ਐਮ.ਪੀ. ਰਵਨੀਤ ਸਿੰਘ ਬਿੱਟੂ ਨੇ ਮੇਅਰ ਤੇ ਨਿਗਮ ਕਮਿਸ਼ਨਰ ਨਾਲ ਮ੍ਰਿਤਕ ਕੋਵਿਡ-19 ਮਰੀਜ਼ਾਂ ਦੇ ਸਸਕਾਰ ਦੇ ਮੁੱਦੇ ਬਾਰੇ ਕੀਤੀ ਮੀਟਿੰਗ

ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ 

ਲੁਧਿਆਣਾ, 28 ਅਪ੍ਰੈਲ  – ਲੁਧਿਆਣਾ ਦੇ ਸੰਸਦ ਮੈਂਬਰ ਸ.ਰਵਨੀਤ ਸਿੰਘ ਬਿੱਟੂ ਨੇ ਅੱਜ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਨਾਲ ਕੋਵਿਡ-19  ਮ੍ਰਿਤਕ ਮਰੀਜ਼ਾਂ ਦੇ ਸਸਕਾਰ ਦੇ ਮੁੱਦੇ ਬਾਰੇ ਵਿਸਤ੍ਰਿਤ ਮੀਟਿੰਗ ਕੀਤੀ।

ਇਸ ਸਬੰਧੀ ਇਕ ਵਿਸ਼ੇਸ਼ ਕਮੇਟੀ ਵੀ ਬਣਾਈ ਗਈ ਹੈ ਜਿਸ ਵਿਚ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਚੇਅਰਮੈਨ ਹਨ ਅਤੇ ਡੀ.ਐਫ.ਐੱਸ.ਸੀ., ਡੀ.ਐਫ.ਓ, ਅਤੇ ਸਕੱਤਰ ਆਰ.ਟੀ.ਏ. ਇਸ ਦੇ ਮੈਂਬਰ ਹਨ।

ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੌਤਾਂ ਦਾ ਆਂਕੜਾ ਵਧਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਹੀ ਆਦੇਸ਼ ਜਾਰੀ ਕਰ ਚੁੱਕਾ ਹੈ ਕਿ ਮ੍ਰਿਤਕ ਦੇਹਾਂ ਦਾ ਸਸਕਾਰ ਸ਼ਹਿਰ ਦੇ ਕਿਸੇ ਵੀ ਸ਼ਮਸ਼ਾਨਘਾਟ ਵਿਖੇ ਕੀਤਾ ਜਾ ਸਕਦਾ ਹੈ l

ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਦੇ ਸਸਕਾਰ ਵਿੱਚ ਪਰਿਵਾਰਾਂ ਦੀ ਸਹਾਇਤਾ ਲਈ ਸਿਵਲ ਹਸਪਤਾਲ ਲੁਧਿਆਣਾ ਵਿਖੇ ਇੱਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ, ਜੋ ਪਰਿਵਾਰਕ ਰਸਮਾਂ, ਪੀ.ਪੀ.ਈ. ਕਿੱਟਾਂ, ਸੈਨੀਟੇਸ਼ਨ ਆਦਿ ਵਿੱਚ ਸਹਿਯੋਗ ਕਰੇਗਾ। ਇਹ ਕੰਟਰੋਲ ਰੂਮ ਅਧਿਕਾਰਤ ਤੌਰ ‘ਤੇ ਨਗਰ ਨਿਗਮ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਭੋਜਨ ਤੇ ਸਿਵਲ ਸਪਲਾਈ ਸੰਵੇਦਨਾ ਟਰੱਸਟ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਅਤੇ ਦੁਪਹਿਰ 2 ਵਜੇ ਤੋਂ ਰਾਤ 10 ਵਜੇ ਤੱਕ 2 ਸ਼ਿਫਟਾਂ ਵਿੱਚ ਕੰਮ ਕਰੇਗਾ। ਸੰਵੇਦਨਾ ਟਰੱਸਟ ਵੱਲੋਂ ਸੱਤ ਵਾਹਨ ਵੀ ਮੁੱਹਈਆ ਕਰਵਾਏ ਗਏ ਹਨ ਤਾਂ ਜੋ ਮ੍ਰਿਤਕਾਂ ਦੇ ਸਸਕਾਰ ਲਈ ਵਾਹਨਾਂ ਦੀ ਪ੍ਰੇਸ਼ਾਨੀ ਨਾ ਆਵੇ।