ਮਲੌਦ ਤੋਂ ਬੁਟਾਹਰੀ ਪੁਲ ਸੜਕ ਦਾ ਨਾਂ ਸੰਤ ਬਾਬਾ ਮੀਹਾਂ ਸਿੰਘ ਮਾਰਗ ਰੱਖਿਆ: ਵਿਜੈ ਇੰਦਰ ਸਿੰਗਲਾ
ਨਿਊਜ਼ ਪੰਜਾਬ
ਚੰਡੀਗੜ੍ਹ, 29 ਮਈ:
ਲੋਕ ਨਿਰਮਾਣ ਅਤੇ ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਲੌਦ-ਬੁਟਾਹਰੀ ਪੁਲ ਸੜਕ ਦਾ ਨਾਂ ਸੰਤ ਬਾਬਾ ਮੀਹਾਂ ਸਿੰਘ (ਰਿਆੜ ਵਾਲਿਆਂ) ਦੇ ਨਾਂ ‘ਤੇ ਰੱਖਣ ਦਾ ਫੈਸਲਾ ਲਿਆ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਾਇਲ ਤੋਂ ਵਿਧਾਇਕ ਲਖਬੀਰ ਸਿੰਘ ਲੱਖਾ ਦੀ ਅਗਵਾਈ ਵਿਚ ਲੋਕਾਂ ਅਤੇ ਸਥਾਨਕ ਆਗੂਆਂ ਨੇ ਸੰਤ ਬਾਬਾ ਮੀਹਾਂ ਸਿੰਘ ਦੇ ਨਾਂ ‘ਤੇ ਇਸ ਸੜਕ ਦਾ ਨਾਮ ਰੱਖਣ ਲਈ ਸਰਕਾਰ ਨੂੰ ਅਪੀਲ ਕੀਤੀ ਸੀ ਕਿਉਂਕਿ ਸੰਤ ਬਾਬਾ ਮੀਹਾਂ ਸਿੰਘ ਇਕ ਉੱਘੇ ਅਤੇ ਸਤਿਕਾਰਯੋਗ ਧਾਰਮਿਕ ਨੇਤਾ ਹਨ, ਜਿਨ੍ਹਾਂ ਦੀਆਂ ਨਿਰਸਵਾਰਥ ਸੇਵਾਵਾਂ ਕਰਕੇ ਲੋਕਾਂ ਉਹਨਾਂ ਦੇ ਪੈਰੋਕਾਰ ਬਣੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਵਿਧਾਇਕ ਲਖਬੀਰ ਸਿੰਘ ਲੱਖਾ ਦੀ ਰਸਮੀ ਸਿਫਾਰਸ਼ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਨੂੰ ਪੂਰੀ ਤਰਜੀਹ ਨਾਲ ਵਿਚਾਰਨ ਲਈ ਨਿਰਦੇਸ਼ ਦਿੱਤੇ ਅਤੇ ਹੁਣ ਇਸ ਸੜਕ ਦਾ ਨਾਂ ਸੰਤ ਬਾਬਾ ਮੀਹਾਂ ਸਿੰਘ ਦੇ ਨਾਂ ‘ਤੇ ਰੱਖਿਆ ਗਿਆ ਹੈ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਸੜਕ ਦਾ ਨਾਂ ਸੰਤ ਬਾਬਾ ਮੀਹਾਂ ਸਿੰਘ ਦੇ ਨਾਂ ‘ਤੇ ਰੱਖਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ ਜਿਸ ਉਪਰੰਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਉਕਤ ਸੜਕ ਉੱਤੇ ਨਵੇਂ ਸਾਈਨ ਬੋਰਡ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 12.64 ਕਿਲੋਮੀਟਰ ਲੰਬੀ ਇਸ ਸੜਕ ਨੂੰ ਚੌੜਾ ਕਰਨ ਦਾ ਕੰਮ ਵੀ ਚੱਲ ਰਿਹਾ ਹੈ ਜੋ ਜਲਦ ਹੀ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੜਕ ਮਲੌਦ ਅਤੇ ਹੋਰਨਾਂ ਪਿੰਡਾਂ ਜਿਵੇਂ ਗੋਸਲ, ਰੋਸ਼ੀਆਣਾ ਅਤੇ ਸਿਆੜ੍ਹ ਨੂੰ ਬੀਜਾ-ਪਾਇਲ-ਜਗੇੜਾ ਓ.ਡੀ.ਆਰ.-26 ਸੜਕ ਨਾਲ ਜੋੜਦੀ ਹੈ ਅਤੇ ਸੜਕ ਨੂੰ ਚੌੜਾ ਕਰਨਾ ਖੇਤਰ ਦੇ ਵਸਨੀਕਾਂ ਲਈ ਵੱਡੀ ਰਾਹਤ ਹੋਵੇਗੀ।
ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, “ਸਾਡੀ ਕੋਸ਼ਿਸ਼ ਵੱਖ-ਵੱਖ ਸੇਵਾਵਾਂ ਅਤੇ ਯੋਜਨਾਵਾਂ ਦੀ ਸਮਰੱਥਾ ਨੂੰ ਉਜਾਗਰ ਕਰਨ ਹੈ ਤਾਂ ਜੋ ਸੜਕਾਂ, ਇਮਾਰਤਾਂ ਅਤੇ ਪੁਲਾਂ ਦੀ ਉਸਾਰੀ ਕਰਕੇ ਪੂਰੇ ਸੂਬੇ ਵਿੱਚ ਅਤਿ ਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾ ਸਕੇ।”