ਡੀ.ਸੀ. ਵੱਲੋਂ ਕੋਵਿਡ-19 ਵੈਕਸੀਨ ਦਾ ਦੂਜਾ ਟੀਕਾ ਲਗਵਾਇਆ, ਉਨ੍ਹਾਂ ਦੀ ਪਤਨੀ ਨੇ ਵੀ ਲਈ ਪਹਿਲੀ ਖੁਰਾਕ

ਨਿਊਜ਼ ਪੰਜਾਬ 

ਲੁਧਿਆਣਾ, 13 ਮਾਰਚ – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਥਾਨਕ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਕੋਵਿਡ-19 ਵੈਕਸੀਨ ਦਾ ਦੂਜਾ ਟੀਕਾ ਲਗਵਾਇਆ। ਉਨ੍ਹਾਂ ਦੀ ਪਤਨੀ ਸ੍ਰੀਮਤੀ ਪਰਵੀਨ ਸ਼ਰਮਾ ਨੇ ਵੀ ਇਸ ਵੈਕਸੀਨ ਦੀ ਪਹਿਲੀ ਖੁਰਾਕ ਲਈ।

ਡਿਪਟੀ ਕਮਿਸ਼ਨਰ ਵੱਲੋਂ ਅੱਜ ਵੈਕਸੀਨੇਸ਼ਨ ਕਰਵਾਉਣ ਤੋਂ ਬਾਅਦ ਵਸਨੀਕਾਂ ਨੂੰ ਸਾਰੇ ਕੋਵਿਡ-19 ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣ ਕਰਨ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਦੀ ਦੂਜੀ ਲਹਿਰ ਕਾਰਨ ਉਭਰ ਰਹੇ ਹਾਲਾਤਾਂ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।

ਡਿਪਟੀ ਕਮਿਸ਼ਨਰ ਵੱਲੋਂ 60 ਸਾਲ ਤੋਂ ਵੱਧ (ਬਜ਼ੁਰਗ ਨਾਗਰਿਕ) ਅਤੇ 45-59 ਸਾਲ ਦਰਮਿਆਨ ਸਹਿ ਰੋਗਾਂ ਨਾਲ ਪੀੜ੍ਹਤ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਲਾਜ਼ਮੀ ਤੌਰ ‘ਤੇ ਆਪਣੇ ਨਜ਼ਦੀਕੀ ਸਿਹਤ ਸੰਭਾਲ ਸੰਸਥਾ ਵਿਖੇ ਆਪਣਾ ਟੀਕਾਕਰਣ ਕਰਵਾਉਣ ਕਿਉਂਕਿ ਇਹ ਵਾਇਰਸ ਤੋਂ ਬਚਾਅ ਦੀ ਇੱਕੋ ਇੱਕ ਕੁੰਜੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਹਫਤੇ ਦੇ ਮੁਕਾਬਲੇ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਚਾਰ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਸੁਰੱਖਿਆ ਲਈ ਜ਼ਿਲ੍ਹੇ ਵਿੱਚ ਰਾਤ ਦਾ ਕਰਫਿਊ ਪਹਿਲਾਂ ਹੀ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਆਯੋਜਕਾਂ ਅਤੇ ਜਨਤਕ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਆਯੋਜਨ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਹੈ ਕਿਉਂਕਿ ਵਿਸ਼ਾਲ ਇਕੱਠ ਸਾਡੇ ਸਾਰਿਆਂ ਲਈ ਘਾਤਕ ਸਿੱਧ ਹੋ ਸਕਦੇ ਹਨ।

ਉਨ੍ਹਾਂ ਕਿਹਾ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ ਟੀਕੇ ਦੀ ਚਾਹਤ ਕਰ ਰਹੇ ਹਨ ਪਰ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਵਿਗਿਆਨੀ ਸਮੇਂ ਸਿਰ ਇਸਦਾ ਚੰਗੀ ਤਰ੍ਹਾਂ ਵਿਕਾਸ ਕਰ ਚੁੱਕੇ ਹਨ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਟੀਕਾਕਰਨ ਲਈ ਅੱਗੇ ਆਈਏ।

ਉਨ੍ਹਾਂ ਦੱਸਿਆ ਕਿ ਇਹ ਟੀਕਾਕਰਨ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ‘ਤੇ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ, ਨਿੱਜੀ ਹਸਪਤਾਲ ਲਾਭਪਾਤਰੀ ਕੋਲੋਂ 250 ਰੁਪਏ (ਪ੍ਰਤੀ ਖੁਰਾਕ) ਤੋਂ ਵੱਧ ਨਹੀਂ ਵਸੂਲ ਸਕਦੇ, ਜਿਸ ਵਿੱਚ ਟੀਕੇ ਦੀ ਕੀਮਤ ਵਜੋਂ 150 ਰੁਪਏ ਅਤੇ 100 ਰੁਪਏ ਸੇਵਾ ਖਰਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ ਸੇਵਾ ਖਰਚ ਲਈ ਪ੍ਰਤੀ ਵਿਅਕਤੀ 100 ਰੁਪਏ (ਪ੍ਰਤੀ ਖੁਰਾਕ) ਤੋਂ ਵੱਧ ਨਹੀਂ ਲੈ ਸਕਦੇ।

ਉਨ੍ਹਾਂ ਦੱਸਿਆ ਕਿ ਟੀਕਾਕਰਨ ਮੁਹਿੰਮ ਦੇ ਤੀਜ਼ੇ ਪੜਾਅ ਲਈ ਲਾਭਪਾਤਰੀ www.cowin.gov.in ਰਾਹੀਂ ਸਵੈ-ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ, ਜਾਂ ਉਹ ਨਿਰਧਾਰਤ ਹਸਪਤਾਲਾਂ ਅਤੇ ਟੀਕਾਕਰਨ ਕੇਂਦਰਾਂ ‘ਤੇ ਵੀ ਆਪਣੀ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੈਕਸੀਨੇਸ਼ਨ ਕਰਵਾਉਣ ਲਈ ਆਪਣੇ ਅਧਾਰ ਕਾਰਡ ਦੇ ਨਾਲ ਕਿਸੇ ਵੀ ਸਿਹਤ ਸੰਭਾਲ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।