ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਸੂਬੇ ਦੇ ਸਾਰੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ‘ਚ ‘ਹੈਪੀਨੇਸ ਪ੍ਰੋਗਰਾਮ‘ ਸੁਰੂ ਕਰਨ ਦੀ ਯੋਜਨਾ
ਨਿਊਜ਼ ਪੰਜਾਬ
-ਪੀ.ਵਾਈ.ਡੀ.ਬੀ. ਵੱਲੋਂ ਹਰ ਸੰਭਵ ਸਹਿਯੋਗ ਦਾ ਦਿੱਤਾ ਭਰੋਸਾ
-ਪ੍ਰੋਗਰਾਮ ਨੂੰ ਜਲਦ ਆਰੰਭ ਕਰਨ ਲਈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਜਾਵੇਗੀ ਮੁਲਾਕਾਤ – ਸੁਖਵਿੰਦਰ ਸਿੰਘ ਬਿੰਦਰਾ
ਲੁਧਿਆਣਾ, 24 ਜੂਨ –
ਪੰਜਾਬ ਯੁਵਾ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਕਿਹਾ ਹੈ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਲਿਜਾਣ ਅਤੇ ਉਨ੍ਹਾਂ ਦੇ ਤਣਾਅ ਨੂੰ ਦੂਰ ਕਰਨ ਵਿੱਚ ਸਹਿਯੋਗ ਲਈ ਸੂਬੇ ਦੇ ਸਾਰੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਨੌਜਵਾਨਾਂ ਲਈ ਇੱਕ ਵਿਸ਼ੇਸ਼ ‘ਹੈਪੀਨੇਸ ਪ੍ਰੋਗਰਾਮ‘ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ ਅਤੇ ਭਰੋਸਾ ਦਿੱਤਾ ਕਿ ਇਸ ਪ੍ਰੋਗਰਾਮ ਨੂੰ ਜਲਦ ਤੋਂ ਜਲਦ ਆਰੰਭ ਕੀਤਾ ਜਾਵੇਗਾ।
ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਇਹ ਗੱਲ ਅੱਜ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਰਾਜ ਪੱਧਰੀ ਆਨ ਲਾਈਨ ਈਵੈਂਟ, ਹੈਪੀਨੈਸ ਮਾਰਕੀਟ ਮੌਕੇ ਸ਼ਿਰਕਤ ਕਰਦਿਆਂ ਕਹੀ। ਪੀ.ਵਾਈ.ਡੀ.ਬੀ. ਦੇ ਚੇਅਰਮੈਨ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ।
ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਂਹੈਪੀਨੈਸ ਮਾਰਕੀਟ‘ ਦਾ ਵਿਚਾਰ ਹਰੇਕ ਵਿੱਚ ਸਕਾਰਾਤਮਕਤਾ ਅਤੇ ਖੁਸ਼ਹਾਲੀ ਫੈਲਾਉਣ ਲਈ ਸਿਰਜਣਾਤਮਕ ਵਿਚਾਰ ਪੇਸ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਦਿ੍ਰਸ਼ ਵਿੱਚ ਜਿਥੇ ਚੱਲ ਰਹੀ ਕੋਵਿਡ ਮਹਾਂਮਾਰੀ ਕਾਰਨ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ, ਉਥੇ ਸਾਡੀ ਨੌਜਵਾਨ ਪੀੜੀ ਵੀ ਤਣਾਅ ਵਿੱਚ ਹੈ। ਉਨ੍ਹਾਂ ਕਿਹਾ ਕਿ ਇੱਕ ‘ਹੈਪੀਨੇਸ ਪ੍ਰੋਗਰਾਮ‘ ਵਿਸ਼ੇਸ਼ ਤੌਰ ‘ਤੇ ਪੀ.ਵਾਈ.ਡੀ.ਬੀ. ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਨੌਜਵਾਨਾਂ ਨੂੰ ਤਣਾਅਮੁਕਤ ਕਰਨ ਦਾ ਕੰਮ ਕਰਦਾ ਹੈ।
ਉਨ੍ਹਾ ਕਿਹਾ ਕਿ ਅੰਦਰੂਨੀ ਖੁਸ਼ਹਾਲੀ ਸਾਨੂੰ ਨਵੇਂ ਵਿਚਾਰਾਂ ਦੀ ਪੜਚੋਲ ਕਰਨ ਦੀ ਅਗਵਾਈ ਕਰਦੀ ਹੈ ਅਤੇ ਮਾਨਸਿਕ ਤੰਦਰੁਸਤੀ ਮੌਜੂਦਾ ਜੀਵਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ. ਉਨ੍ਹਾਂ ਕਾਲਜ ਦੇ ਪਿ੍ਰੰਸੀਪਲ ਅਤੇ ਪ੍ਰਬੰਧਕੀ ਟੀਮ ਨੂੰ ਅਜਿਹੇ ਸ਼ਾਨਦਾਰ ਸਮਾਗਮ ਲਈ ਵਧਾਈ ਦਿੱਤੀ।
ਕਾਲਜ ਦੇ ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ ਨੇ ਵਿਚਾਰਾਂ ਬਾਰੇ ਚਾਨਣਾ ਪਾਇਆ ਜੋ ਨੌਜਵਾਨਾਂ ਵਿੱਚ ਖੁਸ਼ਹਾਲੀ ਲਿਆਉਣਗੇ। ਉਨ੍ਹਾਂ ਦੱਸਿਆ ਕਿ ਮਨੁੱਖ ਪਰਮ ਪਿਤਾ ਪ੍ਰਮਾਤਮਾ ਦੀ ਸਭ ਤੋਂ ਖੂਬਸੂਰਤ ਰਚਨਾ ਹੈ ਅਤੇ ਆਪਣੀ ਕਿਸਮਤ ਦਾ ਮਾਲਕ ਖੁਦ ਹੈ।
ਇਸ ਸ਼ੋਅ ਦੇ ਜੱਜ ਰਸ਼ਮੀ ਗਰੋਵਰ, ਐਸੋਸੀਏਟ ਪ੍ਰੋਫੈਸਰ (ਸੇਵਾ ਮੁਕਤ) ਇੰਗਲਿਸ਼ ਵਿਭਾਗ, ਗੌਰਮਿੰਟ ਕਾਲਜ ਫਾਰ ਗਰਲਜ਼, ਲੁਧਿਆਣਾ, ਡਾ.ਅਦਿਤੀ ਸਤੀਜਾ ਮਨੋਵਿਗਿਆਨ ਵਿਭਾਗ ਦੀ ਮੁਖੀ, ਖਾਲਸਾ ਕਾਲਜ ਫਾਰ ਵੂਮੈਨ ਅਤੇ ਡਾ. ਜਸਪ੍ਰੀਤ ਕੌਰ, ਸ੍ਰੀ ਅਰੋਬਿੰਦੋ ਕਾਲਜ ਆਫ਼ ਕਾਮਰਸ ਐਂਡ ਮੈਨੇਜਮੈਂਟ ਦੀ ਸਹਾਇਕ ਪ੍ਰੋਫੈਸਰ ਸਨ।
ਸਮਾਗਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ। ਵੱਖ-ਵੱਖ ਸਭਿਆਚਾਰਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਚਾਰ ਚੰਨ ਲਾਏ. ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਕੁਲ 23 ਟੀਮਾਂ ਨੇ ਭਾਗ ਲਿਆ ਅਤੇ ਥੀਮਾਂ ਦੇ ਅਧਾਰ ਤੇ ਵੱਖ-ਵੱਖ ਗਤੀਵਿਧੀਆਂ ‘ਤੇ ਪ੍ਰਦਰਸ਼ਨ ਕੀਤਾ।
ਸਮਾਗਮ ਦੇ ਜੇਤੂ :
ਪਹਿਲਾ ਸਥਾਨ – ਅਸ਼ਮੀਤ ਕੌਰ, ਏਕਜੋਤ ਕੌਰ, ਅਦਿਤੀ ਡਾਬਰਾਲ, ਸਰਕਾਰੀ ਕਾਲਜ (ਲੜਕੀਆਂ), ਲੁਧਿਆਣਾ ਤੋਂ
ਦੂਜਾ – ਸ਼ਿਵਾਨੀ ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ ਤੋਂ
ਤੀਜਾ – ਗੁਰਨੂਰ ਕੌਰ ਸੰਧੂ – ਗੌਰਮਿੰਟ ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ
ਕੰਸੋਲੇਸ਼ਨ ਪੁਰਸਕਾਰ – ਸਰਕਾਰੀ ਗ੍ਰਹਿ ਵਿਗਿਆਨ ਕਾਲਜ ਸੈਕਟਰ – 10, ਚੰਡੀਗੜ੍ਹ ਤੋਂ ਮੁਸਕਾਨ ਸ਼ਰਮਾ ਅਤੇ
ਜਸਕਿਰਨ ਕੌਰ, ਸੰਮਤੀ ਸਰਕਾਰੀ ਕਾਲਜ ਆਫ਼ ਸਾਇੰਸ ਰਿਸਰਚ ਐਂਡ ਐਜੂਕੇਸ਼ਨ, ਜਗਰਾਉਂ ਤੋਂ।