ਕੌਮਾਂਤਰੀ ਔਰਤ ਦਿਵਸ ਮੌਕੇ ਰਾਏਕੋਟ ਸਿਵਲ ਹਸਪਤਾਲ ਵਿੱਚ ਜੱਚਾ ਅਤੇ ਬੱਚਾ ਸਿਹਤ ਵਿੰਗ ਬਣਾਉਣ ਦਾ ਕੀਤਾ ਫੈਸਲਾ

ਨਿਊਜ਼ ਪੰਜਾਬ 

ਰਾਏਕੋਟ (ਲੁਧਿਆਣਾ), 9 ਮਾਰਚ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਵਾਅਦੇ ਤਹਿਤ ਸਿਹਤ ਵਿਭਾਗ ਵਲੋਂ ਕੌਮਾਂਤਰੀ ਔਰਤ ਦਿਵਸ ਮੌਕੇ ਦਿੱਤੇ ਗਏ ਤੋਹਫ਼ੇ ਤਹਿਤ ਰਾਏਕੋਟ ਸਿਵਲ ਹਸਪਤਾਲ ਵਿੱਚ ਇੱਕ ਜੱਚਾ ਅਤੇ ਬੱਚਾ ਸਿਹਤ ਵਿੰਗ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਲਈ ਬੀਤੇ ਕੱਲ੍ਹ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੰਜਾਬ ਵਿਧਾਨਸਭਾ ਵਿੱਚ ਪੇਸ਼ ਕੀਤੇ ਗਏ ਬਜ਼ਟ ਵਿੱਚ ਰੱਖੀ ਗਈ ਰਕਮ ਦੀ ਤਜਵੀਜ਼ ਪੇਸ਼ ਕੀਤੀ ਗਈ।
ਸਰਕਾਰ ਦੇ ਇਸ ਫੈਸਲੇ ਨੂੰ ਹਲਕੇ ਵਿੱਚ ਸਿਹਤ ਸਹੂਲਤਾਂ ਪੱਖੋਂ ਸ਼ਲਾਘਾ ਯੋਗ ਦੱਸਦਿਆਂ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਸ੍ਰੀ ਕਾਮਿਲ ਬੋਪਾਰਾਏ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਸ.ਬਲਬੀਰ ਸਿੰਘ ਸਿੱਧੂ ਅਤੇ ਖਜ਼ਾਨਾ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਏਕੋਟ ਸਿਵਲ ਹਸਪਤਾਲ ਵਿੱਚ ਜੱਚਾ ਅਤੇ ਬੱਚਾ ਸਿਹਤ ਵਿੰਗ ਦੇ ਬਣਨ ਨਾਲ ਰਾਏਕੋਟ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ, ਕਿਉਂਕਿ ਪੱਛੜਿਆਂ ਹੋਇਆ ਇਲਾਕਾ ਹੋਣ ਕਾਰਨ ਇਹ ਹਲਕਾ ਸਿਹਤ ਸਹੂਲਤਾਂ ਤੋਂ ਸੱਖਣਾ ਸੀ ਅਤੇ ਥੋੜੀ ਜਿਹੀ ਐਮਰਜੈਂਸੀ ਦੀ ਸਥਿਤੀ ਵਿੱਚ ਵੀ ਲੋਕਾਂ ਨੂੰ ਲੁਧਿਆਣਾ ਜਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਵੱਲ੍ਹ ਨੂੰ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਰਾਏਕੋਟ ਸਿਵਲ ਹਸਪਤਾਲ ਵਿੱਚ ਜੱਚਾ ਅਤੇ ਬੱਚਾ ਸਿਹਤ ਵਿੰਗ ਬਣਨ ਨਾਲ ਰਾਏਕੋਟ ਤੋਂ ਇਲਾਵਾ ਹੋਰ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਵੀ ਵੱਡੀ ਸਹੂਲਤ ਮਿਲ ਸਕੇਗੀ।
ਜਿਕਰਯੋਗ ਹੈ ਕਿ ਸੰਸਦ ਮੈਂਬਰ ਡਾ. ਅਮਰ ਸਿੰਘ ਵਲੋਂ ਰਾਏਕੋਟ ਹਲਕੇ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਪੰਜਾਬ ਸਿਹਤ ਕਾਰਪੋਰੇਸ਼ਨ ਵਲੋਂ 50 ਲੱਖ ਦੀ ਲਾਗਤ ਨਾਲ ਮੈਡੀਕਲ ਗੈਸ ਪਾਈਪ ਲਾਈਨ ਦੀ ਸਹੂਲਤ ਸ਼ੁਰੂ ਕਰਵਾਈ ਗਈ ਹੈ, ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਇਕ ਮੌਰਚਰੀ ਬਣਾਉਣ ਦੀ ਵੀ ਮੰਜ਼ੂਰੀ ਮਿਲ ਚੁੱਕੀ ਹੈ। ਸਿਵਲ ਹਸਪਤਾਲ ਨੂੰ ਦੋ ਐਂਬੂਲੈਂਸਾਂ ਦੀ ਸਹੂਲਤ ਤੋਂ ਇਲਾਵਾ ਨੇੜਲੇ ਪਿੰਡ ਝੋਰੜਾਂ ਵਿਖੇ ਵੀ ਸਾਰਾਗੜ੍ਹੀ ਦੇ ਸ਼ਹੀਦ ਹੌਲਦਾਰ ਈਸ਼ਰ ਸਿੰਘ ਦੀ ਯਾਦ ਵਿੱਚ 10 ਬਿਸਤਰਿਆਂ ਦਾ ਹਸਪਤਾਲ ਵੀ ਉਸਾਰੀ ਅਧੀਨ ਹੈ।