‘ਇੰਡੀਅਨ ਪੈਨੋਰਮਾ’ ਨੇ ‘ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ’ (ਇੱਫੀ-IFFI) ਦੇ 52ਵੇਂ ਐਡੀਸ਼ਨ ਲਈ ਐਂਟਰੀਆਂ ਮੰਗੀਆਂ

ਨਿਊਜ਼ ਪੰਜਾਬ

52ਵੇਂ ‘ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ’ (ਇੱਫੀ-IFFI) ਨੇ ‘ਇੰਡੀਅਨ ਪੈਨੋਰਮਾ, 2021’ ਲਈ ਐਂਟਰੀਆਂ ਮੰਗੀਆਂ ਹਨ। ‘ਇੰਡੀਅਨ ਪੈਨੋਰਮਾ’ ਦਰਅਸਲ ਇੱਫੀ ਦਾ ਇੱਕ ਪ੍ਰਮੁੱਖ ਅੰਗ ਹੈ, ਜਿਸ ਅਧੀਨ ਬਿਹਤਰੀਨ ਸਮਕਾਲੀ ਭਾਰਤੀ ਫ਼ਿਲਮਾਂ ਦੀ ਚੋਣ ਫ਼ਿਲਮ ਕਲਾ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾਂਦੀ ਹੈ। ‘ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ’ (ਇੱਫੀ) ਦਾ 52ਵਾਂ ਸੰਸਕਰਣ 20 ਤੋਂ 28 ਨਵੰਬਰ, 2021 ਤੱਕ ਗੋਆ ‘ਚ ਹੋਵੇਗਾ।

ਔਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 12 ਅਗਸਤ, 2021 ਹੈ ਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਸਮੇਤ ਔਨਲਾਈਨ ਜਮ੍ਹਾਂ ਕਰਵਾਈ ਅਰਜ਼ੀ ਦੀ ਹਾਰਡ ਕਾਪੀ ਪ੍ਰਾਪਤ ਕਰਨ ਦੀ ਅੰਤਿਮ ਮਿਤੀ 23 ਅਗਸਤ, 2021 ਹੈ। ਸਾਲ 2021 ਦੇ ਇੰਡੀਅਨ ਪੈਨੋਰਮਾ ਲਈ ਫ਼ਿਲਮਾਂ ਜਮ੍ਹਾਂ ਕਰਵਾਉਂਦੇ ਸਮੇਂ ਕੁਝ ਖ਼ਾਸ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਸੀਬੀਐੱਫਸੀ (CBFC) ਦੀ ਮਿਤੀ ਜਾਂ ਸਬਮਿਟ ਕੀਤੀ ਜਾਣ ਵਾਲੀ ਫ਼ਿਲਮ ਦਾ ਨਿਰਮਾਣ ਮੁਕੰਮਲ ਹੋਣ ਦੀ ਮਿਤੀ ਇਸ ਫੈਸਟੀਵਲ ਤੋਂ ਪਹਿਲਾਂ ਦੇ 12 ਮਹੀਨੇ ਭਾਵ 1 ਅਗਸਤ, 2020 ਤੋਂ ਲੈ ਕੇ 31 ਜੁਲਾਈ, 2021 ਹੋਣੀ ਚਾਹੀਦੀ ਹੈ। ਇਸ ਸਮੇਂ ਦੌਰਾਨ ਤਿਆਰ ਹੋਈਆਂ ਜਿਹੜੀਆਂ ਫ਼ਿਲਮਾਂ ਸੀਬੀਐੱਫਸੀ ਤੋਂ ਪ੍ਰਮਾਣਿਤ ਨਹੀਂ ਹਨ, ਉਹ ਵੀ ਸਬਮਿਟ ਕੀਤੀਆਂ ਜਾ ਸਕਦੀਆਂ ਹਨ। ਸਾਰੀਆਂ ਫ਼ਿਲਮਾਂ ਉੱਤੇ ਅੰਗਰੇਜ਼ੀ ਦੇ ਸਬ–ਟਾਈਟਲਸ ਜ਼ਰੂਰ ਹੋਣੇ ਚਾਹੀਦੇ ਹਨ।

‘ਇੰਡੀਅਨ ਪੈਨੋਰਮਾ’ ਦੀ ਸ਼ੁਰੂਆਤ 1978 ’ਚ ਭਾਰਤ ਦੇ ‘ਇੰਟਰਨੈਸ਼ਨਲ ਫ਼ਿਲਮ ਫੈਸਟੀਵਲ’ ਦੇ ਹਿੱਸੇ ਵਜੋਂ ਭਾਰਤੀ ਫ਼ਿਲਮਾਂ ਤੇ ਇਨ੍ਹਾਂ ਫ਼ਿਲਮਾਂ ਰਾਹੀਂ ਦੇਸ਼ ਦੇ ਅਮੀਰ ਸੱਭਿਆਚਾਰ ਤੇ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਹੋਈ ਸੀ। ਤਦ ਤੋਂ ਹੀ ਇੰਡੀਅਨ ਪੈਨੋਰਮਾ ਪੂਰੀ ਤਰ੍ਹਾਂ ਸਾਲ ਦੀਆਂ ਬਿਹਤਰੀਨ ਭਾਰਤੀ ਫ਼ਿਲਮਾਂ ਦਾ ਪ੍ਰਦਰਸ਼ਨ ਕਰਨ ਲਈ ਸਮਰਪਿਤ ਹੈ।

ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਡਾਇਰੈਕਟੋਰੇਟ ਆਫ਼ ਫ਼ਿਲਮ ਫੈਸਟੀਵਲਸ ਵੱਲੋਂ ਆਯੋਜਿਤ ‘ਇੰਡੀਅਨ ਪੈਨੋਰਮਾ’ ਦਾ ਉਦੇਸ਼ ਭਾਰਤ ਤੇ ਵਿਦੇਸ਼ ਵਿੱਚ ਇੰਟਰਨੈਸ਼ਨਲ ਫ਼ਿਲਮ ਫੈਸਟੀਵਲਸ, ਦੁਵੱਲੇ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮਾਂ ਦੌਰਾਨ ਹੋਣ ਵਾਲੇ ਭਾਰਤੀ ਫ਼ਿਲਮ ਸਪਤਾਹਾਂ ਤੇ ਭਾਰਤ ਵਿੱਚ ਸੱਭਿਆਚਾਰਕ ਵਟਾਂਦਰਾ ਪ੍ਰੋਟੋਕੋਲਸ ਤੋਂ ਬਾਹਰ ਖ਼ਾਸ ਭਾਰਤੀ ਫ਼ਿਲਮੀ ਮੇਲਿਆਂ ਤੇ ਦੇਸ਼ ਵਿੱਚ ਇੰਡੀਅਨ ਪੈਨੋਰਮਾ ਮੇਲਿਆਂ ਦੌਰਾਨ ਇਨ੍ਹਾਂ ਫ਼ਿਲਮਾਂ ਦੇ ਗ਼ੈਰ–ਮੁਨਾਫ਼ਾਕਾਰੀ ਪ੍ਰਦਰਸ਼ਨ ਰਾਹੀਂ ਫ਼ਿਲਮ ਕਲਾ ਨੂੰ ਉਤਸ਼ਾਹਿਤ ਕਰਨ ਹਿਤ ਸਿਨੇਮਾਈ, ਥੀਮੈਟਿਕ ਤੇ ਸੁਹਜ–ਸੁਆਦ ਸੁੰਦਰਤਾ ਵਾਲੀਆਂ ਫੀਚਰ ਤੇ ਨਾਨ–ਫੀਚਰ ਫ਼ਿਲਮਾਂ ਨੂੰ ਚੁਣਨਾ ਹੈ।

 

*****