ਕਰਮਯੋਗੀ ਨੂੰ ਸ਼ਰਧਾਂਜ਼ਲੀ – ਸੜਕ ਦਾ ਨਾਮ ਹੋਵੇਗਾ ‘ ਮਹਿੰਦਰ ਸਿੰਘ ਭੋਗਲ ਮਾਰਗ ‘- ਨਗਰ ਨਿਗਮ ਦੇ ਫੈਂਸਲੇ ਦਾ ਹੋਇਆ ਸਵਾਗਤ

News Punjab

ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਵਰਗੀ ਸਰਦਾਰ ਭੋਗਲ ਨੇ ਲੁਧਿਆਣਾ ਵਿਚ ਉਦਯੋਗ ਲਈ ਜਦੋਂ ਮਸ਼ੀਨਾਂ ਬਣਾਈਆਂ ਤਾਂ ਅੰਗਰੇਜ਼ ਸਰਕਾਰ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਨਾਲ ਨਾਲ ਉਹਨਾਂ ਵਲੋਂ ਬਣਾਈਆਂ ਮਸ਼ੀਨਾਂ ਵੀ ਜਬਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ 

ਨਿਊਜ਼ ਪੰਜਾਬ
ਲੁਧਿਆਣਾ – ਨਗਰ ਨਿਗਮ ਲੁਧਿਆਣਾ ਨੇ ਦੇਸ਼ ਵਿੱਚ ਸਾਈਕਲ ਉਦਯੋਗ ਦੀ ਸਥਾਪਨਾ ਕਰਨ ਵਾਲੇ ਮੋਢੀ ਉਦਯੋਗਪਤੀ ਸਵਰਗਵਾਸੀ ਸਰਦਾਰ ਮਹਿੰਦਰ ਸਿੰਘ ਭੋਗਲ ਦੇ ਸਨਮਾਨ ਵਜੋਂ ਪਾਹਵਾ ਹਸਪਤਾਲ ਦੇ ਸਾਹਮਣੇ ਵਾਲੀ ਰੋਡ ਜੋ ਗੁਰਦਵਾਰਾ ਮਾਈ ਭਾਗ ਵੰਤੀ ਤੱਕ ਜਾਂਦੀ ਹੈ ਸੜਕ ਦਾ ਨਾਮ ‘ ਮਹਿੰਦਰ ਸਿੰਘ ਭੋਗਲ ਮਾਰਗ ‘ ਹੋਵੇਗਾ | ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਵਰਗੀ ਸਰਦਾਰ ਭੋਗਲ ਨੇ ਲੁਧਿਆਣਾ ਵਿਚ ਉਦਯੋਗ ਸਥਾਪਿਤ ਕਰਨ ਲਈ ਜਦੋਂ ਮਸ਼ੀਨਾਂ ਬਣਾਈਆਂ ਤਾਂ ਅੰਗਰੇਜ਼ ਸਰਕਾਰ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਆਰਡਰ ਜਾਰੀ ਕਰਨ ਦੇ ਨਾਲ ਨਾਲ ਉਹਨਾਂ ਵਲੋਂ ਬਣਾਈਆਂ ਮਸ਼ੀਨਾਂ ਵੀ ਜਬਤ ਕਰਨ ਦੇ ਹੁਕਮ ਦੇ ਦਿੱਤੇ , ਪਰ ਸਿਰੜੀ ਸੋਚ ਦੇ ਧਾਰਨੀ ਅਤੇ ਤਕਨੀਕ ਦੇ ਧਨੀ ਸਰਦਾਰ ਮਹਿੰਦਰ ਸਿੰਘ ਭੋਗਲ ਨੇ ਰੂਹਪੋਸ਼ ਰਹਿੰਦਿਆਂ ਸਰਗਰਮੀਆਂ ਜਾਰੀ ਰੱਖੀਆਂ | ਉਸ ਸਮੇ ਅੰਗਰੇਜ਼ ਸਰਕਾਰ ਵਲੋਂ ਭਾਰਤ ਵਿੱਚ ਸਾਈਕਲ ਦੇ ਪੁਰਜ਼ੇ ਤਿਆਰ ਕਰਨ ਦੀ ਪੂਰਨ ਮਨਾਹੀ ਸੀ ਅਤੇ ਨਾ ਹੀ ਕੋਈ ਮਸ਼ੀਨ ਤਿਆਰ ਕੀਤੀ ਜਾ ਸਕਦੀ ਸੀ |

ਯੂਨਾਈਟਿਡ ਸਾਈਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸੀਏਸ਼ਨ ਦੇ ਸੰਸਥਾਪਕ ਪ੍ਰਧਾਨ ਸ੍ਰ.ਮਹਿੰਦਰ ਸਿੰਘ ਭੋਗਲ ਦੀ ਪੰਜਾਬ ਦੇ ਉਦਯੋਗ ਨੂੰ ਬਹੁਤ ਵੱਡੀ ਦੇਣ ਹੈ ਖਾਸ ਕਰ ਸਾਈਕਲ ਉਦਯੋਗ ਦੀ ਪੰਜਾਬ ਦੀ ਮਨਾਪਲੀ ਉਹਨਾਂ ਵਰਗੇ ਲੀਡਰਾਂ ਸਦਕਾ ਹੀ ਹੈ |

ਸਬੰਧਿਤ ਸੜਕ ਜਿਥੇ ਉਹਨਾਂ ਨੇ ਕਈ ਦਹਾਕੇ ਪਹਿਲਾ ਆਪਣਾ ਉਦਯੋਗ ਸਥਾਪਿਤ ਕੀਤਾ ਸੀ ਜਿਸ ਨੂੰ ਹੁਣ ਉਹਨਾਂ ਦੇ ਬੇਟੇ ਅਵਤਾਰ ਸਿੰਘ ਭੋਗਲ ਅਤੇ ਹਰਿੰਦਰ ਪਾਲ ਸਿੰਘ ਭੋਗਲ ਅਤੇ ਉਹਨਾਂ ਦੇ ਪੋਤਰੇ ਚਲਾ ਰਹੇ ਹਨ | ਇਸ ਸੜਕ ਦਾ ਨਾਮ ‘ ਮਹਿੰਦਰ ਸਿੰਘ ਭੋਗਲ ਮਾਰਗ ‘ ਰੱਖਣ ਲਈ ਨਿਗਮ ਸਦਨ ਵਲੋਂ ਮਤਾ ਪਾਸ ਕਰਕੇ ਰਾਜ ਸਰਕਾਰ ਦੀ ਮਨਜ਼ੂਰੀ ਲਈ ਭੇਜਿਆ ਹੈ ਜਿਸ ਤੋਂ ਬਾਅਦ ਨਿਗਮ ਵਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ | ਇਸ ਸਬੰਧੀ ਸਨਅਤਕਾਰਾਂ ਦੀ ਬੇਨਤੀ ਤੇ ਨਗਰ ਨਿਗਮ ਦੇ ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ ਨੇ ਉਚੇਚਾ ਯਤਨ ਕੀਤਾ ਅਤੇ ਇਲਾਕੇ ਦੀ ਕੌਂਸਲਰ ਬੀਬਾ ਜਸਪ੍ਰੀਤ ਕੌਰ ਠੁਕਰਾਲ ਨੇ ਵੀ ਅਹਿਮ ਭੂਮਿਕਾ ਨਿਭਾਈ |

ਸ੍ਰ.ਅਵਤਾਰ ਸਿੰਘ ਭੋਗਲ ਨੇ ਸਮੁਚੇ ਭੋਗਲ ਪਰਿਵਾਰ ਵਲੋਂ ਅਤੇ ਉਘੇ ਸਨਅਤਕਾਰਾਂ ਨੇ ਨਗਰ ਨਿਗਮ ਦੇ ਇਸ ਫੈਂਸਲੇ ਤੇ ਖੁਸ਼ੀ ਪ੍ਰਗਟ ਕਰਦਿਆਂ ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ ਅਤੇ ਕੌਂਸਲਰ ਬੀਬਾ ਜਸਪ੍ਰੀਤ ਕੌਰ ਠੁਕਰਾਲ ਸਮੇਤ ਸਾਰੇ ਸਦਨ ਦਾ ਧੰਨਵਾਦ ਕੀਤਾ ਹੈ