ਮਿਸ਼ਨ ‘ਯੂਥ ਆਫ ਪੰਜਾਬ’ ਅਧੀਨ ਲੁਧਿਆਣਾ ਵਿਖੇ ਦੂਜੇ ਪੜਾਅ ਤਹਿਤ ਖੇਡ ਕਿੱਟਾਂ ਵੰਡ ਦੀ ਸੁਰੂਆਤ
ਨਿਊਜ਼ ਪੰਜਾਬ
ਲੁਧਿਆਣਾ, 23 ਫਰਵਰੀ ਪੇਂਡੂ ਖੇਤਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਦਿਆਂ ਸੂਬੇ ਨੂੰ ਦੇਸ਼ ਦਾ ਸਪੋਰਟਸ ਪਾਵਰ ਹਾਊਸ ਬਣਾਉਣ ਲਈ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਸ੍ਰੀ ਟੀ.ਐਸ. ਸ਼ੇਰਗਿੱਲ ਵੱਲੋਂ ‘ਯੂਥ ਆਫ ਪੰਜਾਬ’ ਮਿਸ਼ਨ ਤਹਿਤ ਦੂਜੇ ਪੜਾਅ ਦੀ ਸੁਰੂਆਤ ਕਰਦਿਆਂ ਅੱਜ ਲੁਧਿਆਣਾ ਵਿਖੇ 200 ਯੂਥ ਕਲੱਬਾਂ ਵਿੱਚ ਸਪੋਰਟਸ ਕਿੱਟਾਂ ਵੰਡੀਆਂ।
ਮਿਸ਼ਨ ਦਾ ਉਦੇਸ਼ ਦਿਹਾਤੀ ਖੇਤਰਾਂ ਦੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਦਿਆਂ ਉਨ੍ਹਾਂ ਦੀ ਅਸੀਮ ਊਰਜ਼ਾ ਨੂੰ ਸਹੀ ਦਿਸ਼ਾ ਪ੍ਰਦਾਨ ਕਰਨੀ ਹੈ।
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਸ੍ਰੀ ਟੀ. ਐਸ. ਸ਼ੇਰਗਿੱਲ ਵੱਲੋਂ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਯੂਥ ਕਲੱਬਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਿੱਟਾਂ ਪੇਂਡੂ ਖੇਤਰਾਂ ਵਿੱਚ ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਹਮੇਸ਼ਾਂ ਪੱਬਾਂ ਭਾਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਪੰਜਾਬ ਸੂਬਾ ਖੇਡਾਂ ਦੇ ਖੇਤਰ ਵਿੱਚ ਮੋਹਰੀ ਰੋਲ ਅਦਾ ਕਰੇਗਾ ਅਤੇ ਕਿੱਟਾਂ ਦੀ ਵੰਡ ਹੇਠਲੇ ਪੱਧਰ ‘ਤੇ ਖੇਡਾਂ ਵਿਚ ਕ੍ਰਾਂਤੀ ਲਿਆਉਣ ਲਈ ਉਤਪ੍ਰੇਰਕ ਸਾਬਤ ਹੋਵੇਗੀ।
ਸੀਨੀਅਰ ਸਲਾਹਕਾਰ ਵੱਲੋਂ ਪੰਜਾਬ ਯੂਥ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਗੀਆਂ ਅਤੇ ਨੌਜਵਾਨ ਸਮਾਜ ਲਈ ਆਪਣਾ ਅਹਿਮ ਯੋਗਦਾਨ ਪਾਉਣ ਦੇ ਕਾਬਿਲ ਬਣਨਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਪੜਾਵਾਂ ਵਿੱਚ ਸੂਬੇ ਦੇ ਸਾਰੇ 13000 ਰਜਿਸਟਰਡ ਯੂਥ ਕਲੱਬਾਂ ਨੂੰ ਸਪੋਰਟਸ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਅੱਜ ਦੇ ਸਮਾਗਮ ਵਿੱਚ ਜ਼ਿਲ੍ਹਾ ਲੁਧਿਆਣਾ ਦੇ 200 ਯੂਥ ਕਲੱਬਾਂ, ਸਕੂਲਾਂ ਅਤੇ ਕਾਲਜਾਂ ਨੂੰ ਸਪੋਰਟਸ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ। ਅਜਿਹੇ ਸਮਾਗਮ 26 ਫਰਵਰੀ ਨੂੰ ਜਲੰਧਰ ਵਿਖੇ, 3 ਮਾਰਚ ਨੂੰ ਅੰਮ੍ਰਿਤਸਰ ਵਿਖੇ ਅਤੇ 6 ਮਾਰਚ, 2021 ਨੂੰ ਮੁਹਾਲੀ ਵਿਖੇ ਆਯੋਜਿਤ ਕੀਤੇ ਜਾਣਗੇ।
ਇਸ ਮੌਕੇ ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਕਿੱਟਾਂ ਦੇ ਸਪਾਂਸਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖੇਡਾਂ ਨੂੰ ਮੁੜ ਸੁਰਜੀਤ ਕਰਨ ਦੇ ਮਕਸਦ ਨਾਲ ਇੱਕ ਮਹਾਨ ਲਹਿਰ ਦੀ ਨੀਂਹ ਰੱਖੀ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਸਮਾਗਮ ਆਯੋਜਿਤ ਕੀਤੇ ਜਾਣਗੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਇਕੱਠ ਨੂੰ ਪੀ.ਵਾਈ.ਡੀ.ਬੀ. ਵੱਲੋਂ ਚੁੱਕੇ ਕਦਮਾਂ ਬਾਰੇ ਵੀ ਦੱਸਿਆ।
ਮੁੱਖ ਮਹਿਮਾਨ ਵੱਲੋਂ ਹਾਈਵੇ ਇੰਡਸਟਰੀਜ਼ ਤੋਂ ਸ੍ਰੀ ਅਨਮੋਲ ਮੁੰਜਾਲ, ਸ੍ਰੀ ਉਮੇਸ਼ ਮੁੰਜਾਲ, ਏਵਨ ਸਾਈਕਲ ਤੋਂ ਸ. ਓਂਕਾਰ ਸਿੰਘ ਪਾਹਵਾ, ਹੀਰੋ ਈਕੋਟੈਕ ਤੋਂ ਸ੍ਰੀ ਵਿਜੇ ਮੁੰਜਾਲ ਅਤੇ ਸ੍ਰੀ ਗੌਰਵ ਮੁੰਜਾਲ, ਕੰਗਾਰੂ ਇੰਡਸਟਰੀ ਤੋਂ ਸ੍ਰੀ ਅਮਰੀਸ਼ ਜੈਨ, ਸੀ.ਆਈ.ਸੀ.ਯੂ. ਤੋਂ ਸ.ਉਪਕਾਰ ਸਿੰਘ ਆਹੂਜਾ ਅਤੇ ਕੇ.ਜੇ. ਫੋਰਜਿੰਗ ਤੋਂ ਸ੍ਰੀ ਗੋਪੀ ਕੋਠਾਰੀ ਅਤੇ ਸ੍ਰੀ ਅਮਿਤ ਕੋਠਾਰੀ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਪੀ.ਐਮ.ਆਈ.ਡੀ.ਬੀ. ਦੇ ਚੇਅਰਮੈਨ ਸ.ਅਮਰਜੀਤ ਸਿੰਘ ਟਿੱਕਾ, ਪੀ.ਐਸ.ਆਈ.ਡੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਬਾਵਾ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸ. ਹਰਕਰਨ ਸਿੰਘ ਵੈਦ, ਸ੍ਰੀਮਤੀ ਰਾਸ਼ੀ ਅਗਰਵਾਲ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਲੈਫਟੀਨੈਂਟ ਜਨਰਲ ਸ਼ੇਰਗਿੱਲ ਦੇ ਓ.ਐਸ.ਡੀ. ਸ. ਕਰਨਵੀਰ ਸਿੰਘ, ਸ.ਸਤਿੰਦਰ ਸਿੰਘ ਹੈਰੀ ਆਹਲੂਵਾਲੀਆ, ਸ੍ਰੀ ਨਿਤਿਨ ਟੰਡਨ, ਸ੍ਰੀ ਰੋਹਿਤ ਸ਼ਰਮਾ, ਸ੍ਰੀ ਨਿਤਿਨ ਅਰੋੜਾ, ਸ੍ਰੀ ਦੇਵ ਅਗਰਵਾਲ, ਸ. ਮਨਦੀਪ ਸਾਹਨੇਵਾਲ ਤੋਂ ਇਲਾਵਾ ਕਈ ਹੋਰ ਸ਼ਾਮਲ ਸਨ।