ਅਨਿਲ ਜੋਸ਼ੀ ਨੇ ਕਿਹਾ ਪੰਜਾਬ ਭਾਜਪਾ ਦੀ ਅਣਗਹਿਲੀ ਕਾਰਨ ਕਿਸਾਨ ਅੰਦੋਲਨ ਕੇਂਦਰ ਸਰਕਾਰ ਲਈ ਮੁਸੀਬਤ ਬਣਿਆ – ਪੰਜਾਬ ਤੋਂ ਆਰੰਭ ਹੋਇਆ ਕੋਈ ਵੀ ਅੰਦੋਲਨ ਕਦੇ ਝੁਕਿਆ ਨਹੀਂ – ਪੰਜਾਬ ਵਿੱਚ ਬਾਗੀ ਭਾਜਪਾ ਗਰੁੱਪ ਬਣੇਗਾ
ਸੂਤਰਾਂ ਅਨੁਸਾਰ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਅਨਿਲ ਜੋਸ਼ੀ ਆਉਂਦੇ ਦਿਨਾਂ ਵਿੱਚ ਭਾਜਪਾ ਵਿੱਚ ਆਪਣਾ ਵੱਖਰਾ ਗਰੁੱਪ ਖੜ੍ਹਾ ਕਰਕੇ ਮੌਜ਼ੂਦਾ ਭਾਜਪਾ ਆਗੂਆਂ ਲਈ ਨਵੀ ਸਿਆਸੀ ਮੁਸੀਬਤ ਖੜੀ ਕਰਨਗੇ l
ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ
ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਅਨਿਲ ਜੋਸ਼ੀ ਨੇ ਅੱਜ ਦੋਸ਼ ਲਾਇਆ ਕਿ ਰਾਜ ਦੀ ਭਾਜਪਾ ਇਕਾਈ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਦੇ ਰੁਖ਼ ਦੀ ਸਹੀ ਜਾਣਕਾਰੀ ਨਹੀਂ ਦਿੱਤੀ ਸੀ। ਇਸ ਦੀ ਜ਼ਿੰਮੇਵਾਰੀ ਲੈਂਦਿਆਂ ਸੂਬਾਈ ਭਾਜਪਾ ਪ੍ਰਧਾਨ ਨੂੰ ਅਸਤੀਫ਼ਾ ਦੇੇ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਨੇ ਜੋਸ਼ੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ 6 ਸਾਲ ਲਈ ਕੱਢ ਦਿੱਤਾ ਗਿਆ ਹੈ। ਜੋਸ਼ੀ ਨੇ ਦਾਅਵਾ ਕੀਤਾ ਹੈ ਕਿ ਪਹਿਲਾਂ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟਾ ਰਹੇ ਕਿਸਾਨਾਂ ਦੀਆਂ ਕੁਝ ਹੀ ਮੰਗਾਂ ਸਨ ਜਿਨ੍ਹਾਂ ਦਾ ਹੱਲ ਕੱਢਿਆ ਜਾ ਸਕਦਾ ਸੀ ਜੇਕਰ ਭਾਜਪਾ ਦੀ ਪੰਜਾਬ ਇਕਾਈ ਨੇ ਸੂਬੇ ਵਿਚ ਸਭ ਕੁਝ ਠੀਕ-ਠਾਕ ਨਾ ਬਿਆਨਿਆ ਹੁੰਦਾ। ਜੋਸ਼ੀ ਨੇ ਕਿਹਾ ਕਿ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਆਪਣੀ ਨਾਕਾਮੀ ਸਵੀਕਾਰ ਕਰ ਕੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਅੰਮ੍ਰਿਤਸਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਜੋਸ਼ੀ ਨੇ ਦੋਸ਼ ਲਾਇਆ ਕਿ ਸੂਬਾਈ ਭਾਜਪਾ ਕੇਂਦਰ ਸਰਕਾਰ ਨੂੰ ਦੱਸ ਰਹੀ ਸੀ ਕਿ ਜ਼ਿਆਦਾਤਰ ਕਿਸਾਨ ਖ਼ੁਸ਼ ਹਨ ਤੇ ਥੋੜ੍ਹੇ ਹੀ ਨਾਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਜਦ ਕੇਂਦਰੀ ਮੰਤਰੀਆਂ ਨੇ ਵਰਚੁਅਲ ਮੀਟਿੰਗਾਂ ਕੀਤੀਆਂ ਤਾਂ ਫ਼ਰਜ਼ੀ ਕਿਸਾਨ ਇਨ੍ਹਾਂ ਬੈਠਕਾਂ ਵਿਚ ਬਿਠਾਏ ਗਏ ਤੇ ਦਾਅਵਾ ਕੀਤਾ ਗਿਆ ਕਿ ਕਿਸਾਨ ਕਾਨੂੰਨਾਂ ਤੋਂ ਖ਼ੁਸ਼ ਹਨ। ਜੋਸ਼ੀ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਸੂਬਾਈ ਭਾਜਪਾ ਇਕਾਈ ਨੇ ਕੇਂਦਰੀ ਲੀਡਰਸ਼ਿਪ ਨੂੰ ਝੂਠ ਬੋਲਿਆ ਕਿ ਉਨ੍ਹਾਂ ਪਿੰਡਾਂ ਵਿਚ ਕਿਸਾਨਾਂ ਨੂੰ ਕਾਨੂੰਨਾਂ ਦੇ ਲਾਭ ਬਾਰੇ ਸਮਝਾ ਦਿੱਤਾ ਹੈ, ਇਸ ਲਈ ਪਿੰਡਾਂ ਵਿਚ ਸਮਾਗਮ ਕਰਵਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ। ਜਦਕਿ ਸੱਚ ਇਹ ਹੈ ਕਿ ਕਿਸਾਨ ਟੌਲ ਪਲਾਜ਼ਿਆਂ ਤੇ ਰੇਲ ਪੱਟੜੀਆਂ ਉਤੇ ਬੈਠੇ ਹਨ। ਜੋਸ਼ੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਚ ਤਜਵੀਜ਼ ਹੈ ਕਿ ਕੋਈ ਸਮੱਸਿਆ ਹੋਣ ’ਤੇ ਕਿਸਾਨ ਆਖ਼ਰ ਤੱਕ ਸਿਰਫ਼ ਐੱਸਡੀਐਮ ਕੋਲ ਪਹੁੰਚ ਕਰ ਸਕਦੇ ਹਨ। ਜਦਕਿ ਕਿਸਾਨ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਉੱਚ ਅਦਾਲਤਾਂ ਕੋਲ ਜਾਣ ਦੀ ਪ੍ਰਵਾਨਗੀ ਮਿਲੇ। ਇਸ ਤੋਂ ਇਲਾਵਾ ਉਹ ਐਮਐੱਸਪੀ ਦੀ ਗਾਰੰਟੀ ਮੰਗ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਮੰਗਾਂ ਵੱਡੀਆਂ ਨਹੀਂ ਸਨ ਤੇ ਪੂਰੀਆਂ ਜਾ ਸਕਦੀਆਂ ਸਨ। ਪੰਜਾਬ ਪਹਿਲਾਂ ਹੀ ਕਣਕ ਤੇ ਝੋਨਾ ਐਮਐੱਸਪੀ ਉਤੇ ਲੈ ਰਿਹਾ ਹੈ ਤੇ ਉੱਚ ਅਦਾਲਤਾਂ ਵਿਚ ਜਾਣ ਬਾਰੇ ਮੰਗ ਵੀ ਮੰਨੀ ਜਾ ਸਕਦੀ ਸੀ। ਜੋਸ਼ੀ ਨੇ ਕਿਹਾ ਕਿ ਇਹ ਮੁੱਦਾ ਪੰਜਾਬ ਤੱਕ ਸੀਮਤ ਸੀ ਤੇ ਇਸ ਨੂੰ ਇੱਥੇ ਹੀ ਹੱਲ ਕੀਤਾ ਜਾ ਸਕਦਾ ਸੀ। ਇਸ ਨੂੰ ਦਿੱਲੀ ਦੇ ਬਾਰਡਰਾਂ ਅਤੇ ਭਾਰਤ ਵਿਚ ਫੈਲਣ ਤੋਂ ਰੋਕਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਰੋਸ ਮੁਜ਼ਾਹਰੇ ਹੁਣ ਪੂਰੀ ਦੁਨੀਆ ਵਿਚ ਹੋ ਰਹੇ ਹਨ ਜਿਸ ਨਾਲ ਭਾਜਪਾ ਦੀ ਸਾਖ਼ ਨੂੰ ਸੱਟ ਵੱਜੀ ਹੈ।
ਸੂਤਰਾਂ ਅਨੁਸਾਰ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਅਨਿਲ ਜੋਸ਼ੀ ਆਉਂਦੇ ਦਿਨਾਂ ਵਿੱਚ ਭਾਜਪਾ ਵਿੱਚ ਆਪਣਾ ਵੱਖਰਾ ਗਰੁੱਪ ਖੜ੍ਹਾ ਕਰਕੇ ਮੌਜ਼ੂਦਾ ਭਾਜਪਾ ਆਗੂਆਂ ਲਈ ਨਵੀ ਸਿਆਸੀ ਮੁਸੀਬਤ ਖੜੀ ਕਰਨਗੇ l