ਪੀ.ਐੱਲ.ਆਈ.ਡੀ.ਬੀ ਦੇ ਚੇਅਰਮੈਨ ਪਵਨ ਦੀਵਾਨ ਨੇ ਕੀਤਾ ਬਜਟ ਦਾ ਸਵਾਗਤ; ਉਦਯੋਗ ਹਿਤੈਸ਼ੀ ਦੱਸਿਆ
ਨਿਊਜ਼ ਪੰਜਾਬ
ਲੁਧਿਆਣਾ, 9 ਮਾਰਚ: ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਚ ਪੇਸ਼ ਕੀਤੇ ਗਏ ਸਾਲ 2021-22 ਦੇ ਬਜਟ ਦਾ ਸਵਾਗਤ ਕਰਦਿਆਂ, ਇਸਨੂੰ ਉਦਯੋਗ ਹਿਤੈਸ਼ੀ ਬਜਟ ਕਰਾਰ ਦਿੱਤਾ ਹੈ।
ਇੱਥੇ ਜਾਰੀ ਇਕ ਬਿਆਨ ਚ ਦੀਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਉਦਯੋਗ ਅਤੇ ਵਪਾਰ ਨੀਤੀ-2017 ਨਾਲ ਵਪਾਰ ਲਈ ਤਰੱਕੀ ਦੇ ਨਵੇਂ ਮਾਰਗ ਖੁੱਲ੍ਹੇ ਅਤੇ ਨਤੀਜੇ ਵਜੋਂ ਸੂਬੇ ਨੂੰ 1726 ਪ੍ਰਸਤਾਵ ਪ੍ਰਾਪਤ ਹੋਏ, ਜਿਸ ਤਹਿਤ ਚਾਰ ਸਾਲਾਂ ਚ ਕਰੀਬ 71262 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਹੋਏ ਅਤੇ ਕਰੀਬ 2.70 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲੇ। ਉਨ੍ਹਾਂ ਨੇ ਕਿਹਾ ਕਿ ਸਾਲ 2021-22 ਦੇ ਬਜਟ ਚ ਪੰਜਾਬ ਅੰਦਰ ਸਟਾਰਟਅੱਪਸ ਨੂੰ ਵਿੱਤੀ ਸਹਾਇਤਾ ਦੇਣ ਦੀ ਦਿਸ਼ਾ ਚ 10 ਕਰੋੜ ਰੁਪਏ ਦਾ ਪ੍ਰਸਤਾਵ ਉਦਯੋਗਾਂ ਦੀ ਸਥਾਪਨਾ ਵਿੱਚ ਹੋਰ ਗਤੀਸ਼ੀਲਤਾ ਲਿਆਵੇਗਾ। ਇਸ ਦੌਰਾਨ 29 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਅਤੇ ਟ੍ਰੇਡ ਇਨਫਰਾਸਟਰਕਚਰ ਫ਼ਾਰ ਐਕਸਪੋਰਟਸ ਸਕੀਮ ਦੇ ਹੇਠ ਪੰਜਾਬ ਦੇ 5 ਉਦਯੋਗਿਕ ਫੋਕਲ ਪੁਆਇੰਟਾਂ ਦਾ ਨਵੀਨੀਕਰਨ ਇੱਕ ਮਹੱਤਵਪੂਰਨ ਪਹਿਲਕਦਮੀ ਹੈ।