ਕੋਰੋਨਾ ਕੇਂਦਰ ਸਰਕਾਰ ਦਾ ‘ਆਗਿਆਕਾਰੀ ਪੁੱਤ’ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਤਸਰ : 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਉਂ ਲਗਦਾ ਜਿਵੇ ਕੋਰੋਨਾ ਕੇਂਦਰ ਸਰਕਾਰ ਦਾ ਆਗਿਆਕਾਰੀ ਪੁੱਤ ਹੈ ਤੇ ਸਰਕਾਰ ਦੀ ਆਗਿਆ ਤਹਿਤ ਚੱਲਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਸੂਬੇ ਵਿਚ ਕੇਂਦਰ ਸਰਕਾਰ ਨੂੰ ਸਿਆਸੀ ਮੁਸ਼ਕਲ ਪੇਸ਼ ਆਉਂਦੀ ਹੈ ਉਸ ਸੂਬੇ ਵਿਚ ਸਰਕਾਰ ਦਾ ‘ਆਗਿਆਕਾਰੀ ਪੁੱਤ’ ਕੋਰੋਨਾ ਸਰਗਰਮ ਹੋ ਜਾਂਦਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਗੁਰੂ ਦਾ ਓਟ ਆਸਰਾ ਲੈ ਕੇ ਪੁਰਬ ਮਨਾ ਰਹੇ ਹਾਂ ਜਾਣਦੇ ਹਾਂ ਕਿ ਅਹਿਤਿਆਤ ਜ਼ਰੂਰੀ ਹੈ। ਆਲਮੀ ਸਿਹਤ ਸੰਸਥਾ ਵੀ ਆਖ ਚੁੱਕੀ ਹੈ ਕਿ ਕੋਰੋਨਾ ਹੁਣ ਇਨਸਾਨੀ ਜ਼ਿੰਦਗੀ ਦੇ ਨਾਲ ਹੀ ਚੱਲੇਗਾ, ਇਸ ਲਈ ਬਚਾਅ ਕਰਨ ਦੀ ਲੋੜ ਹੈ ਨਾ ਕਿ ਕੋਰੋਨਾ ਦੀ ਆੜ ਹੇਠ ਸਾਰੇ ਕੰਮ-ਕਾਰ ਠਪ ਕਰ ਦਿੱਤੇ ਜਾਣ। ਜਥੇਦਾਰ ਨੇ ਕਿਹਾ ਕਿ ਮਾਸਕ ਤੇ ਸੈਨੇਟਾਇਜ਼ਰ ਦੀ ਵਰਤੋਂ ਦੇ ਨਾਲ ਨਾਲ ਸਾਨੂੰ ਸਾਰਿਆਂ ਨੂੰ ਆਪਸੀ ਦੂਰੀ ਬਣਾ ਕੇ ਰਖਣੀ ਚਾਹੀਦੀ ਹੈ। ਉਨ੍ਹਾਂ ਹੈਰਾਨੀ ਦਾ ਇਜ਼ਹਾਰ ਕਰਦਿਆਂ ਪੁੱਛਿਆ ਕਿ ਕੀ ਕੁੰਭ ਮੇਲੇ ਕਾਰਨ ਕੋਰੋਨਾ ਨਹੀਂ ਫੈਲੇਗਾ? ਬੰਗਾਲ ਵਿਚ ਚੋਣ ਪ੍ਰਚਾਰ ਲਈ ਕੀਤੇ ਜਾਂਦੇ ਲੱਖਾਂ ਦੇ ਇਕੱਠ ਵਿਚ ਕੋਰੋਨਾ ਨਹੀਂ ਫੈਲੇਗਾ? ਤਾਂ ਫੇਰ ਪੰਜਾਬ ਵਿਚ ਇਹ ਕੋਰੋਨਾ ਦਾ ਡਰ ਕਿਉਂ ਦਿਖਾਇਆ ਜਾ ਰਿਹਾ ਹੈ? ਇਹ ਸਵਾਲ ਜਵਾਬ ਮੰਗਦੇ ਹਨ।