ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਵਿਡ ਦੀ ਦੂਸਰੀ ਲਹਿਰ ਨਾਲ ਨਜਿੱਠਣ ਲਈ ਨਿੱਜੀ ਹਸਪਤਾਲਾਂ ਨੂੰ ਬੈਡ ਦੀ ਸਮਰੱਥਾ ਵਧਾਉਣ ਦੇ ਨਿਰਦੇਸ਼

ਨਿਊਜ਼ ਪੰਜਾਬ 

ਲੁਧਿਆਣਾ, 18 ਮਾਰਚ  – ਕੋਵਿਡ-19 ਦੀ ਦੂਜੀ ਲਹਿਰ ਦੇ ਮੱਦੇਨਜਰ ਵੱਧਦੇ ਪੋਜ਼ਟਿਵ ਮਾਮਲਿਆਂ ਨਾਲ ਨਜਿੱਠਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਅੱਜ ਨਿੱਜੀ ਹਸਪਤਾਲਾਂ ਨੂੰ ਬਿਨ੍ਹਾਂ ਕਿਸੇ ਦੇਰੀ ਬੈਡਾਂ ਦੀ ਸਮਰੱਥਾ ਵਧਾਉਣ ਦੇ ਨਿਰਦੇਸ਼ ਦਿੱਤੇ।

ਇਸ ਤੋਂ ਇਲਾਵਾ, ਉਨ੍ਹਾਂ ਕੁੱਝ ਸਮੇਂ ਲਈ ਚੋਣਵੀਆਂ ਸਰਜਰੀਆਂ ਨੂੰ ਮੁਲਤਵੀ ਕਰਨ ਦੇ ਆਦੇਸ਼ ਵੀ ਦਿੱਤੇ ਤਾਂ ਜੋ ਕੋਵਿਡ ਕੇਸਾਂ ਦੇ ਵਾਧੇ ਦੇ ਮੱਦੇਨਜ਼ਰ ਗੰਭੀਰ ਹਾਲਤ ਵਾਲੇ ਮਰੀਜ਼ਾਂ ਲਈ ਬੈਡਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮਰੀਜ਼ਾਂ ਨੂੰ ਮਿਆਰੀ ਇਲਾਜ਼ ਅਤੇ ਮੌਤ ਦਰ ਨੂੰ ਘਟਾ ਕੇ ਦੂਜੀ ਲਹਿਰ ਨਾਲ ਨਜਿੱਠਣ ਲਈ ਬੈਡਾਂ ਦੀ ਸਮਰੱਥਾ ਵਧਾਉਣ ਦੀ ਤੁਰੰਤ ਲੋੜ ਹੈ।

ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਨੇ ਬੈੱਡ ਸਮਰੱਥਾ ਦਾ ਨੀਰੀਖਣ ਕਰਵਾਉਣ ਲਈ ਟੀਮਾਂ ਦਾ ਗਠਨ ਵੀ ਕੀਤਾ ਹੈ ਜੋ ਸ਼ਨੀਵਾਰ ਤੋਂ ਆਪਣਾ ਕੰਮ ਸ਼ੁਰੂ ਕਰਨਗੀਆਂ।

ਪ੍ਰਾਈਵੇਟ ਸਿਹਤ ਸੰਸਥਾਵਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਗਲੇ 15 ਦਿਨਾਂ ਤੱਕ ਕੋਵਿਡ ਦੇ ਫੈਲਾਅ ਨੂੰ ਰੋਕਣਾ ਮਹੱਤਵਪੂਰਨ ਹੈ।

ਉਨ੍ਹਾਂ ਕਿਹਾ ਕਿ ਬੈਡਾਂ ਦੀ ਸਮਰੱਥਾ ਨੂੰ ਤੁਰੰਤ ਵਧਾਇਆ ਜਾਣਾ ਜ਼ਰੂਰੀ ਹੈ ਤਾਂ ਜੋ ਹਰੇਕ ਮਰੀਜ਼ ਨੂੰ ਬੈਡ ਦੀ ਤੁਰੰਤ ਉਪਲੱਬਧਤਾ ਦੇ ਨਾਲ-ਨਾਲ ਚੰਗਾ ਇਲਾਜ਼ ਤੇ ਵਧੀਆ ਸੰਭਵ ਦੇਖਭਾਲ ਮਿਲ ਸਕੇ।

ਉਨ੍ਹਾਂ ਕਿਹਾ ਕਿ ਬਜ਼ੁਰਗ ਅਤੇ ਸਹਿ ਰੋਗਾਂ ਨਾਲ ਪੀੜ੍ਹਤ ਮਰੀਜ਼ਾਂ ਦੀ ਦੇਖਭਾਲ ਨੂੰ ਪਹਿਲ ਦਿੱਤੀ ਜਾਵੇ ਕਿਉਂਕਿ ਉਹ ਨਾਜੁਕ ਦੌਰ ਵਿੱਚੋਂ ਗੁਜਰ ਰਹੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਲੂ ਵਰਗੇ ਲੱਛਣਾਂ ਨੂੰ ਸਹਿਜ ਢੰਗ ਨਾਲ ਨਾ ਲੈਣ ਅਤੇ ਜਲਦ ਹੀ ਡਾਕਟਰਾਂ ਨਾਲ ਸੰਪਰਕ ਕਰਨ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਟੈਸਟਾਂ ਵਿੱਚ ਤੇਜ਼ੀ ਲਿਆਉਣ ਕਰਕੇ ਕੇਸ ਸਾਹਮਣੇ ਆ ਰਹੇ ਹਨ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਹਿਨਣਾ, ਸਮਾਜਿਕ ਦੂਰੀ ਅਤੇ ਵਾਰ-ਵਾਰ ਹੱਥ ਧੋਣ ਦੀ ਸਖਤੀ ਨਾਲ ਪਾਲਣ ਕਰਨ।

ਉਨ੍ਹਾਂ ਕਿਹਾ ਕਿ ਮਾਹਰਾਂ ਦੇ ਅਨੁਸਾਰ ਕੋਰੋਨਾ ਦੀ ਦੂਜੀ ਲਹਿਰ ਕਾਫੀ ਤੇਜ਼ ਹੈ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਉਹ ਹਰ ਇੱਕ ਦੀ ਜ਼ਿੰਦਗੀ ਨੂੰ ਬਚਾਉਣ ਲਈ ਆਈ.ਸੀ.ਯੂ. ਸਹੂਲਤਾਂ ਅਤੇ ਆਕਸੀਜਨ ਸਹਾਇਤਾ ਵਾਲੇ ਢੁੱਕਵੇਂ ਬੈਡਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੂਜੀ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਹਰ ਸੰਭਵ ਉਪਾਅ ਕੀਤੇ ਜਾ ਰਹੇ ਹਨ।

ਉਨ੍ਹਾਂ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਦੀ ਦੂਜੀ ਲਹਿਰ ਦਾ ਮੁਕਾਬਲਾ ਕਰਨ ਲਈ ਸਰੋਤਾਂ ਅਤੇ ਜਨ-ਸ਼ਕਤੀ ਨਾਲ ਪੂਰੀ ਤਰ੍ਹਾਂ ਲੈਸ ਹੈ ਅਤੇ ਇਸ ਨੇਕ ਕੰਮ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਇਹ ਵੀ ਕਿਹਾ ਕਿ ਨੋਵਲ ਕੋਰੋਨਾਵਾਇਰਸ ਖ਼ਿਲਾਫ਼ ਜੰਗ ਲੋਕਾਂ ਦੇ ਸਮਰਥਨ ਨਾਲ ਜਿੱਤੀ ਜਾਵੇਗੀ, ਜੋ ਆਪਣਾ ਯੋਗਦਾਨ ਮਾਸਕ ਪਹਿਨਣ, ਸਮਾਜਕ ਦੂਰੀ ਬਣਾਈ ਰੱਖਣ ਅਤੇ ਵਾਰ-ਵਾਰ ਹੱਥ ਧੋਣ ਸਮੇਤ ਕੋਵਿਡ ਸੇਫਟੀ ਪ੍ਰੋਟੋਕੋਲ ਦਾ ਸਖਤੀ ਨਾਲ ਪਾਲਣ ਕਰਕੇ ਪਾ ਸਕਦੇ ਹਨ।

ਇਸ ਤੋਂ ਇਲਾਵਾ, ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਵੈਕਸੀਨੇਸ਼ਨ ਤੁਰੰਤ ਕਰਵਾਉਣ, ਜੋ ਕਿ ਵਾਇਰਸ ਨੂੰ ਹੋਰ ਫੈਲਣ ਤੋਂ ਰੋਕੇਗੀ।

ਇਸ ਮੌਕੇ ਪ੍ਰਮੁੱਖ ਤੌਰ ‘ਤੇ ਜੁਆਇੰਟ ਸੀ.ਪੀ. ਜੇ.ਐਲਨਚੇਜ਼ੀਅਨ, ਏ.ਡੀ.ਸੀ.(ਵਿਕਾਸ) ਸ੍ਰੀ ਸੰਦੀਪ ਕੁਮਾਰ, ਐਸ.ਡੀ.ਐਮ. ਡਾ. ਬਲਜਿੰਦਰ ਸਿੰਘ ਢਿੱਲੋਂਂ, ਸਿਵਲ ਸਰਜਨ ਡਾ.ਸੁਖਜੀਵਨ ਕੱਕੜ ਅਤੇ ਹੋਰ ਵੀ ਹਾਜ਼ਰ ਸਨ।