ਐਨ.ਸੀ.ਆਰ.ਬੀ. ਵੱਲੋਂ ਵੱਖ ਵੱਖ ਆਈ.ਟੀ. ਪ੍ਰਾਜੈਕਟ ਅਤੇ ਐਨਾਲਿਟੀਕਲ ਟੂਲ ਸਫ਼ਲਤਾਪੂਰਵਕ ਲਾਗੂ ਕਰਨ ਲਈ ਪੰਜਾਬ ਪੁਲਿਸ ਦੀ ਸ਼ਲਾਘਾ
ਨਿਊਜ਼ ਪੰਜਾਬ
ਚੰਡੀਗੜ, 9 ਜੁਲਾਈ:
ਕੌਮੀ ਅਪਰਾਧ ਰਿਕਰਡ ਬਿਊਰੋ (ਐਨਸੀਆਰਬੀ) ਨੇ ਅੱਜ ਕੌਮੀ ਫਲੈਗਸ਼ਿਪ ਪ੍ਰਾਜੈਕਟ-ਕਰਾਈਮ ਐਂਡ ਕਿ੍ਰਮੀਨਲ ਟਰੈਕਿੰਗ ਨੈਟਵਰਕ ਐਂਡ ਸਿਸਟਮ (ਸੀ.ਸੀ.ਟੀ.ਐਨ.ਐਸ.) ਨੂੰ ਸਫਲਤਾਪੂਰਵਕ ਲਾਗੂ ਕਰਨ ਅਤੇ ਸੂਬਾ ਪੁਲਿਸ ਦੀਆਂ ਜ਼ਰੂਰਤਾਂ ਮੁਤਾਬਕ ਇਸ ਨੂੰ ਹੋਰ ਅਨੁਕੂਲ ਬਣਾਉਣ ਲਈ ਪੰਜਾਬ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਦਿਨਕਰ ਗੁਪਤਾ, ਜਿਨਾਂ ਨਾਲ ਇਸ ਮੌਕੇ ਐਨ.ਸੀ.ਆਰ.ਬੀ. ਦੇ ਡਾਇਰੈਕਟਰ ਰਾਮ ਫਲ ਪਵਾਰ ਅਤੇ ਏ.ਡੀ.ਜੀ.ਪੀ. ਤਕਨੀਕੀ ਸੇਵਾਵਾਂ ਕੁਲਦੀਪ ਸਿੰਘ ਵੀ ਮੌਜੂਦ ਸਨ, ਨੇ ਐਨ.ਸੀ.ਆਰ.ਬੀ. ਦੁਆਰਾ ਮੁਹੱਈਆ ਕਰਵਾਏ ਜਾ ਰਹੇ ਵੱਖ ਵੱਖ ਉਪਾਵਾਂ ਅਤੇ ਪਹਿਲਕਦਮੀਆਂ ਦੀ ਪੇਸ਼ਕਾਰੀ ਦੇਣ ਲਈ ਇਕ ਉੱਚ ਪੱਧਰੀ ਮੀਟਿੰਗ ਕੀਤੀ।
ਐਨ.ਸੀ.ਆਰ.ਬੀ. ਦੇ ਡਾਇਰੈਕਟਰ ਰਾਮ ਫਲ ਪਵਾਰ ਨੇ ਡੀ.ਜੀ.ਪੀ. ਦਿਨਕਰ ਗੁਪਤਾ ਅਤੇ ਉਨਾਂ ਦੀ ਟੀਮ ਦੁਆਰਾ ਕੀਤੇ ਗਏ ਯਤਨਾਂ ਲਈ ਉਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਨ.ਸੀ.ਆਰ.ਬੀ. ਨੂੰ ਪੰਜਾਬ ਪੁਲਿਸ ਨਾਲ ਜੁੜੇ ਹੋਣ ’ਤੇ ਮਾਣ ਹੈ, ਜਿਸ ਨੇ ਪੰਜਾਬ ਦੇ ਸਾਰੇ ਪੁਲਿਸ ਥਾਣਿਆਂ ਵਿਚ ਸੀ.ਸੀ.ਟੀ.ਐਨ.ਐਸ. ਲਾਗੂ ਕਰਕੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ ਹੈ ਅਤੇ ਤਕਨਾਲੋਜੀ ਅਧਾਰਤ ਪੁਲਿਸਿੰਗ ਵਿਚ ਹੋਰਾਂ ਲਈ ਇਕ ਮਿਸਾਲ ਬਣ ਕੇ ਸਾਹਮਣੇ ਆਈ ਹੈ।
ਸੀ.ਸੀ.ਟੀ.ਐਨ.ਐਸ. ਇੱਕ ਸਾੱਫਟਵੇਅਰ ਐਪਲੀਕੇਸ਼ਨ ਹੈ ਜਿਸਦਾ ਉਦੇਸ਼ ਦੇਸ਼ ਦੇ ਸਾਰੇ ਥਾਣਿਆਂ ਵਿੱਚ ਅਪਰਾਧ ਦੇ ਢੰਗ-ਤਰੀਕਿਆਂ ਅਤੇ ਅਪਰਾਧਿਕ ਅੰਕੜਿਆਂ ਨੂੰ ਸਾਂਝਾ ਕਰਕੇ ਪੁਲਿਸਿੰਗ ਦੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ਲਈ ਇੱਕ ਵਿਆਪਕ ਅਤੇ ਏਕੀਕਿ੍ਰਤ ਪ੍ਰਣਾਲੀ ਤਿਆਰ ਕਰਨਾ ਹੈ। ਐਪਲੀਕੇਸ਼ਨ ਨੂੰ ਐਨ.ਸੀ.ਆਰ.ਬੀ. ਦੁਆਰਾ 2009 ਵਿੱਚ ਲਾਂਚ ਕੀਤਾ ਗਿਆ ਸੀ।
ਐੱਨ.ਸੀ.ਆਰ.ਬੀ ਦੇ ਡਾਇਰੈਕਟਰ ਨੇ ਪੰਜਾਬ ਪੁਲਿਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੈ ਜਿਸਨੇ ਪ੍ਰਗਤੀ ਸੀ.ਸੀ.ਟੀ.ਐਨ.ਐਸ. ਡੈਸ਼ਬੋਰਡ ’ਤੇ 94 ਪ੍ਰਤੀਸ਼ਤ ਸਕੋਰ ਕਰਨ ਤੋਂ ਇਲਾਵਾ ਸੀ.ਓ.ਜੀ.ਐਨ.ਓ.ਐਸ- ਜੋ ਕਿ ਇੱਕ ਬਿਜਨਸ ਇੰਟੈਲੀਜੈਂਸ ਟੂਲ ਅਤੇ ਅਪਰਾਧਕ ਘਟਨਾਵਾਂ ਤੇ ਪ੍ਰੀਡਿਕਟਿਵ ਪੁਲਿਸਿੰਗ ਦਾ ਜੀ.ਆਈ.ਐਸ. ਅਧਾਰਤ ਭੂ ਸਥਾਨਿਕ ਵਿਸ਼ਲੇਸ਼ਣ ਹੈ, ਨੂੰ ਲਾਗੂ ਕੀਤਾ ਹੈ।
ਪੰਜਾਬ ਪੁਲਿਸ ਵੱਲੋਂ ਕੀਤੇ ਆਈ.ਟੀ. ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਡਾਇਰੈਕਟਰ ਰਾਮ ਫਲ ਪਵਾਰ ਨੇ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੈ ਜਿਸਨੇ ਮਲਟੀ-ਪ੍ਰੋਟੋਕੋਲ ਲੇਬਲ ਸਵਿਚਿੰਗ (ਐਮ.ਪੀ.ਐਲ.ਐਸ.) ਨੈਟਵਰਕ ਸਿਮੂਲੇਟਰ ਦੀ ਵਰਤੋਂ ਕਰਦਿਆਂ ਆਪਣੇ ਸਾਰੇ ਥਾਣਿਆਂ, ਜ਼ਿਲਾ ਹੈੱਡਕੁਆਰਟਰਾਂ ਅਤੇ ਪੰਜਾਬ ਪੁਲਿਸ ਹੈੱਡਕੁਆਰਟਰਾਂ ਨੂੰ 10 ਐਮ.ਬੀ.ਪੀ.ਐਸ. ਤੋਂ 1 ਜੀ.ਬੀ.ਪੀ.ਐਸ. ਤੱਕ ਦੀ ਉੱਚ ਇੰਟਰਨੈਟ ਸਪੀਡ ਨਾਲ ਲੈਸ ਕੀਤਾ ਹੈ।
ਉਹਨਾਂ ਖਾਸ ਤੌਰ ’ਤੇ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਬਾਰੇ ਵੀ ਦੱਸਿਆ ਜਿਨਾਂ ਨੇ ਦੇਸ਼ ਵਿੱਚ ਸੀ.ਸੀ.ਟੀ.ਐਨ.ਐਸ. ਹੈਕਾਥੌਨ ਐਂਡ ਸਾਈਬਰ ਚੈਲੰਜ -2021 ’ਚ ਪਹਿਲਾ ਸਥਾਨ ਹਾਸਲ ਕੀਤਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਪਿਛਲੇ ਸਾਲ ਦਸੰਬਰ ਵਿਚ ਐਨ.ਸੀ.ਆਰ.ਬੀ. ਵੱਲੋਂ ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਗਈ ਰਾਸ਼ਟਰੀ ਪੱਧਰ ਦੀ ਗੁੱਡ ਪ੍ਰੈਕਟਿਸਿਜ਼ ਕਾਨਫਰੰਸ 2020 ਵਿਚ ਤਿੰਨ ਪੁਰਸਕਾਰ ਵੀ ਜਿੱਤੇ ਸਨ।
ਡੀਜੀਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਬਿਊਰੋ ਵੱਲੋਂ ਕ੍ਰਾਈ-ਮੈਕ ਸਮੇਤ ਪੁਲਿਸਿੰਗ ਨੂੰ ਆਧੁਨਿਕ ਬਣਾਉਣ ਲਈ ਕੀਤੀਆਂ ਜਾ ਰਹੀਆਂ ਨਵੀਆਂ ਪਹਿਲਕਦਮੀਆਂ ਨੂੰ ਦਰਸਾਉਂਦੀ ਸ਼ਾਨਦਾਰ ਪੇਸ਼ਕਾਰੀ ਵਾਸਤੇ ਪੰਜਾਬ ਪੁਲਿਸ ਕੋਲ ਪਹੁੰਚ ਬਣਾਉਣ ਲਈ ਐਨ.ਸੀ.ਆਰ.ਬੀ. ਦਾ ਧੰਨਵਾਦ ਕੀਤਾ, ਜੋ ਵੱਖ-ਵੱਖ ਸੂਬਿਆਂ ਦੇ ਪੁਲਿਸ ਬਲਾਂ ਦਰਮਿਆਨ ਘਿਨੌਣੇ ਅਪਰਾਧਾਂ ਸਬੰਧੀ ਜਾਣਕਾਰੀ ਸਾਂਝਾ ਕਰਨ ਦੀ ਸਹੂਲਤ ਦਿੰਦਾ ਹੈ।
ਉਹਨਾਂ ਨੇ ਇਨਾਂ ਸਾਰੇ ਵੈੱਬ ਅਧਾਰਤ ਸਾੱਫਟਵੇਅਰ ਸਲਿਊਸ਼ਨਾਂ ਨੂੰ ਮੋਬਾਇਲਾਂ ’ਤੇ ਲਿਆਉਣ ਦਾ ਸੁਝਾਅ ਵੀ ਦਿੱਤਾ ਤਾਂ ਜੋ ਇਹ ਪੁਲਿਸ ਅਧਿਕਾਰੀਆਂ ਲਈ ਸੌਖਾ ਅਤੇ ਉਪਭੋਗਤਾ-ਪੱਖੀ ਬਣ ਸਕੇ ,ਜੋ ਜਾਂਚ ਵਿੱਚ ਪੁਲਿਸ ਦੀ ਸਹਾਇਤਾ ਕਰੇਗਾ।
ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਕਿਹਾ, “ਨਾਗਰਿਕਾਂ ਲਈ ਵੀ ਮੋਬਾਈਲ ਐਪਲੀਕੇਸ਼ਨ ਹੋਣੀ ਚਾਹੀਦੀ ਹੈ ਜਿੱਥੇ ਉਹ ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਭਗੌੜੇ ਅਪਰਾਧੀਆਂ, ਵਾਪਰ ਰਹੇ ਕਿਸੇ ਅਪਰਾਧ ਜਾਂ ਲਾਪਤਾ ਵਿਅਕਤੀਆਂ ਆਦਿ ਨਾਲ ਸਬੰਧਤ ਜਾਣਕਾਰੀ ਸਾਂਝੀ ਕਰ ਸਕਣ।”
ਏਡੀਜੀਪੀ ਤਕਨੀਕੀ ਸੇਵਾਵਾਂ ਕੁਲਦੀਪ ਸਿੰਘ ਨੇ ਆਈ.ਟੀ. ਸੈਕਟਰ ਵਿੱਚ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਬਾਰੇ ਪੇਸ਼ਕਾਰੀ ਦਿੱਤੀ, ਜਿਸ ਵਿੱਚ ਸੀ.ਸੀ.ਟੀ.ਐਨ.ਐਸ. ਮੋਬਾਈਲ ਐਪਲੀਕੇਸ਼ਨ, ਥਾਣਿਆਂ ਅਤੇ ਜ਼ਿਲੇ ਦੀਆਂ ਹੱਦਾਂ ਦੀ ਜੀਓਫੈਂਸਿੰਗ; ਦੋ-ਭਾਸ਼ਾਈ ਫੋਨੈਟਿਕ ਸਰਚ ਅਤੇ ਵੀਲੇਜ ਇੰਫਾਰਮੇਸ਼ਨ ਸਿਸਟਮ (ਵੀ.ਆਈ.ਐਸ) ਸ਼ਾਮਲ ਹਨ। ਉਨਾਂ ਨੇ ਇਨਾਂ ਪਹਿਲਕਦਮੀਆਂ ਦੇ ਲਾਗੂਕਰਨ ਵਿਚ ਪੰਜਾਬ ਪੁਲਿਸ ਨੂੰ ਦਰਪੇਸ਼ ਆ ਰਹੀਆਂ ਚੁਣੌਤੀਆਂ ਬਾਰੇ ਵੀ ਦੱਸਿਆ।
ਇਸ ਦੌਰਾਨ ਐਨ.ਸੀ.ਆਰ.ਬੀ. ਨੇ ਆਪਣੀਆਂ ਵੱਖ-ਵੱਖ ਪਹਿਲਕਦਮੀਆਂ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਅਤੇ ਇਹਨਾਂ ਪਹਿਲਕਦਮੀਆਂ ਨਾਲ ਉਪਭੋਗਤਾਵਾਂ ਨੂੰ ਹੋਣ ਵਾਲੇ ਲਾਭ ਸਬੰਧੀ ਪੇਸ਼ਕਾਰੀ ਦਿੱਤੀ। ਇਹਨਾਂ ਪਹਿਲਕਦਮੀਆਂ ਵਿੱਚ ਸੀ.ਸੀ.ਟੀ.ਐਨ.ਐਸ., ਨੈਸ਼ਨਲ ਆਟੋਮੈਟਿਕ ਫਿੰਗਰਪਿ੍ਰੰਟ ਆਈਡੈਂਟੀਫੀਕੇਸ਼ਨ ਸਿਸਟਮ (ਐਨ.ਏ.ਐਫ.ਆਈ.ਐਸ.), ਲਾਪਤਾ ਵਿਅਕਤੀਆਂ ਸਬੰਧੀ ਡਾਟਾਬੇਸ, ਚੋਰੀ ਦੇ ਵਾਹਨਾਂ ਸਬੰਧੀ ਡਾਟਾਬੇਸ, ਇੰਟਰ-ਓਪਰੇਬਲ ਕਿ੍ਰਮੀਨਲ ਜਸਟਿਸ ਸਿਸਟਮ (ਆਈ.ਸੀ.ਜੇ.ਐਸ.), ਕ੍ਰਾਈ-ਮੈਕ, ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (ਐਨ.ਸੀ.ਆਰ.ਬੀ.), ਨੈਸ਼ਨਲ ਡਿਜੀਟਲ ਪੁਲਿਸ ਪੋਰਟਲ, ਯੁਨੀਫਾਈ ਐਪ, ਨੈਸ਼ਨਲ ਸਾਈਬਰ ਕ੍ਰਾਈਮ ਟ੍ਰੇਨਿੰਗ ਸੈਂਟਰ ਅਤੇ ਜਿਨਸੀ ਅਪਰਾਧ ਲਈ ਇਨਵੈਸਟੀਗੇਸ਼ਨ ਟ੍ਰੈਕਿੰਗ ਸਿਸਟਮ ਸ਼ਾਮਲ ਹਨ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਿਪਟੀ ਡਾਇਰੈਕਟਰ ਸੀ.ਸੀ.ਟੀ.ਐੱਨ.ਐੱਸ. ਸ੍ਰੀ ਪ੍ਰਾਸ਼ੁਨ ਗੁਪਤਾ, ਸੀਨੀਅਰ ਟੈਕਨੀਕਲ ਅਫਸਰ ਐਨ.ਸੀ.ਆਰ.ਬੀ. ਸ੍ਰੀ ਅਰੁਨ ਦੇਵ ਪਾਂਡੇ ਅਤੇ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀਜ਼ ਅਤੇ ਆਈ.ਜੀਜ਼ ਸ਼ਾਮਲ ਸਨ ਜਦੋਂਕਿ ਸੀ.ਪੀਜ਼ / ਐਸ.ਐਸ.ਪੀਜ਼ ਸਮੇਤ ਪੰਜਾਬ ਪੁਲਿਸ ਦੇ 100 ਤੋਂ ਵੱਧ ਸੀਨੀਅਰ ਅਧਿਕਾਰੀਆਂ ਨੇ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਵਿਚ ਸ਼ਮੂਲੀਅਤ ਕੀਤੀ।