ਫੈਕਟਰੀਆਂ ‘ਚ ਆਕਸੀਜਨ ਸਿਲੰਡਰਾਂ ਦੀ ਭਾਲ ਲਈ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 11 ਮੈਂਬਰੀ ਕਮੇਟੀ ਦਾ ਗਠਨ

ਨਿਊਜ਼ ਪੰਜਾਬ
-ਕਮੇਟੀ ਫੈਕਟਰੀਆਂ ਦੀ ਜਾਂਚ ਕਰਕੇ ਖਾਲੀ ਸਿਲੰਡਰ ਕਰੇਗੀ ਇਕੱਤਰ
-ਫੈਕਟਰੀਆਂ ਵੱਲੋਂ ਜਾਂਚ ਕਰਨ ਤੋਂ ਇਨਕਾਰ ਕਰਨ ‘ਤੇ, ਪੈਨਲ ਨੂੰ ਤਾਲੇ ਖੋਲ੍ਹਣ ਦਾ ਵੀ ਹੋਵੇਗਾ ਅਧਿਕਾਰ – ਜ਼ਿਲ੍ਹਾ ਮੈਜਿਸਟ੍ਰੇਟ

ਲੁਧਿਆਣਾ, 02 ਮਈ  – ਮੈਡੀਕਲ ਆਕਸੀਜਨ ਦੀ ਮੰਗ ਵਿਚ ਭਾਰੀ ਵਾਧੇ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਦਯੋਗਿਕ ਇਕਾਈਆਂ ਨੂੰ ਖਾਲੀ ਜਾਂ ਭਰੇ ਸਿਲੰਡਰ ਜਮ੍ਹਾ ਕਰਾਉਣ ਦੀ ਅਪੀਲ ਦੇ ਬਾਵਜੂਦ ਵੀ ਅਜੇ ਕੁਝ ਇਕਾਈਆਂ ਵੱਲੋਂ ਸਿਲੰਡਰ ਜਮ੍ਹਾਂ ਨਹੀਂ ਕਰਵਾਏ ਜਾ ਰਹੇ। ਜ਼ਿਲ੍ਹਾ ਮੈਜਿਸਟ੍ਰੇੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜੋ ਸਿਲੰਡਰਾਂ ਦੀ ਜਾਂਚ ਅਤੇ ਸਿਲੰਡਰ ਇਕੱਤਰ ਕਰੇਗੀ।

ਇਸ ਸਬੰਧ ਵਿਚ ਅਧਿਕਾਰਤ ਆਦੇਸ਼ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕਮੇਟੀ ਦੀ ਪ੍ਰਧਾਨਗੀ ਗਲਾਡਾ ਦੇ ਮੁੱਖ ਪ੍ਰਬੰਧਕ ਸ.ਪਰਮਿੰਦਰ ਸਿੰਘ ਗਿੱਲ ਕਰਨਗੇ, ਇਸ ਤੋਂ ਬਾਅਦ ਏ.ਡੀ.ਸੀ.ਪੀ. ਸ.ਜਸਕਰਨ ਸਿੰਘ ਤੇਜ਼ਾ, ਪੀ.ਪੀ.ਸੀ.ਬੀ. ਦੇ ਐਸ.ਈ. ਸ੍ਰੀ ਸੰਦੀਪ ਬਹਿਲ, ਕਾਰਜਕਾਰੀ ਇੰਜੀਨੀਅਰ ਪੀ.ਪੀ.ਸੀ.ਬੀ. ਸ੍ਰੀ ਮਨੋਹਰ ਲਾਲ, ਡਿਪਟੀ ਡਾਇਰੈਕਟਰ ਫੈਕਟਰੀਆਂ ਸ.ਐਸ.ਐਸ. ਭੱਟੀ, ਸਹਾਇਕ ਲੇਬਰ ਕਮਿਸ਼ਨਰ ਸ.ਬਲਜੀਤ ਸਿੰਘ ਤੋਂ ਇਲਾਵਾ ਇਸ ਦੇ ਮੈਂਬਰ ਵਜੋਂ 5 ਹੋਰ ਅਧਿਕਾਰੀ ਵੀ ਸ਼ਾਮਲ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਗਲਾਡਾ ਦੇ ਮੁੱਖ ਪ੍ਰਬੰਧਕ ਸ.ਪਰਮਿੰਦਰ ਸਿੰਘ ਗਿੱਲ ਅਤੇ ਏ.ਡੀ.ਸੀ.ਪੀ. ਸ.ਜਸਕਰਨ ਸਿੰਘ ਤੇਜ਼ਾ ਤੋਂ ਇਲਾਵਾ ਹੋਰ ਮੈਂਬਰ ਕਾਰਜਕਾਰੀ ਮੈਜਿਸਟ੍ਰੇੇਟ ਵਜੋਂ ਵੀ ਕੰਮ ਕਰਨਗੇ ਅਤੇ ਉਨ੍ਹਾਂ ਨੂੰ ਕਿਸੇ ਵੀ ਫੈਕਟਰੀ ਵਿੱਚ ਸਿਲੰਡਰ ਚੈੱਕ ਕਰਨ ਦਾ ਅਧਿਕਾਰ ਪ੍ਰਾਪਤ ਹੈ ਅਤੇ ਕੋਈ ਵੀ ਉਦਯੋਗ ਇਸ ਕਮੇਟੀ ਨੂੰ ਸਿਲੰਡਰਾਂ ਦਾ ਨਿਰੀਖਣ ਕਰਨ ਤੋਂ ਨਹੀਂ ਰੋਕ ਸਕਦਾ।

ਉਨ੍ਹਾਂ ਕਿਹਾ ਕਿ ਜੇ ਕੋਈ ਫੈਕਟਰੀ/ਉਦਯੋਗਿਕ ਇਕਾਈ ਕਮੇਟੀ ਨੂੰ ਜਾਂਚ ਕਰਨ ਤੋਂ ਇਨਕਾਰ ਕਰਦੀ ਹੈ ਤਾਂ ਪੈਨਲ ਨੂੰ ਜਾਂਚ ਕਰਨ ਲਈ ਤਾਲੇ ਖੋਲ੍ਹਣ ਦਾ ਵੀ ਅਧਿਕਾਰ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਕਮੇਟੀ ਚੈਕਿੰਗ ਦੌਰਾਨ ਜ਼ਬਤ ਕੀਤੇ ਗਏ ਸਿਲੰਡਰਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਵੇਗੀ ਅਤੇ ਉਸ ਅਨੁਸਾਰ ਪੂਰਾ ਰਿਕਾਰਡ (ਫੈਕਟਰੀ/ਉਦਯੋਗ) ਬਣਾਈ ਰੱਖੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਸਿਲੰਡਰ ਜਾਰੀ ਕਰਨ ਤੋਂ ਬਾਅਦ ਸਟਾਕ ਰਜਿਸਟਰ ਵੀ ਰੱਖਿਆ ਜਾਵੇਗਾ ਤਾਂ ਜੋ ਭਵਿੱਖ ਵਿਚ ਜਦੋਂ ਵੀ ਮਹਾਂਮਾਰੀ ਖਤਮ ਹੋ ਜਾਵੇ ਤਾਂ ਇਹ ਸਿਲੰਡਰ ਵਾਪਸ ਕੀਤੇ ਜਾ ਸਕਣ।

ਸ੍ਰੀ ਸ਼ਰਮਾ ਨੇ ਸਮੂਹ ਫੈਕਟਰੀਆਂ/ਉਦਯੋਗਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਕਮੇਟੀ ਨੂੰ ਬਣਦਾ ਸਹਿਯੋਗ ਦੇਣ ਅਤੇ ਜਿਹੜੇ ਲੋਕ ਇਸ ਦੇ ਕੰਮਕਾਜ ਵਿੱਚ ਰੁਕਾਵਟ ਪਾਉਣਗੇ ਉਨ੍ਹਾਂ ਨੂੰ ਸਖਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।