ਜ਼ਿਲ੍ਹਾ ਮੋਗਾ ਵਿੱਚ ਪੋਲੀਓ ਰੋਕੂ ਮਾਈਗਰੇਟਰੀ ਰਾਊਂਡ ਸ਼ੁਰੂ – 9,228 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਅੱਜ ਸਬ ਨੈਸ਼ਨਲ ਪਲਸ ਪੋਲੀਓ ਮਾਈਗਰੇਟਰੀ ਰਾਊਂਡ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਅਧੀਨ ਜ਼ਿਲ੍ਹੇ ਸਮੇਤ ਵੱਖ ਵੱਖ ਬਲਾਕਾਂ ਵਿੱਚ 423 ਬੂਥਾਂ ਤੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।
ਡਾ. ਸਵਰਨਜੀਤ ਸਿੰਘ – ਨਿਊਜ਼ ਪੰਜਾਬ
ਮੋਗਾ, 27 ਜੂਨ – 27 ਤੋਂ 29 ਜੂਨ 2021 ਤੱਕ ਪਲਸ ਪੋਲੀਓ ਰੋਕੂ ਮੁਹਿੰਮ ਦੌਰਾਨ ਮਾਈਗਰੇਟਰੀ ਪੋਲੀਓ ਰਾਊਂਡ ਚਲਾਇਆ ਜਾ ਰਿਹਾ ਹੈ, ਜਿਸ ਵਿੱਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਹ ਮੁਹਿੰਮ ਅੱਜ ਸ਼ੁਰੂ ਹੋ ਗਈ ਹੈ ਅਤੇ ਪਹਿਲੇ ਦਿਨ 2684 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਅੱਜ ਸਬ ਨੈਸ਼ਨਲ ਪਲਸ ਪੋਲੀਓ ਮਾਈਗਰੇਟਰੀ ਰਾਊਂਡ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਅਧੀਨ ਜ਼ਿਲ੍ਹੇ ਸਮੇਤ ਵੱਖ ਵੱਖ ਬਲਾਕਾਂ ਵਿੱਚ 423 ਬੂਥਾਂ ਤੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਬਲਾਕ ਵਾਈਜ਼ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੋਲੀਓ ਰੋਕੂ ਮਾਈਗਰੇਟਰੀ ਰਾਊਂਡ ਵਿੱਚ ਜ਼ਿਲ੍ਹਾ ਦੇ ਸਰਕਾਰੀ ਹਸਪਤਾਲ ਵਿੱਚ 4724, ਕੋਟ ਈਸੇ ਖਾਂ ਵਿਖੇ 3102, ਡਰੋਲੀ ਭਾਈ ਵਿਖੇ 196, ਢੁੱਡੀਕੇ ਵਿਖੇ 581, ਪੱਤੋ ਹੀਰਾ ਸਿੰਘ ਵਿਖੇ 305 ਅਤੇ ਠੱਠੀ ਭਾਈ ਵਿਖੇ 388 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸੇ ਤਰ੍ਹਾਂ ਕੁੱਲ 9,220 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ 36 ਟੀਮਾਂ ਅਜਿਹੀਆਂ ਗਠਿਤ ਕੀਤੀਆਂ ਗਈਆਂ ਹਨ ਜਿਹੜੀਆਂ ਕਿ ਘਰ ਘਰ ਜਾ ਕੇ ਪੋਲੀਓ ਬੂੰਦਾਂ ਪਿਲਾਉਣਗੀਆਂ, 29 ਮੋਬਾਇਲ ਟੀਮਾਂ ਗਠਿਤ ਕੀਤੀਆਂ ਗਈਆਂ ਹਨ, 68 ਏ.ਐਨ.ਐਮਜ਼, 342 ਆਸ਼ਾ ਵਰਕਰ, 418 ਆਂਗਣਵਾੜੀ ਵਰਕਰ ਅਤੇ 44 ਹੋਰਾਂ ਦੀ ਨਿਯੁਕਤੀ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੰਮ ਲਈ 12 ਸੁਪਰਵਾਈਜ਼ਰ ਅਤੇ 118 ਵੈਕਸੀਨੇਟਰ ਵੀ ਨਿਯੁਕਤ ਕੀਤੇ ਗਏ ਹਨ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਅਸ਼ੋਕ ਸਿੰਗਲਾ ਵੀ ਹਾਜ਼ਰ ਸਨ। ਉਨ੍ਹਾਂ ਇਸ ਮੁਹਿੰਮ ਦੀ ਸਫ਼ਲਤਾ ਲਈ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਦੀ ਮੰਗ ਵੀ ਕੀਤੀ।