ਅੰਬੂਜਾ ਫਾਉਂਡੇਸ਼ਨ 15 ਸਰਕਾਰੀ ਸਕੂਲਾਂ ਨੂੰ ਪ੍ਰਦਾਨ ਕਰੇਗੀ ਬੁਨਿਆਦੀ ਢਾਂਚਾ
ਨਿਊਜ਼ ਪੰਜਾਬ
ਪਟਿਆਲਾ 25 ਫਰਵਰੀ-
ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਦੇ ਯਤਨਾਂ ਸਦਕਾ ਅੰਬੂਜਾ ਫਾਊਂਡੇਸ਼ਨ ਨੇ ਜਿਲ੍ਹਾ ਪਟਿਆਲਾ ਦੇ 15 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ। ਸਿੱਖਿਆ ਬਲਾਕ ਰਾਜਪੁਰਾ-1 ਤੇ 2 ਦੇ ਇਨ੍ਹਾਂ ਸਕੂਲਾਂ ਨੂੰ ਅਪਣਾਉਣ ਸਬੰਧੀ ਬੀਤੇ ਕੱਲ੍ਹ ਅੰਬੂਜਾ ਫਾਊਡੇਸ਼ਨ ਦੇ ਸੰਚਾਲਕਾਂ ਸੁਰੇਸ਼ ਠਾਕੁਰ ਤੇ ਰਾਜਿੰਦਰ ਸਿੰਘ ਨੇ ਡੀ.ਈ.ਓ. (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਨਾਲ ਮੀਟਿੰਗ ਕੀਤੀ।
ਇਸ ਸਬੰਧੀ ਡੀ.ਈ.ਓ. ਨੇ ਦੱਸਿਆ ਕਿ ਅੰਬੂਜਾ ਫਾਊਂਡੇਸ਼ਨ ਵੱਲੋਂ ਰਾਜਪੁਰਾ -1 ਤੇ 2 ਬਲਾਕਾਂ ਦੇ 15 ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦਾ ਅਹਿਦ ਕੀਤਾ ਹੈ। ਜਿਸ ਵਿੱਚ ਇਮਾਰਤਾਂ ਦੀ ਮੁਰੰਮਤ, ਫਰਨੀਚਰ, ਰੰਗ ਰੋਗਨ, ਬਾਲਾ ਵਰਕ ਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇੰਜੀ. ਅਮਰਜੀਤ ਸਿੰਘ ਨੇ ਅੰਬੂਜਾ ਫਾਊਡੇਸ਼ਨ ਦੇ ਸੰਚਾਲਕਾਂ ਦਾ ਉਕਤ ਉਪਰਾਲੇ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਨਾਭਾ ਪਾਵਰ ਲਿਮਟਿਡ ਵੱਲੋਂ ਵੀ ਰਾਜਪੁਰਾ ਬਲਾਕ ਦੇ ਚਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਨਵਉਸਾਰੀ ਦਾ ਜਿੰਮਾ ਚੁੱਕਿਆ ਸੀ। ਜਿਸ ਤਹਿਤ ਨਲਾਸ, ਜਨਸੂਆ ਤੇ ਕੋਟਲਾ ਸਕੂਲਾਂ ਦੀ ਨੁਹਾਰ ਬਦਲ ਚੁੱਕੀ ਹੈ ਅਤੇ ਉਪਲਹੇੜੀ ਸਕੂਲ ‘ਚ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਨਾਭਾ ਪਾਵਰ ਲਿਮਟਿਡ ਵੱਲੋਂ 11 ਸਕੂਲਾਂ ‘ਚ ਅਧਿਆਪਕ ਵੀ ਤੈਨਾਤ ਕੀਤੇ ਗਏ ਹਨ ਅਤੇ ਤਿੰਨ ਹੋਰ ਸਕੂਲਾਂ ‘ਚ ਅਧਿਆਪਕ ਦੇਣ ਦਾ ਵਾਅਦਾ ਕੀਤਾ ਹੈ।
ਡੀ.ਈ.ਓ. ਨੇ ਕਿਹਾ ਕਿ ਅਜੋਕੇ ਦੌਰ ‘ਚ ਵਿੱਦਿਆ ਦੇ ਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ, ਜਿਸ ਨਾਲ ਵੱਡੀ ਗਿਣਤੀ ‘ਚ ਵਿਦਿਆਰਥੀਆਂ ਦਾ ਭਵਿੱਖ ਰੁਸ਼ਨਾ ਸਕਦਾ ਹੈ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਜਪੁਰਾ ਬਲਵਿੰਦਰ ਕੁਮਾਰ, ਜਿਲ੍ਹਾ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਲਖਵਿੰਦਰ ਸਿੰਘ ਕੌਲੀ, ਮੀਡੀਆ ਕੋਆਰਡੀਟੇਟਰ ਪਰਵਿੰਦਰ ਸਿੰਘ ਸਰਾਂ, ਬੀ.ਐਮ.ਟੀ. ਅਵਤਾਰ ਸਿੰਘ ਤੇ ਪਰਵੀਨ ਕੁਮਾਰ ਵੀ ਹਾਜ਼ਰ ਸਨ।
ਤਸਵੀਰ:- ਡੀ.ਈ.ਓ. (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ, ਨਾਭਾ ਪਾਵਰ ਲਿਮ: ਦੇ ਸੰਚਾਲਕਾਂ ਨਾਲ ਬੈਠਕ ਕਰਦੇ ਹੋਏ ਅਤੇ ਦੂਸਰੀ ਤਸਵੀਰ ਬੈਠਕ ਉਪਰੰਤ ਖਿੱਚੀ ਗਈ ਤਸਵੀਰ।