਵਾਗਤ ਹੈ।
ਉਹਨਾਂ ਕਿਹਾ “ਹਾਲਾਂਕਿ, ਮੈਂ ਉਨਾਂ (ਸਿੱਧੂ) ਨੂੰ ਉਦੋਂ ਤਕ ਨਹੀਂ ਮਿਲਾਂਗਾ ਜਦੋਂ ਤੱਕ ਉਹ ਮੁੱਖ ਮੰਤਰੀ ਨਾਲ ਨਹੀਂ ਮਿਲਦੇ ਅਤੇ ਉਨਾਂ ਨਾਲ ਆਪਣੇ ਮਸਲੇ ਹੱਲ ਨਹੀਂ ਕਰਦੇ”। ਸ੍ਰੀ ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ ਅਤੇ ਇਸ ਲਈ ਉਹ (ਮਹਿੰਦਰਾ)ਪਾਰਟੀ ਪ੍ਰਤੀ ਆਪਣੇ  ਫਰਜ਼ ਨਾਲ ਬੱਝੇ ਹਨ।
ਮੰਤਰੀ ਨੇ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੇ ਨੇਤਾ ਹੋਣ ਦੇ ਨਾਲ-ਨਾਲ ਮੁੱਖ ਮੰਤਰੀ ਕੈਬਨਿਟ ਦੇ ਮੁਖੀ ਵੀ ਹਨ, ਜਿਸ ਦਾ ਉਹ (ਸ੍ਰੀ ਮਹਿੰਦਰਾ) ਹਿੱਸਾ ਹਨ। ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੰਜਾਬ ਦੇ ਨਵੇਂ ਨਿਯੁਕਤ ਕੀਤੇ ਕਾਂਗਰਸ ਪ੍ਰਧਾਨ , ਕੈਪਟਨ ਅਮਰਿੰਦਰ ਨਾਲ ਸਾਰੇ ਮਸਲਿਆਂ ਨੂੰ ਹੱਲ ਨਹੀਂ ਕਰਦੇ, ਉਦੋਂ ਤੱਕ ਉਨਾਂ( ਸ੍ਰੀ ਸਿੱਧੂ)  ਨਾਲ ਨਿੱਜੀ ਮੁਲਾਕਾਤ ਦੀ ਕੋਈ ਸਵਾਲ ਹੀ ਪੈਦਾ ਨਹੀਂ ਹੋ ਸਕਦਾ।
ਸ੍ਰੀ ਮਹਿੰਦਰਾ ਨੇ ਕਿਹਾ, “ ਇਹ ਸਾਡੀ ਸਮੂਹਿਕ ਜਿੰਮੇਵਾਰੀ ਹੈ ਅਤੇ ਇਸ ਲਈ ਮੈਂ ਉਦੋਂ ਤੱਕ ਨਵੇਂ ਪ੍ਰਧਾਨ ਨਾਲ ਮੁਲਾਕਾਤ ਕਰਨ ਤੋਂ ਗੁਰੇਜ ਕਰਾਂਗਾ ਜਦੋਂ ਤੱਕ ਉਨਾਂ ਅਤੇ ਮੁੱਖ ਮੰਤਰੀ ਦਰਮਿਆਨ ਸਾਰੇ ਮਸਲੇ ਹੱਲ ਨਹੀਂ ਹੋ ਜਾਂਦੇ।’’
———–