ਫੌਕਲ ਪੁਆਇੰਟ ਦੀਆਂ ਸੜਕਾਂ ਤੇ ਆਇਆ ਕੈਮੀਕਲ ਵਾਲਾ ਰੰਗਦਾਰ ਪ੍ਰਦੂਸ਼ਿਤ ਪਾਣੀ – ਜ਼ੋਨਲ ਕਮਿਸ਼ਨਰ ਨੇ ਕਿਹਾ ਹੋਵੇਗੀ ਕਾਰਵਾਈ
ਜ਼ੋਨਲ ਕਮਿਸ਼ਨਰ ਮੈਡਮ ਸਵਾਤੀ ਟਿਵਾਣਾ ਪੀ ਸੀ ਐਸ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ ਅਤੇ ਦੋਸ਼ੀ ਉਦਯੋਗਿਕ ਇਕਾਈ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ l ਜਦੋ ਕਿ ਪੰਜਾਬ ਪ੍ਰਦੂਸ਼ਿਤ ਰੋਕਥਾਮ ਬੋਰਡ ਦੇ ਅਧਿਕਾਰੀ ਸੜਕਾਂ ਤੇ ਕੈਮੀਕਲ ਵਾਲਾ ਪ੍ਰਦੂਸ਼ਿਤ ਪਾਣੀ ਵੇਖ ਕਿ ਵੀ ਅੱਖਾਂ ਬੰਦ ਕਰਕੇ ਬੈਠੇ ਹੋਏ ਹਨ
ਗੁਰਦੀਪ ਸਿੰਘ ਦੀਪ
ਲੁਧਿਆਣਾ, 4 ਮਈ – ਪੰਜਾਬ ਦੇ ਸਭ ਤੋਂ ਵੱਡੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਸਨਅਤੀ ਫੌਕਲ ਪੁਆਇੰਟ ਵਿੱਚ ਸਥਿਤ ਡਾਇੰਗ ਫੈਕਟਰੀਆਂ ਪ੍ਰਦੂਸ਼ਿਤ ਕੈਮੀਕਲ ਵਾਲਾ ਪਾਣੀ ਆਪਣੀ ਦੱਸੀ ਸਮਰਥਾ ਤੋਂ ਵੱਧ ਛੱਡ ਕੇ ਫ਼ੋਕਲ ਪੁਆਇੰਟ ਦੇ ਹੋਰ ਉਦਯੋਗਾਂ , ਹਜ਼ਾਰਾਂ ਫੈਕਟਰੀ ਵਰਕਰਾਂ ਅਤੇ ਨਗਰ ਨਿਗਮ ਦੇ ਸੀਵਰੇਜ਼ ਵਿਭਾਗ ਲਈ ਵੱਡੀਆਂ ਮੁਸ਼ਕਲਾਂ ਪੈਦਾ ਕਰ ਰਹੇ ਹਨ l
ਫੌਕਲ ਪੁਆਇੰਟ ਦੇ 34 ਏਕੜ ਮੰਗਲੀ ( ਫੇਜ਼ 8 ) ਇਲਾਕੇ ਵਿੱਚ ਸਥਿਤ ਇੱਕ ਡਾਇੰਗ ਫੈਕਟਰੀ ਨੇ ਤਾਂ ਪ੍ਰਦੂਸ਼ਿਤ ਕੈਮੀਕਲ ਵਾਲਾ ਪਾਣੀ ਬਾਹਰ ਕੱਢਣ ਲਈ ਨਵਾਂ ਢੰਗ ਲੱਭ ਕੇ ਨਗਰ ਨਿਗਮ ਸਮੇਤ ਸਾਰਿਆਂ ਨੂੰ ਹੈਰਾਨ – ਪ੍ਰੇਸ਼ਾਨ ਕਰ ਦਿੱਤਾ ਹੈ l ਡਾਇੰਗ ਫੈਕਟਰੀ ਵਲੋਂ ਪ੍ਰਦੂਸ਼ਿਤ ਪਾਣੀ ਨਗਰ ਨਿਗਮ ਵਲੋਂ ਇਲਾਕੇ ਵਿੱਚ ਪਾਏ ਬਰਸਾਤੀ ਪਾਣੀ ਦੇ ਨਿਕਾਸੀ ਵਾਲੇ ਪਾਈਪਾਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ , ਇਸ ਕਾਰਨਾਮੇ ਦਾ ਲੋਕਾਂ ਅਤੇ ਨਗਰ ਨਿਗਮ ਨੂੰ ਉਸ ਵੇਲੇ ਪਤਾ ਲੱਗਾ ਜਦੋ ਬਰਸਾਤੀ ਪਾਣੀ ਵਾਲੀ ਲਾਈਨ ਵਿੱਚੋਂ ਰੰਗਦਾਰ ਪਾਣੀ ਸੜਕ ਤੇ ਨਜ਼ਰ ਆਉਣ ਲੱਗ ਪਿਆ l ਲੋਕਾਂ ਵਲੋਂ ਸ਼ਕਾਇਤਾਂ ਮਿਲਣ ਤੇ ਨਗਰ ਨਿਗਮ ਦੇ ਸੀਵਰੇਜ਼ ਮਹਿਕਮੇ ਦੇ ਜ਼ੇ ਈ ਅਮਲੇ ਸਮੇਤ ਮੌਕੇ ਤੇ ਪੁੱਜੇ , ਮੌਕੇ ਤੇ ਸੀਵਰੇਜ਼ ਲਾਈਨ ਠੀਕ ਚੱਲ ਰਹੀ ਸੀ ਪ੍ਰੰਤੂ ਪਾਣੀ ਬਰਸਾਤੀ ਲਾਈਨ ਰਾਹੀਂ ਸੜਕ ਤੇ ਆ ਰਿਹਾ ਸੀ , ਸੀਵਰੇਜ਼ ਕਰਮਚਾਰੀਆਂ ਵਲੋਂ ਲਾਈਨ ਤੇ ਇੰਜਣ ਲਾ ਕੇ ਸਫਾਈ ਤਾਂ ਸ਼ੁਰੂ ਕਰ ਦਿੱਤੀ ਪਰ ਉਨ੍ਹਾਂ ਕਿਹਾ ਕਿ ਸਥਿਤੀ ਆਮ ਵਾਂਗ ਹੋਣ ਵਿੱਚ ਇੱਕ ਦੋ ਦਿਨ ਲੱਗ ਸਕਦੇ ਹਨ l
ਨਿਊਜ਼ ਪੰਜਾਬ ਦੇ ਪ੍ਰਤੀਨਿਧ ਨੇ ਜਦੋਂ ਨਗਰ ਨਿਗਮ ਦੇ ਬੀ ਜ਼ੋਨ ਦੀ ਜ਼ੋਨਲ ਕਮਿਸ਼ਨਰ ਮੈਡਮ ਸਵਾਤੀ ਟਿਵਾਣਾ ਪੀ ਸੀ ਐਸ ਨਾਲ ਇਸ ਮਾਮਲੇ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ ਅਤੇ ਦੋਸ਼ੀ ਉਦਯੋਗਿਕ ਇਕਾਈ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ l ਜਦੋ ਕਿ ਪੰਜਾਬ ਪ੍ਰਦੂਸ਼ਿਤ ਰੋਕਥਾਮ ਬੋਰਡ ਦੇ ਅਧਿਕਾਰੀ ਸੜਕਾਂ ਤੇ ਕੈਮੀਕਲ ਵਾਲਾ ਪ੍ਰਦੂਸ਼ਿਤ ਪਾਣੀ ਵੇਖਕੇ ਵੀ ਅੱਖਾਂ ਬੰਦ ਕਰਕੇ ਬੈਠੇ ਹੋਏ ਹਨ l