ਪੰਜਾਬ ਸਰਕਾਰ ਨੇ ਗੈਰਕਾਨੂੰਨੀ ਮਾਇਨਿੰਗ ਗਤੀਵਿਧੀਆਂ ਦੀ ਰਿਪੋਰਟ ਲਈ ਐਪ ਵਿਕਸਤ ਕੀਤੀ
ਨਿਊਜ਼ ਪੰਜਾਬ
ਕੋਈ ਵੀ ਵਿਅਕਤੀ ਗੂਗਲ ਪਲੇਅ ਸਟੋਰ ਤੋਂ “ਪੰਜਾਬਮਾਈਨਜ਼” ਐਪ ਡਾਊਨਲੋਡ ਕਰ ਸਕਦਾ ਹੈ
ਚੰਡੀਗੜ੍ਹ/ਰੂਪਨਗਰ, 11 ਜੂਨ:
ਪੰਜਾਬ ਸਰਕਾਰ ਵੱਲੋਂ ਮਾਈਨਿੰਗ ਦੀਆਂ ਗਤੀਵਿਧੀਆਂ ਨਾਲ ਸਬੰਧਤ ਸ਼ਿਕਾਇਤਾਂ ਦੀ ਨਿਗਰਾਨੀ ਅਤੇ ਨਿਵਾਰਨ ਕਰਨ ਲਈ ਇਕ ਐਂਡਰਾਇਡ ਐਪ ਤਿਆਰ ਕੀਤੀ ਗਈ ਹੈ। ਇਹ ਐਂਡਰਾਇਡ ਐਪ ਗਲਤ ਸ਼ਿਕਾਇਤਾਂ ਨੂੰ ਘਟਾਉਣ ਲਈ ਵੀ ਮਦਦਗਾਰ ਹੋਵੇਗੀ l
ਇਸ ਬਾਰੇ ਜਾਣਕਾਰੀ ਦਿੰਦਿਆਂ ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਐਪ ਵਿਚ ਸਾਰੇ ਡਿਪਟੀ ਕਮਿਸ਼ਨਰ, ਸਾਰੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਅਤੇ ਸਾਰੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਧਿਕਾਰੀ ਸਮੇਤ ਮਾਇਨਿੰਗ ਡਾਇਰੈਕਟਰ ਪ੍ਰਬੰਧਕੀ ਮੁਖੀ ਵਜੋਂ ਸ਼ਾਮਲ ਹੋਣਗੇ।
ਉਹਨਾਂ ਕਿਹਾ ਕਿ ਇਹ ਐਪ ਗੂਗਲ ਪਲੇ ਸਟੋਰ ਤੇ “ਪੰਜਾਬਮਾਈਨਜ਼” ਦੇ ਨਾਮ ‘ਤੇ ਉਪਲਬਧ ਹੈ ਅਤੇ ਹਰ ਐਂਡਰਾਇਡ ਉਪਭੋਗਤਾ ਇਸ ਐਪ ਨੂੰ ਡਾਊਨਲੋਡ ਕਰ ਸਕਦਾ ਹੈ ਅਤੇ ਕਿਸੇ ਵੀ ਗੈਰਕਾਨੂੰਨੀ ਮਾਈਨਿੰਗ ਗਤੀਵਿਧੀ ਦੀ ਸੂਰਤ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ । ਸ਼ਿਕਾਇਤਕਰਤਾ ਦੁਆਰਾ ਸ਼ਿਕਾਇਤ ਦਰਜ ਕਰਨ ਸਮੇਂ ਸ਼ਿਕਾਇਤਕਰਤਾ ਦੀ ਜੀਓਗ੍ਰਾਫੀਕਲ ਸਥਿਤੀ ਇਸ ਐਪ ਰਾਹੀਂ ਲੱਭ ਲਈ ਜਾਵੇਗੀ ਅਤੇ ਇਹ ਸ਼ਿਕਾਇਤ ਸਿੱਧੇ ਤੌਰ ‘ਤੇ ਸਬੰਧਤ ਡਿਪਟੀ ਕਮਿਸ਼ਨਰ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਅਤੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਨੂੰ ਅਗਲੇਰੀ ਕਾਰਵਾਈ ਲਈ ਭੇਜੀ ਜਾਵੇਗੀ l