ਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂ
ਨਿਊਜ਼ ਪੰਜਾਬ
ਚੰਡੀਗੜ੍ਹ, 14 ਅਪ੍ਰੈਲ:
ਸੂਬੇ ਵਿਚ ਗੈਰਕਾਨੂੰਨੀ ਖਣਨ ਦੀ ਸਮੱਸਿਆ ਨੂੰ ਜੜ੍ਹੋਂ ਪੁੱਟਣ ਲਈ ਸਰਕਾਰ ਵਲੋਂ ਖਣਨ ਦੀਆਂ ਅਜਿਹੀਆਂ ਗਤੀਵਿਧੀਆਂ `ਤੇ ਰੋਕ ਲਗਾਉਣ ਵਾਸਤੇ ਠੋਸ ਯਤਨ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਇਸਦਾ ਸਖ਼ਤ ਨੋਟਿਸ ਲਿਆ ਗਿਆ ਹੈ।
ਈ.ਡੀ. ਮਾਈਨਿੰਗ, ਪੰਜਾਬ ਆਰ.ਐਨ. ਢੋਕੇ ਨੇ ਖੰਨਾ ਪੁਲਿਸ ਨੂੰ ਪਿਛਲੇ ਹਫਤੇ ਪੁਲਿਸ ਥਾਣਾ ਮਾਛੀਵਾੜਾ ਸਾਹਿਬ ਵਿਖੇ ਦਰਜ ਕੀਤੇ ਗਏ ਗੈਰਕਾਨੂੰਨੀ ਰੇਤ ਖਣਨ ਕੇਸ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਹਦਾਇਤ ਕੀਤੀ ਸੀ। ਉਨ੍ਹਾਂ ਐਕਸੀਅਨ ਮਾਈਨਿੰਗ, ਐਸ.ਬੀ.ਐਸ. ਜ਼ਰੀਏ ਰਾਹੋਂ ਖੇਤਰ ਵਿਚ ਕੀਤੀ ਗਈ ਗੈਰਕਾਨੂੰਨੀ ਮਾਈਨਿੰਗ ਦੀ ਹੱਦ ਦਾ ਪਤਾ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਸਨ।
ਅਪਰਾਧੀ ਗੁਰਿੰਦਰ ਸਿੰਘ ਉਰਫ ਗਿੰਦਾ ਨੂੰ ਖੰਨਾ ਪੁਲਿਸ ਨੇ 09.04.2021 ਨੂੰ ਗ੍ਰਿਫਤਾਰ ਕੀਤਾ ਸੀ ਕਿਉਂਕਿ ਉਹ ਨਵਾਂ ਸ਼ਹਿਰ ਦੇ ਰਾਹੋਂ ਖੇਤਰ ਵਿੱਚ ਰੇਤ ਦੀ ਗੈਰ ਕਾਨੂੰਨੀ ਖਣਨ ਵਿੱਚ ਸ਼ਾਮਲ ਪਾਇਆ ਗਿਆ ਸੀ। ਉਸ ਦੇ ਸਾਥੀ ਕਰਨਵੀਰ ਸਿੰਘ ਨੂੰ ਵੀ ਅੱਜ ਖੰਨਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਜਾਂਚ ਦੌਰਾਨ ਦੋਸ਼ੀ ਵਿਅਕਤੀਆਂ ਦੁਆਰਾ ਇਹ ਖੁਲਾਸਾ ਹੋਇਆ ਕੀਤਾ ਗਿਆ ਕਿ ਰਾਜੂ ਗੁੱਜਰ ਵਾਸੀ ਰਤਨਾਨਾ, ਧਰਮਜੀਤ ਸਿੰਘ ਵਾਸੀ ਸ਼ਮਸ਼ਪੁਰ, ਦਲਵੀਰ ਸਿੰਘ ਉਰਫ ਬਿੱਟੂ ਵਾਸੀ ਬਾਰਸੀਆ ਅਤੇ ਪਵਨ ਸਿੰਘ ਵਾਸੀ ਭਰਤਾ ਸ਼ਮਸ਼ਪੁਰ ਅਤੇ ਹਦੀਵਾਲ ਪਿੰਡਾਂ ਨੇੜੇ ਰਾਹੋਂ ਖੇਤਰ ਵਿੱਚ ਸਤਲੁਜ ਦਰਅਿਾ ਦੀ ਤਹਿ `ਚ ਗੈਰ ਕਾਨੂੰਨੀ ਰੇਤ ਖਣਨ ਕਰ ਰਹੇ ਸਨ।
ਐਕਸੀਅਨ-ਕਮ-ਜ਼ਿਲ੍ਹਾ ਖਣਨ ਅਫਸਰ ਐਸ.ਬੀ.ਐਸ. ਨਗਰ ਗੁਰਤੇਜ ਸਿੰਘ ਗਰਚਾ ਅਤੇ ਜਸਵਿੰਦਰ ਸਿੰਘ, ਡੀ.ਐਸ.ਪੀ. ਸਮਰਾਲਾ ਦੀ ਅਗਵਾਈ ਵਾਲੀ ਸਾਂਝੀ ਟੀਮ ਨੇ ਕੱਲ੍ਹ ਪ੍ਰਭਾਵਤ ਮਾਈਨਿੰਗ ਖੇਤਰ ਦਾ ਦੌਰਾ ਕੀਤਾ ਅਤੇ ਸ਼ਮਸ਼ਪੁਰ ਅਤੇ ਹਦੀਵਾਲ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੀ ਹੱਦ ਦਾ ਪਤਾ ਲਗਾਉਣ ਲਈ ਡਰੋਨ ਫੋਟੋਗ੍ਰਾਫੀ ਕੀਤੀ।
ਐਕਸੀਅਨ ਮਾਈਨਿੰਗ ਦੁਆਰਾ ਸੌਂਪੀ ਗਈ ਰਿਪੋਰਟ ਜਾਂਚ ਫਾਈਲ ਵਿੱਚ ਸ਼ਾਮਲ ਕੀਤੀ ਜਾਵੇਗੀ। ਈ.ਡੀ. ਮਾਈਨਿੰਗ ਆਰ.ਐਨ. ਢੋਕੇ ਨੇ ਦੱਸਿਆ ਕਿ ਐਸ.ਐਸ.ਪੀ. ਖੰਨਾ ਨੂੰ ਇਸ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਪਹਿਲ ਦੇ ਅਧਾਰ ’ਤੇ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸੂਬੇ ਵਿਚ ਗੈਰ ਕਾਨੂੰਨੀ ਮਾਈਨਿੰਗ ਨੂੰ ਨੱਥ ਪਾਉਣ ਲਈ ਈਡੀ ਮਾਈਨਿੰਗ ਵੱਲੋਂ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।