ਸਿਹਤ ਮੰਤਰੀ ਨੇ 354 ਸਟਾਫ਼ ਨਰਸਾਂ ਅਤੇ 6 ਫਾਰਮੈਸੀ ਅਫ਼ਸਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਨਿਊਜ਼ ਪੰਜਾਬ 

ਚੰਡੀਗੜ, 9 ਮਾਰਚ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ 354 ਸਟਾਫ਼ ਨਰਸਾਂ ਅਤੇ 6 ਫਾਰਮੈਸੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਟਾਫ਼ ਨਰਸਾਂ ਦੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਕੁੱਲ 598 ਅਸਾਮੀਆਂ ਵਿੱਚੋਂ 354 ਸਟਾਫ਼ ਨਰਸਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਹਨ ਜਦੋਂਕਿ 164 ਸਟਾਫ਼ ਨਰਸਾਂ ਨੂੰ ਪਹਿਲਾਂ ਹੀ ਨਿਯੁਕਤੀ ਪੱਤਰ ਸੌਂਪੇ ਜਾ ਚੁੱਕੇ ਹਨ।
ਸ. ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ ਵਿੱਚ ਨਵੇਂ ਨਿਯੁਕਤ ਹੋਏ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਉਨਾਂ ਨੂੰ ਰਾਜ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ।
ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ), ਪੰਜਾਬ ਡਾ. ਅੰਦੇਸ਼ ਕੰਗ ਨੇ ਸਿਹਤ ਵਿਭਾਗ ਵਿੱਚ ਨਵੇਂ ਭਰਤੀ ਹੋਏ ਸਟਾਫ਼ ਨੂੰ ਜੀ ਆਇਆਂ ਆਖਿਆ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ’ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਪਰ ਇਹ ਬਿਮਾਰੀ ਅਜੇ ਤੱਕ ਖ਼ਤਮ ਨਹੀਂ ਹੋਈ। ਹਰ ਦਿਨ ਕੋਵਿਡ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਲਈ ਕੋਰੋਨਾ ਦੀ ਰੋਕਥਾਮ ਲਈ ਮਾਸਕ ਪਹਿਨ ਕੇ ਰੱਖੋ, ਆਪਣੇ ਹੱਥਾਂ ਨੂੰ ਸਮੇਂ ਸਮੇਂ ’ਤੇ ਸਾਬਣ ਵਾਲੇ ਪਾਣੀ ਨਾਲ ਧੋਵੋ ਅਤੇ ਇੱਕ ਦੂਜੇ ਤੋਂ ਸਮਾਜਿਕ ਵਿੱਥ ਬਣਾ ਕੇ ਰੱਖਣ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰੋ।
ਇਸ ਮੌਕੇ ਸਿਹਤ ਮੰਤਰੀ ਦੇ ਓ.ਐੱਸ.ਡੀ. ਡਾ. ਬਲਵਿੰਦਰ ਸਿੰਘ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਸੁਪਰਡੈਂਟ ਸੂਰਜ ਕੁਮਾਰ, ਸੁਪਰਡੈਂਟ ਸੰਜੇ ਕੁਮਾਰ, ਮਾਸ ਮੀਡੀਆ ਅਫ਼ਸਰ ਗੁਰਮੀਤ ਸਿੰਘ ਰਾਣਾ, ਹਰਚਰਨ ਸਿੰਘ ਬਰਾੜ ਅਤੇ ਹੋਰ ਅਧਿਕਾਰੀ ਮੌਜੂਦ ਸਨ।