ਜ਼ਿਲ੍ਹਾ ਤਰਨ ਤਾਰਨ ਵਿੱਚ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਦੇ ਬਚਾਅ ਤੋਂ ਲਗਾਈ ਜਾ ਰਹੀ ਵੈਕਸੀਨੇਸ਼ਨ ਦਾ ਅੰਕੜਾ 1,25,475 ਤੋਂ ਪਾਰ-ਡਿਪਟੀ ਕਮਿਸ਼ਨਰ
ਨਿਊਜ਼ ਪੰਜਾਬ
ਤਰਨ ਤਾਰਨ, 25 ਮਈ :
ਜ਼ਿਲ੍ਹਾ ਤਰਨ ਤਾਰਨ ਵਿੱਚ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਦੇ ਬਚਾਅ ਤੋਂ ਲਗਾਈ ਜਾ ਰਹੀ ਵੈਕਸੀਨੇਸ਼ਨ ਦਾ ਅੰਕੜਾ 1,25,475 ਤੋਂ ਪਾਰ ਹੋ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੈੱਲਥ ਕੇਅਰ ਵਰਕਰਾਂ ਨੂੰ 9308, ਫਰੰਟਲਾਈਨ ਵਰਕਰਾਂ ਨੂੰ 17967, ਉਮਰ ਵਰਗ 45 ਤੋਂ 59 ਸਾਲ ਦੇ ਨਾਗਰਿਕਾਂ ਨੂੰ 40381, ਸੀਨੀਅਰ ਸੀਟੀਜ਼ਨ 60 ਸਾਲ ਤੋਂ ਉੱਪਰ 45427, ਉਸਾਰੀ ਕਾਮੇ ਅਤੇ 18 ਤੋਂ 44 ਸਾਲ ਉਮਰ ਵਰਗ ਦੇ ਸੰਵੇਦਨਸ਼ੀਲ ਵਿਅਕਤੀਆਂ ਨੂੰ 8405, ਪ੍ਰਾਇਮਰੀ ਟੀਚਰਾਂ ਨੂੰ 994 ਅਤੇ ਸੈਕੰਡਰੀ ਟੀਚਰਾਂ ਨੂੰ 2379 ਡੋਜ਼ ਵੈੱਕਸੀਨ ਲੱਗ ਚੁੱਕੀ ਹੈ ।
ਉਨ੍ਹਾਂ ਨੇ ਕਿਹਾ ਕਿ 18 ਤੋਂ 44 ਸਾਲ ਉਮਰ ਵਰਗ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ ਅਤੇ 45 ਸਾਲ ਤੋਂ ਉੱਪਰ ਉਮਰ ਵਰਗ ਦੇ ਨਾਗਰਿਕਾਂ ਅਤੇ ਦੁਕਾਨਾਂ ‘ਤੇ ਕੰਮ ਕਰਦੇ ਤੇ ਅਦਾਰਿਆਂ ਵਿੱਚ ਕੰਮ ਕਰਦੇ ਲੋਕਾਂ ਨੂੰ ਕੋਵਿਡ-19 ਦਾ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ।
ਇਸ ਸਬੰਧੀ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਇਸ ਮਹਾਂਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ । ਇਸ ਵੈਕਸੀਨ ਦੇ ਕੋਈ ਵੀ ਬੁਰੇ ਪ੍ਰਭਾਵ ਨਹੀਂ ਹਨ, ਸਗੋਂ ਇਹ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪ੍ਰਭਾਵੀ ਹੈ । ਜੇਕਰ ਕੋਈ ਦਿਲ ਦੇ ਰੋਗਾਂ, ਸ਼ੂਗਰ ਜਾਂ ਕੋਈ ਹੋਰ ਗੰਭੀਰ ਬਿਮਾਰੀਆਂ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਕੋਵਿਡ-19 ਵੈਕਸੀਨ ਲਗਵਾਉਣਾ ਹੋਰ ਵੀ ਜਰੂਰੀ ਹੈ । ਜੇਕਰ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਦਵਾਈ ਦਾ ਸੇਵਨ ਕਰ ਰਿਹਾ ਹੈ ਤਾਂ ਉਹ ਬਿਨ੍ਹਾਂ ਦਵਾਈ ਬੰਦ ਕੀਤੇ ਕੋਰੋਨਾ ਵੈਕਸੀਨ ਲਗਵਾ ਸਕਦਾ ਹੈ ।
ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ‘ਤੇ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ । ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕਿਆ ਵਿੱਚ ਲੋਕਾਂ ਨੂੰ ਉਤਸ਼ਾਹਿਤ ਕਰਨ ਕਿ ਕੋਰੋਨਾ ਵੈਕਸੀਨ ਸੁਰੱਖਿਅਤ ਹੈ।ਉਹਨਾਂ ਕਿਹਾ ਕਿ ਕੋਰੋਨਾ ਟੀਕਾਕਰਨ ਵਾਸਤੇ ਕੈਂਪ ਵਿੱਚ ਆਪਣਾ ਪਹਿਚਾਣ ਪੱਤਰ ਅਤੇ ਚੱਲਦਾ ਮੋਬਾਇਲ ਨੰਬਰ ਜ਼ਰੂਰ ਲੈ ਕੇ ਆਓ ।