ਵੀ.ਕੇ. ਸਿੰਘ ਵੱਲੋਂ ਕੋਵਿਡ-19 ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਦੀ ਕੀਤੀ ਸਮੀਖਿਆ

ਨਿਊਜ਼ ਪੰਜਾਬ 

ਲੁਧਿਆਣਾ, 13 ਅਪ੍ਰੈਲ  – ਟੈਕਸਟਾਈਲ ਮੰਤਰਾਲੇ, ਭਾਰਤ ਸਰਕਾਰ ਦੇ ਸਕੱਤਰ ਸ੍ਰੀ ਵੀ.ਕੇ. ਸਿੰਘ, ਆਈ.ਏ.ਐੱਸ. ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੁਆਰਾ ਕੋਵਿਡ-19 ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਤਸੱਲੀ ਪ੍ਰਗਟਾਈ। ਉਨ੍ਹਾਂ ਸਥਾਨਕ ਬੱਚਤ ਭਵਨ ਵਿਖੇ ਕੋਵਿਡ-19 ਦੇ ਸੰਬੰਧ ਵਿੱਚ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਪ੍ਰਮੁੱਖ ਸਕੱਤਰ ਸਿਹਤ ਸ੍ਰੀ ਹੁਸਨ ਲਾਲ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ, ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਸ.ਚਰਨਜੀਤ ਸਿੰਘ ਸੋਹਲ, ਐਸ.ਐਸ.ਪੀ. ਖੰਨਾ ਸ.ਗੁਰਸ਼ਰਨਦੀਪ ਸਿੰਘ ਗਰੇਵਾਲ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਵੀ.ਕੇ. ਸਿੰਘ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਵਿਡ-19 ਦੀ ਰੋਕਥਾਮ ਸਬੰਧੀ ਚੁੱਕੇ ਜਾ ਰਹੇ ਕਦਮਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਭਰੋਸਾ ਦਿੱਤਾ ਕਿ ਮਰੀਜ਼ਾਂ ਦੇ ਇਲਾਜ਼ ਲਈ ਬੈਡ, ਆਕਸੀਜਨ, ਟੀਕੇ, ਦਵਾਈਆਂ ਆਦਿ ਦੀ ਕਾਫ਼ੀ ਉਪਲਬਧਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਮੁੱਚੀ ਸਥਿਤੀ ‘ਤੇ ਪੈਨੀ ਨਜ਼ਰ ਰੱਖਣ ਲਈ, ਸੀਨੀਅਰ ਅਧਿਕਾਰੀਆਂ ਨੂੰ ਕੋਵਿਡ-19 ਦੇ ਵੱਖ-ਵੱਖ ਪਹਿਲੂਆਂ ਦਾ ਇੰਚਾਰਜ ਬਣਾਇਆ ਗਿਆ ਹੈ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਨੋਡਲ ਅਫਸਰ ਕੋਵਿਡ-19 ਸ੍ਰੀ ਸੰਦੀਪ ਕੁਮਾਰ ਨੇ ਵੀ ਇਸ ਸੰਬੰਧੀ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ‘ਵੈਕਸੀਨੇਸ਼ਨ ਐਟ ਡੋਰਸਟੈਪਸ’ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਹੈ, ਜਿਸ ਤਹਿਤ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿੱਚ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 3.32 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ‘ਵੈਕਸੀਨੇਸ਼ਨ ਐਟ ਡੋਰਸਟੈਪਸ’ ਮੁਹਿੰਮ ਤਹਿਤ ਟੀਕਾਕਰਨ ਕੇਂਦਰ ਵਿਖੇ ਕਤਾਰ ਵਿਚ ਖੜ੍ਹਨ ਦੀ ਲੋੜ ਨਹੀਂ ਹੈ ਕਿਉਂਕਿ ਸਿਹਤ ਟੀਮਾਂ ਵਿਸ਼ੇਸ਼ ਖੇਤਰ/ਫੈਕਟਰੀ/ਪਿੰਡ/ਰਿਹਾਇਸ਼ੀ ਸੁਸਾਇਟੀ ਜਾਂ ਨਿੱਜੀ ਅਤੇ ਵਪਾਰਕ ਅਦਾਰਿਆਂ ਦਾ ਦੌਰਾ ਕਰਨਗੀਆਂ ਜਿਸ ਲਈ ਸਿਰਫ ਆਪਣੇ ਇਲਾਕਿਆਂ ਜਾਂ ਥਾਵਾਂ ‘ਤੇ ਟੀਕਾਕਰਨ ਕੈਂਪ ਲਈ ਪ੍ਰਸ਼ਾਸਨ ਨੂੰ ਇੱਕ ਫੋਨ ਕਰਨ ਦੀ ਲੋੜ ਹੈ।

ਸ੍ਰੀ ਵੀ.ਕੇ. ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟ ਕਰਦਿਆਂ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਵਸਨੀਕਾਂ ਨੂੰ ਜਲਦ ਤੋਂ ਜਲਦ ਟੀਕੇ ਲਗਵਾਉਣ ਲਈ ਪ੍ਰੇਰਿਤ ਕਰਨ ਕਿਉਂਕਿ ਇਹ ਸਾਡੇ ਸਮਾਜ ਵਿਚੋਂ ਕੋਵਿਡ ਮਹਾਂਮਾਰੀ ਦੇ ਖਾਤਮੇ ਦਾ ਇੱਕੋ-ਇੱਕ ਹਥਿਆਰ ਹੈ।