ਕੋਵੀਸ਼ੀਲਡ ਮੁੱਕਣ ਅਤੇ ਕੋਵੈਕਸੀਨ ਦੇ ਇਕ ਦਿਨ ਦੇ ਬਚੇ ਸਟਾਕ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਕੇਂਦਰ ਨੂੰ ਕੋਵਿਡ ਵੈਕਸੀਨ ਦੀ ਹੋਰ ਸਪਲਾਈ ਲਈ ਆਖਿਆ
ਨਿਊਜ਼ ਪੰਜਾਬ
ਚੰਡੀਗੜ੍ਹ, 9 ਜੁਲਾਈ
ਪੰਜਾਬ ਵਿੱਚ ਕੋਵੀਸ਼ੀਲਡ ਮੁੱਕਣ ਅਤੇ ਕੋਵੈਕਸੀਨ ਦੇ ਸਿਰਫ਼ ਇੱਕ ਦਿਨ ਦੇ ਬਚੇ ਸਟਾਕ ਦੀ ਸਥਿਤੀ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਮੁੜ ਕੇਂਦਰ ਵੱਲੋਂ ਵੈਕਸੀਨ ਦੀ ਸਪਲਾਈ ਵਧਾਏ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ।
ਅਧਿਕਾਰੀਆਂ ਨੂੰ ਪੰਜਾਬ ਦੇ ਵੈਕਸੀਨ ਕੋਟੇ ਨੂੰ ਵਧਾਉਣ ਲਈ ਕੇਂਦਰ ਨਾਲ ਲਗਾਤਾਰ ਜ਼ੋਰਦਾਰ ਤਰੀਕੇ ਨਾਲ ਰਾਬਤਾ ਕਾਇਮ ਰੱਖਣ ਦੀਆਂ ਹਦਾਇਤਾਂ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਦੇ ਹੌਲੀ-ਹੌਲੀ ਖੁੱਲ੍ਹਣ ਅਤੇ ਇਨ੍ਹਾਂ ਨਾਲ ਜੁੜੇ ਲੋਕਾਂ ਨੂੰ ਘੱਟੋ-ਘੱਟ ਕੋਵਿਡ ਵੈਕਸੀਨ ਦੀ ਇੱਕ ਖੁਰਾਕ ਲੱਗੇ ਹੋਣ ਨੂੰ ਨਿਯਮਿਤ ਰੱਖਣ ਲਈ ਸਪਲਾਈ ਵਿੱਚ ਵਾਧਾ ਬਹੁਤ ਜ਼ਰੂਰੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਹੀ 83 ਲੱਖ ਦੇ ਕਰੀਬ ਯੋਗ ਵਿਅਕਤੀਆਂ (ਕੁੱਲ ਅਬਾਦੀ ਦਾ 27 ਫ਼ੀਸਦੀ ਦੇ ਕਰੀਬ) ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ ਅਤੇ ਵੈਕਸੀਨ ਦੇ ਸਟਾਕ ਦੀ ਵਰਤੋਂ ਸੁਲਝੇ ਤਰੀਕੇ ਨਾਲ ਬਿਨ੍ਹਾਂ ਵਿਅਰਥ ਗਵਾਏ ਕੀਤੀ ਜਾ ਰਹੀ ਹੈ। ਕੋਵਿਡ ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਢੁੱਕਵੀਂ ਸਪਲਾਈ ਮਿਲਣ ‘ਤੇ ਪੰਜਾਬ ਇਕ ਦਿਨ ਵਿੱਚ ਛੇ ਲੱਖ ਤੋਂ ਵਧੇਰੇ ਖੁਰਾਕਾਂ ਦੀ ਵਰਤੋਂ ਕਰਨ ਦੇ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ 70 ਲੱਖ ਲੋਕਾਂ ਨੂੰ ਪਹਿਲੀ ਅਤੇ 13 ਲੱਖ ਲੋਕਾਂ ਨੂੰ ਦੂਜੀ ਖੁਰਾਕ ਲਗਾਈ ਜਾ ਚੁੱਕੀ ਹੈ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਮੀਟਿੰਗ ਦੌਰਾਨ ਦੱਸਿਆ ਕਿ ਵੈਕਸੀਨ ਦੀ ਵਧੇਰੇ ਉਪਲੱਬਧਤਾ ਲਈ ਪ੍ਰਸ਼ਾਸਨ ਕੇਂਦਰ ਸਰਕਾਰ ਨਾਲ ਰਾਬਤੇ ਵਿੱਚ ਹੈ।