ਨਵਾਂਸ਼ਹਿਰ – ਵਿਸ਼ੇਸ਼ ਟੀਕਾਕਰਨ ਕੈਂਪਾਂ ’ਚ 2500 ਤੋਂ ਵੱਧ ਯੋਗ ਵਿਅਕਤੀਆਂ ਨੂੰ ਲਗਾਏ ਗਏ ਟੀਕੇ
ਐੱਸ.ਡੀ.ਐੱਮ ਨਵਾਂਸਹਿਰ ਸ. ਜਗਦੀਸ਼ ਸਿੰਘ ਜੌਹਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਤੋਂ ਬਚਾਅ ਲਈ ਵੈਕਸੀਨ ਜ਼ਰੂਰ ਲਗਾਉਣ ਅਤੇ ਵੈਕਸੀਨ ਲਗਾਉਣ ਵਾਲੀਆਂ ਟੀਮਾਂ ਨਾਲ ਵੱਧ ਤੋਂ ਵੱਧ ਸਹਿਯੋਗ ਕਰਨ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਮਾਹਿਰਾਂ ਅਨੁਸਾਰ ਕੋਵਿਡ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਬਹੁਤ ਸਹਾਈ ਹੈ। ਮਾਹਰਾਂ ਅਨੁਸਾਰ ਜੇਕਰ ਵੈਕਸੀਨ ਨਾ ਲੱਗੀ ਹੋਵੇ ਤਾਂ 100 ਕੋਰੋਨਾ ਪੀੜਤਾਂ ਪਿੱਛੇ 3 ਜਾਂ 4 ਪੀੜਤਾਂ ਦੀ ਮੌਤ ਹੋਣ ਦਾ ਖਦਸ਼ਾ ਹੁੰਦਾ ਹੈ ਅਤੇ ਜੇਕਰ ਵੈਕਸੀਨ ਲੱਗੀ ਹੋਵੇ ਤਾਂ ਇਹ ਅੰਕੜਾ 10,000 ਪਿੱਛੇ 3 ਜਾਂ 4 ਦਾ ਹੁੰਦਾ ਹੈ। ਇਸ ਲਈ ਵੈਕਸੀਨ ਮਨੁੱਖੀ ਸਿਹਤ ਲਈ ਸੁਰੱਖਿਅਤ ਹੈ, ਅਫਵਾਹਾਂ ਤੋਂ ਗੁਰੇਜ ਕਰਦੇ ਹੋਏ ਆਪਣੀ ਅਤੇ ਆਪਣੇ ਪਰਿਵਾਰ ਦੀ ਭਲਾਈ ਲਈ ਵੈਕਸੀਨ ਜ਼ਰੂਰ ਲਗਾਓ
ਨਿਊਜ਼ ਪੰਜਾਬ
ਜਾਡਲਾ (ਨਵਾਂਸ਼ਹਿਰ), 3 ਜੁਲਾਈ 2021 :- ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਅੱਜ ਜ਼ਿਲ੍ਹੇ ਵਿਚ ਵਿਸ਼ੇਸ਼ ਕੈਂਪ ਲਗਾਏ। ਇਸੇ ਕੜੀ ਤਹਿਤ ਸਿਹਤ ਕੇਂਦਰ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਜਾਡਲਾ, ਬਰਨਾਲਾ ਕਲਾਂ, ਕਰਿਆਮ, ਪੱਲੀ ਝਿੱਕੀ, ਲੰਗੜੋਆ ਤੇ ਮਹਾਲੋਂ ਸਮੇਤ ਵੱਖ-ਵੱਖ ਵਿਸ਼ੇਸ਼ ਟੀਕਾਕਰਨ ਕੈਂਪਾਂ ਦੀ ਚੈਕਿੰਗ ਕੀਤੀ ਅਤੇ ਵਿਸ਼ੇਸ਼ ਟੀਕਾਕਰਨ ਕੈਂਪਾਂ ਦੇ ਕੰਮ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਡਾ ਗੀਤਾਂਜਲੀ ਸਿੰਘ ਨੇ ਦੱਸਿਆ ਕਿ ਅੱਜ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਤਹਿਤ ਸਿਹਤ ਬਲਾਕ ਮੁਜ਼ੱਫਰਪੁਰ ਵਿਚ ਵੱਖ-ਵੱਖ ਸਥਾਨਾਂ ਉੱਤੇ ਵਿਸ਼ੇਸ਼ ਕੈਂਪ ਲਗਾਏ ਗਏ, ਜਿਨ੍ਹਾਂ ਵਿਚ 18 ਸਾਲ ਤੋਂ ਉੱਪਰ ਉਮਰ ਦੇ ਯੋਗ ਵਿਅਕਤੀਆਂ ਨੂੰ ਟੀਕੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਬਲਾਕ ਵਿਚ 2500 ਯੋਗ ਵਿਅਕਤੀਆਂ ਨੂੰ ਟੀਕੇ ਲਗਾਉਣ ਦਾ ਟੀਚਾ ਮਿਿਥਆ ਗਿਆ ਸੀ ਜੋ ਕਿ ਸਫਲਤਾਪੂਰਵਕ ਪੂਰਾ ਕਰ ਲਿਆਂ ਗਿਆ ਹੈ। ਉਨ੍ਹਾਂ ਦੱਸਿਆ ਕਿ ਪੂਰੇ ਬਲਾਕ ਵਿਚ ਵਿਸ਼ੇਸ਼ ਕੈਂਪਾਂ ਦੌਰਾਨ ਅੱਜ 2500 ਤੋਂ ਵੱਧ ਵਿਅਕਤੀਆਂ ਨੇ ਕੋਵਿਡ ਰੋਕੂ ਵੈਕਸੀਨ ਲਈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਕਿਹਾ ਕਿ ਅਸੀਂ ਕੋਰੋਨਾ ਮਹਾਂਮਾਰੀ ਦੌਰਾਨ ਤਣਾਅ ਭਰਪੂਰ ਸਮੇਂ ਵਿਚੋਂ ਗੁਜ਼ਰ ਰਹੇ ਹਾਂ ਪਰ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ। ਅਸੀਂ ਕੋਰੋਨਾ ਤੋਂ ਡਰਨਾ ਨਹੀਂ, ਸਗੋਂ ਲੜਨਾ ਹੈ ਅਤੇ ਸਾਵਧਾਨੀਆਂ ਨਾਲ ਅੱਗੇ ਵਧਣਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਕੋਵਿਡ ਰੋਕੂ ਟੀਕਾਕਰਨ ਲਈ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ।
ਡਾ. ਸਿੰਘ ਨੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਟੀਕਾਕਰਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸਿਹਤ ਵਿਭਾਗ ਦੀ ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਜਾਰੀ ਹੈ ਅਤੇ ਇਹ ਜੰਗ ਕੋਵਿਡ ਰੋਕੂ ਟੀਕੇ ਨਾਲ ਜਿੱਤੀ ਜਾਵੇਗੀ।ਉਨ੍ਹਾਂ ਨੇ ਟੀਕਾਕਰਨ ਮੁਹਿੰਮ ਬਾਰੇ ਆਮ ਲੋਕਾਂ ਨੂੰ ਜਾਗਰੂਕਤਾ ਕਰਦੇ ਹੋਏ ਦੱਸਿਆ ਕੋਵਿਡ ਰੋਕੁ ਟੀਕਾ ਲਗਵਾਉਣ ਨਾਲ ਸਰੀਰ ‘ਤੇ ਕੋਈ ਮਾੜਾ ਅਸਰ ਨਹੀਂ ਪੈਂਦਾ।
ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਵਾਸਤੇ ਪੂਰੀ ਤਨਦੇਹੀ ਨਾਲ ਲੱਗਾ ਹੋਇਆ ਹੈ ਅਤੇ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਇਸ ਬੀਮਾਰੀ ਦੇ ਮਾੜੇ-ਮੋਟੇ ਵੀ ਲੱਛਣ ਦਿਸਣ ‘ਤੇ ਤੁਰੰਤ ਟੈਸਟ ਕਰਵਾਉਣ ਅਤੇ ਨਾਲ ਹੀ ਕੋਵਿਡ ਟੀਕਾਕਰਨ ਵੀ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਕਿਉਂਕਿ ਮਾਸਕ ਪਾ ਕੇ, ਆਪਸੀ ਦੂਰੀ ਬਰਕਰਾਰ ਰੱਖ ਕੇ ਅਤੇ ਪਾਣੀ ਨਾਲ ਆਪਣੇ ਹੱਥਾਂ ਨੂੰ ਧੋ ਕੇ ਸਵੱਛ ਅਤੇ ਸੁਰੱਖਿਅਤ ਰੱਖ ਕੇ ਕੋਰੋਨਾ ਵਾਇਰਸ ਨੂੰ ਹਰਾਉਣਾ ਸੰਭਵ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਰਣਜੀਤ ਹਰੀਸ਼, ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਉੱਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।ਕੈਪਸ਼ਨ : ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਮੈਗਾ ਕੈਂਪ ਦੌਰਾਨ ਟੀਕਾਕਰਨ ਦੇ ਕੰਮਕਾਜ ਦਾ ਜਾਇਜ਼ਾ ਲੈਂਦੇ ਹੋਏ।