ਅਕਾਲ ਤਖ਼ਤ ’ਤੇ 1984 ਘੱੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਗਮ ਚ ਭਾਰੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ

ਨਿਊਜ਼ ਪੰਜਾਬ, 6 ਜੂਨ

ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਅੱਜ ਇੱਥੇ ਅਕਾਲ ਤਖ਼ਤ ਵਿਖੇ ਸਿੱਖ ਕੌਮ ਵੱਲੋਂ ਜੈਕਾਰਿਆਂ ਤੇ ਨਾਅਰਿਆਂ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਿਸਤਾਨ ਪੱਖੀ ਨਾਅਰਿਆਂ ਨੂੰ ਸਿੱਖ ਕੌਮ ਦਾ ਕੇਂਦਰ ਸਰਕਾਰ ਪ੍ਰਤੀ ਰੋਹ ਅਤੇ ਪੀੜਾ ਕਰਾਰ ਦਿੱਤਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਵੇਂ ਭਾਰਤੀ ਫੌਜ ਨੇ ਚੀਨ ਅਤੇ ਪਾਕਿਸਤਾਨ ’ਤੇਹਮਲੇ  ਕੀਤੇ, ਉਸ ਤਰੀਕੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲਾ ਕੀਤਾ। ਉਹਨਾਂ ਕਿਹਾ ਕ‌ਿ ਇਹ ਘੱਲੂਘਾਰਾ ਇਹ ਸਿੱਖ ਕੌਮ ਦੇ ਪਿੰਡੇ ’ਤੇ ਇਕ ਨਾਸੂਰ ਜੋ ਸਾਰਾ ਸਾਲ ਰਿਸਦਾ ਰਹਿੰਦਾ ਹੈ ਤੇ ਪੀੜ ਕਰਦਾ ਹੈ ਤੇ ਦਰਦ ਕਰਦਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਨਾਸੂਰ ਦਾ ਇਲਾਜ ਕਿਵੇਂ ਕਰਨਾ ਹੈ, ਇਸਦੀ ਦਵਾਈ ਕੀ ਹੈ,  ਅਸੀਂ ਜਾਣਦੇ ਹਾਂ ਪਰ ਪ੍ਰਾਪਤ ਕਿਵੇਂ ਹੋਣੀ ਹੈ,  ਇਹ ਅਸੀਂ ਕਦੇ ਬੈਠ ਕੇ ਸੋਚਣ ਦਾ ਯਤਨ ਨਹੀਂ ਕੀਤਾ।

ਸਿੱਖ ਮਸਲਿਆਂ ਦੇ ਹੱਲ ਲਈ ਉਨ੍ਹਾਂ ਨੇ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਅਕਾਲ ਤਖ਼ਤ ’ਤੇ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਇਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਮੌਕੇ ਸਨਮਾਨਤ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਵਿਚ ਦੀਪ ਸਿੱਧੂ ਤੇ ਉਸ ਦੇ ਸਾਥੀ ਵੀ ਪੁੱਜੇ, ਜਿਨ੍ਹਾਂ ਨੇ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ। ਇਸ ਤੋਂ ਤੁਰੰਤ ਬਾਅਦ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਆਏ ਹੋਏ ਸਿੱਖਾਂ ਨੇ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਕ ਘੰਟਾ ਇਹ ਨਾਅਰੇਬਾਜ਼ੀ ਚੱਲਦੀ ਰਹੀ। ਇਸ ਦੌਰਾਨ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ਼ਹੀਦੀ ਯਾਦਗਾਰ ਦੇ ਸਾਹਮਣੇ ਖੜ੍ਹੇ ਹੋ ਕੇ ਸਿੱਖ ਕੌਮ ਦੇ ਨਾਂ ਸੰਦੇਸ਼ ਦਿੱਤਾ। ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਹਾਜ਼ਰ ਸੰਗਤ ਨੂੰ ਸੰਬੋਧਨ ਕੀਤਾ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ ਤੇ ਹੋਰਾਂ ਨੇ ਵੀ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਨਿਹੰਗ ਸਿੰਘ ਬਾਣੇ ਵਿਚ ਕੁਝ ਨੌਜਵਾਨਾਂ ਨੇ ਨੰਗੀਆਂ ਕਿਰਪਾਨਾਂ ਤੇ ਹੋਰ ਹਥਿਆਰ ਵੀ ਚੁੱਕੇ ਹੋਏ ਸਨ।ਕਈ ਨੌਜਵਾਨਾਂ ਨੇ ਖਾਲਿਸਤਾਨ ਪੱਖੀ ਅਤੇ ਸੰਤ ਭਿੰਡਰਾਂਵਾਲਾ ਜ਼ਿੰਦਾਬਾਦ ਦੇ ਪੋਸਟਰ ਚੁੱਕੇ ਹੋਏ ਸਨ ਅਤੇ ਕਈਆਂ ਨੇ ਅਜਿਹੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ। ਪੁਲੀਸ ਵੱਲੋਂ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਪਾਸੇ ਆਉਣ ਵਾਲੇ ਸਾਰੇ ਰਸਤਿਆਂ ਦੀ ਘੇਰਾਬੰਦੀ ਕੀਤੀ ਗਈ ਹੈ। ਹਰਿਮੰਦਰ ਸਾਹਿਬ ਦੇ ਅੰਦਰ ਸਾਦੇ ਕੱਪੜਿਆਂ ਵਿੱਚ ਪੁਲੀਸ ਕਰਮਚਾਰੀ ਮੌਜੂਦ ਹਨ। ਪੁਲੀਸ ਵੱਲੋਂ ਕੁਝ ਸਿੱਖ ਨੌਜਵਾਨਾਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਵੀ ਕੀਤਾ ਗਿਆ ਹੈ। ਸਿੱਖ ਯੂਥ ਪਾਵਰ ਦੇ ਮੁਖੀ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਪੁਲੀਸ ਵੱਲੋਂ ਉਨ੍ਹਾਂ ਸਮੇਤ ਹੋਰ ਕਈ ਸਿੱਖ ਨੌਜਵਾਨਾਂ ਨੂੰ ਰਾਤ ਤੋਂ ਹੀ ਘਰ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ। ਕਰੋਨਾ ਕਾਰਨ ਦੋ ਦਿਨ ਦੀ ਤਾਲਾਬੰਦੀ ਕਾਰਨ ਭਾਵੇਂ ਬਾਜ਼ਾਰ ਬੰਦ ਹਨ ਪਰ ਅੱਜ ਹਰਿਮੰਦਰ ਸਾਹਿਬ ਵਿੱਚ ਸੰਗਤ ਵੱਡੀ ਗਿਣਤੀ ਵਿਚ ਪੁੱਜੀ ਹੋਈ ਹੈ।