ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨਤਾਰਨ ਦੇ ਜੋਸ਼ ਸਦਕਾ ਸਕੁਲਾਂ ਵਿੱਚ ਦਾਖ਼ਲਾ ਮੁਹਿੰਮ ਨੇ ਫੜੀ ਰਫਤਾਰ

ਨਿਊਜ਼ ਪੰਜਾਬ 

ਤਰਨਤਾਰਨ, 28 ਅਪ੍ਰੈਲ :
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖ਼ਲਾ ਵਧਾਉਣ ਲਈ ਸਿੱਖਿਆ ਵਿਭਾਗ ਦੇ ਹਰ ਅਧਿਕਾਰੀ, ਸਕੂਲ ਮੁਖੀ ਅਤੇ ਅਧਿਆਪਕ ਵੱਲੋਂ ਦਾਖ਼ਲਾ ਮੁਹਿੰਮ “ਈਚ ਵੰਨ ਬਰਿੰਗ ਵੰਨ ” ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ ਜਿਸ ਨਾਲ ਦਾਖ਼ਲਾ ਮੁਹਿੰਮ ਨੇ ਤੇਜ਼ੀ ਫੜ੍ਹ ਲਈ ਹੈ। ਇਸ ਮੁਹਿੰਮ ਨੂੰ ਹੋਰ ਅੱਗੇ ਲਿਜਾਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਪਰਮਜੀਤ ਸਿੰਘ ਨੇ ਬਲਾਕ ਤਰਨਤਾਰਨ ਪਰਾਪਰ ਦਾ ਵਿਸ਼ੇਸ਼ ਦੌਰਾ ਕਰਦਿਆਂ ਖੁਦ ਫਲੈਕਸ ਫੜ੍ਹ ਕੇ ਚਾਰ ਖੰਭਾ ਚੌਂਕ ਤਰਨਤਾਰਨ ਜਾ ਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਆਏ ਕ੍ਰਾਂਤੀਕਾਰੀ ਪਰਿਵਰਤਨ ਤੋਂ ਜਾਣੂੰ ਕਰਵਾਇਆ ਅਤੇ ਨਵੇਂ ਦਾਖਲਿਆਂ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਉਹਨਾਂ ਵੱਲੋਂ  ਬੱਚਿਆਂ ਦਾ ਦਾਖ਼ਲਾ ਕਰਨ ਹਿੱਤ ਅਤੇ ਲੋਕਾਂ ਵਿੱਚ ਸਰਕਾਰੀ ਸਕੂਲਾਂ ਦੇ ਪ੍ਰਚਾਰ ਸਬੰਧੀ ਮੇਨ ਸੜਕ ਤੇ ਕੈਨੋਪੀ ਲਗਾ ਕੇ ਮੁਹਿੰਮ “ਈਚ ਵੰਨ ਬਰਿੰਗ ਵੰਨ” ਲਈ ਪ੍ਰਚਾਰ ਕੀਤਾ। ਇਸ ਮੌਕੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਵਰ੍ਹੇ ਦੌਰਾਨ ਵਿਦਿਆਰਥੀਆਂ ਦੇ ਦਾਖ਼ਲੇ ਸਬੰਧੀ 17% ਵਾਧਾ ਹੋਇਆ ਸੀ ਅਤੇ ਇਸ ਵਾਰ ਉਕਤ ਅੰਕੜੇ ਨੂੰ ਹੋਰ ਅੱਗੇ ਲਿਜਾਣ ਲਈ ਵਿਭਾਗ ਦਾ ਹਰ ਮੁਲਾਜ਼ਮ ਯਤਨਸ਼ੀਲ ਹੈ।
ਡੀਈਓ ਸ਼੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਅਧਿਆਪਕਾਂ ਦੁਆਰਾ ਵਿਭਾਗ ਦੀਆਂ ਵੱਖ-ਵੱਖ ਪ੍ਰਾਪਤੀਆਂ ਜਿਵੇਂ ਸਮਾਰਟ ਸਕੂਲ,ਸਮਾਰਟ ਗਰਾਊਂਡ, ਸਮਾਰਟ ਯੂਨੀਫ਼ਾਰਮ, ਇੰਗਲਿਸ਼ ਬੂਸਟਰ ਕਲੱਬ,ਐਲ ਕੇ ਜੀ ਤੋਂ ਪੰਜਵੀਂ ਤੱਕ ਬਿਲਕੁਲ ਮੁਫ਼ਤ ਮਿਆਰੀ ਸਿੱਖਿਆ ਆਦਿ ਲੋਕਾਂ ਤੱਕ ਪੈਮਫਲੈੱਟਸ ਰਾਹੀਂ ਪਹੁੰਚਾਈਆਂ ਜਾ ਰਹੀਆਂ ਹਨ। ਡੀਈਓ ਐਲੀਮੈਂਟਰੀ ਤਰਨਤਾਰਨ ਨੇ ਦੱਸਿਆ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਘਰ ਘਰ ਜਾ ਕੇ ਮਾਪਿਆਂ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਸਰਕਾਰੀ ਸਕੂਲਾਂ ਨਾਲ ਆਮ ਲੋਕਾਂ ਜੋੜਨ ਲਈ ਵੱਧ ਤੋਂ ਵੱਧ ਪ੍ਰਚਾਰ ਅਤੇ ਅਨਾਊਂਸਮੈਂਟ ਕਰਵਾਉਣ।
ਸ਼੍ਰੀ ਪਰਮਜੀਤ ਸਿੰਘ, ਡਿਪਟੀ ਡੀਈਓ ਐਲੀਮੈਂਟਰੀ ਤਰਨਤਾਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਦੇ ਸਾਰੇ ਸਕੂਲਾਂ ਵਿੱਚ ਮਿਹਨਤ ਦਾਖ਼ਲਾ ਮੁਹਿੰਮ ਲਈ ਸਮਾਜ ਵਿੱਚ ਜਾਗਰੂਕਤਾ ਲਿਆਉਣ ਲਈ ਜ਼ਿਲ੍ਹੇ ਦੀਆਂ ਪ੍ਰਾਇਮਰੀ ਅਤੇ ਸੈਕੰਡਰੀ ਲੈਵਲ ਤੇ ਸਵੈ ਇੱਛਾ ਨਾਲ ਬਣੀਆਂ ਨੁੱਕੜ ਨਾਟਕ ਟੀਮਾਂ ਰਾਹੀਂ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਉਹਨਾਂ ਦੱਸਿਆ ਕਿ ਉਹ ਡੀਈਓ ਐਲੀਮੈਂਟਰੀ ਤਰਨਤਾਰਨ ਦੀ ਰਹਿਨੁਮਾਈ ਹੇਠ ਖੁਦ ਦਾਖ਼ਲਾ ਮੁਹਿੰਮ ਤਹਿਤ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਜਾ ਕੇ ਮੋਹਤਬਰ ਸ਼ਖ਼ਸੀਅਤਾਂ ਅਤੇ ਮਾਪਿਆਂ ਨਾਲ ਰਾਬਤਾ ਬਣਾ ਰਹੇ ਹਨ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਅਤੇ ਸਰਗਰਮੀਆਂ ਲੋਕਾਂ ਤੱਕ ਪਹੁੰਚਾ ਰਹੇ ਹਨ।
ਬੀਪੀਈਓ ਮੈਡਮ ਵੀਰਜੀਤ ਕੌਰ ਨੇ ਕਿਹਾ ਕਿ ਸਾਡਾ ਮਨੋਰਥ ਹਰ ਬੱਚੇ ਨੂੰ ਬਿਨਾਂ ਕਿਸੇ ਖਰਚੇ ਦੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਹੈ। ਸਿੱਖਿਆ ਅਧਿਕਾਰੀ ਨੇ ਮਾਪਿਆਂ ਨੂੰ ਬੇਲੋੜੇ ਖਰਚੇ ਘਟਾਉਣ ਲਈ ਆਪਣੇ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਸਰਕਾਰੀ ਸਕੂਲਾਂ ਵਿੱਚ ਬੱਚੇ ਦੀ ਇੱਛਾ ਅਨੁਸਾਰ ਅੰਗਰੇਜ਼ੀ ਮਾਧਿਅਮ ਉਪਲਬਧ ਕਰਵਾਇਆ ਗਿਆ ਹੈ ਉੱਥੇ ਹੀ ਇੰਗਲਿਸ਼ ਬੂਸਟਰ ਕਲੱਬਾਂ ਅਧੀਨ ਬੱਚਿਆਂ ਦੀ ਅੰਗਰੇਜ਼ੀ ਬੋਲਣ ਦੀ ਝਿਜਕ ਦੂਰ ਕਰਕੇ ਉਹਨਾਂ ਨੂੰ ਫਰਾਟੇਦਾਰ ਅੰਗਰੇਜ਼ੀ ਬੋਲਣ ਦੇ ਸਮਰੱਥ ਬਣਾਇਆ ਜਾ ਰਿਹਾ ਹੈ।ਡੀਈਓ ਸਾਹਿਬਾਨ ਨੇ ਦੱਸਿਆ ਕਿ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਘਰ ਬੈਠੇ ਸਿੱਖਿਆ ਮੁਹਿੰਮ ਹੇਠ ਸਿਲੇਬਸ ਨਾਲ ਸਬੰਧਤ ਆਨਲਾਈਨ ਸਲਾਈਡਾਂ ਰਾਹੀਂ ਕੰਮ ਭੇਜਿਆ ਜਾ ਰਿਹਾ ਹੈ ਅਤੇ ਆਪਣੇ ਬੱਚਿਆਂ ਦਾ ਦਾਖ਼ਲਾ ਕਰਵਾਉਣ ਲਈ ਮਾਪੇ ਵੱਡੇ ਪੱਧਰ ਤੇ ਸਰਕਾਰੀ ਸਕੂਲਾਂ ਤੱਕ ਪਹੁੰਚ ਕਰ ਰਹੇ ਹਨ।
ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਤਰਨਤਾਰਨ ਪ੍ਰੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਅਧਿਕਾਰੀਆਂ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਪੂਰੇ ਜੋਸ਼ ਅਤੇ ਵਿਸ਼ਵਾਸ ਨਾਲ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਮੇਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਨਵਦੀਪ ਸਿੰਘ ਨੇ ਦੱਸਿਆ ਕਿ ਇਸ ਵਰ੍ਹੇ ਖਾਸ ਤੌਰ ਤੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਨੂੰ ਅਪਣਾਉਣ ਦਾ ਰੁਝਾਨ ਬਹੁਤ ਵਧਿਆ ਹੈ। ਇਸ ਮੌਕੇ ਬੀਐਮਟੀ ਸ਼੍ਰੀ ਗੁਰਮੀਤ ਸਿੰਘ ਖਾਲਸਾ, ਸ਼੍ਰੀਮਤੀ ਰਣਜੀਤ ਕੌਰ, ਸੀਐਚਟੀ ਸਪਸ ਤਰਨਤਾਰਨ 1, ਸ੍ਰੀ ਗੁਰਪ੍ਰੀਤ ਸਿੰਘ ਈਟੀਟੀ ਸਰਕਾਰੀ ਐਲੀਮੈਂਟਰੀ ਸਕੂਲ ਪਲਾਸੌਰ, ਸ੍ਰੀ ਮਹਿੰਦਰਾ ਰਾਜਨ ਐੱਚਟੀ ਤਰਨਤਾਰਨ-2, ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਤਰਨਤਾਰਨ 1 ਦਾ ਸਮੂਹ ਸਟਾਫ਼ ਹਾਜਰ ਸਨ।