ਕੀ ਕਰੀਏ , ਕੀ ਨਾ ਕਰੀਏ ਜਦ ਭੂਚਾਲ ਆਏ

ਭੂਚਾਲ ਕੀ ਹੁੰਦਾ ਹੈ?
ਸਭ ਤੋਂ ਪਹਿਲਾਂ ਇਹੀ ਪ੍ਰਸ਼ਨ ਜਾਨਣਾ ਜਰੂਰੀ ਹੈ ਕਿ ਭੂਚਾਲ ਕੀ ਹੁੰਦਾ ਹੈ। ਦਰਅਸਲ ਜਦੋਂ ਕਿਸੇ ਕਾਰਨ ਧਰਤੀ ਦੇ ਅੰਦਰੋਂ ਕੁਝ ਅਜਿਹੀਆਂ ਤਰਗਾਂ ਨਿਕਲਦੀਆਂ ਹਨ ਜਿਹੜੀਆਂ ਧਰਤੀ ਦੀ ਉਪਰੀ ਪਰਤ ਜਿਸ ਨੂੰ ‘ਪੇਪੜੀ’ ਆਖਦੇ ਹਾਂ, ਤੇ ਹਲਚਲ ਜਾਂ ਕੰਪਕਪੀ ਪੈਦਾ ਕਰਦੀਆਂ ਹਨ ਤਾਂ ਕਿਹਾ ਜਾਂਦਾ ਹੈ ਕਿ ਇਹ ਭੂਚਾਲ ਹੈ। ਭੂਚਾਲ ਮੌਕੇ ਧਰਤੀ ਦੇ ਕਿਸੇ ਵਿਸ਼ੇਸ਼ ਖੇਤਰ ’ਚ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਧਰਤੀ ਡੋਲਦੀ ਹੈ ਪਰ ਡੋਲਣ ਦੀ ਦਰ ਦਰ ਵੱਖੋ ਵੱਖਰੀ ਹੁੰਦੀ ਹੈ। ਇਹ ਭੂਚਾਲ ਦੀ ਤੀਬਰਤਾ ਤੇ ਨਿਰਭਰ ਕਰਦੀ ਹੈ। ਤੀਬਰਤਾ ਜ਼ਿਆਦਾ ਹੋਣ ਤੇ ਕਈ ਬਾਰ ਕਈ ਥਾਵਾਂ ਤੋਂ ਧਰਤੀ ਪਾੜ ਵੀ ਜਾਂਦੀ ਹੈ। ਪਹਾੜੀ ਖੇਤਰਾਂ ’ਚ ਜਿਆਦਾ ਤਬਾਹੀ ਹੁੰਦੀ ਹੈ ਕਿਉਂਕਿ ਹਲਚਲ ਦੌਰਾਣ ਵੱਡੇ ਵੱਡੇ ਪੱਥਰ ਰੁੜ ਪੈਂਦੇ ਹਨ।

ਭੂਚਾਲ ਕਿਉਂ ਆਉਂਦਾ ਹੈ?
ਭੂਚਾਲ ਆਉਣ ਦਾ ਕਾਰਨ ਧਰਤੀ ਹੇਠੋ ਪਲੇਟਾਂ ਦਾ ਸਰਕਣਾ ਮੰਨਿਆ ਜਾਂਦਾ ਹੈ। ਜਦੋਂ ਪਲੇਟਾਂ ਆਪਸ ’ਚ ਸਰਕ ਖਾਂਦੀਆਂ ਹਨ ਤਾਂ ਤਰੰਗਾਂ ਪੈਦਾ ਹੁੰਦੀਆਂ ਹਨ। ਇਹ ਤਰੰਗਾਂ ਧਰਤੀ ਨੂੰ ਹਿਲਾ ਦਿੰਦੀਆਂ ਹਨ। ਅਸਲ ’ਚ ਧਰਤੀ ਅੰਦਰ ‘ਇਲਾਸਟਿਕ’ ਊਰਜਾ ਜਮਾਂ ਹੁੰਦੀ ਰਹਿੰਦੀ ਹੈ। ਜਦੋਂ ਧਰਤੀ ਦੇ ਉਪਰੀ ਖੋਲ ’ਚੋ ਇਹ ਊਰਜਾ ਇਕਦਮ ਬਾਹਰ ਨਿਕਲਦੀ ਹੈ ਤਾਂ ਇਹ ਧਰਤੀ ਦੀਆਂ ਪਲੇਟਾਂ ਨੂੰ ਹਿਲਾ ਕੇ ਇਕ ਦੂਜੀ ਨਾਲ ਸਰਕਣ ਲਈ ਮਜਬੂਰ ਕਰ ਦਿੰਦੀ ਹੈ। ਜਿਸ ਦੇ ਸਿਟੇ ਵਜੋਂ ਭੂਚਾਲ ਆਉਂਦੇ ਹਨ।

ਇਹ ‘ਇਲਾਸਟਿਕ’ ਊਰਜਾ ਧਰਤੀ ਦੀ ਪੇਪੜੀ ਦੇ ‘ਬਰਿਟਲ’ ਜਿਸਨੂੰ ਭੰਗੁਰ ਕਹਿੰਦੇ ਹਨ, ਸ਼ੈਲਾਂ ’ਚ ਤਨਾਅ ਦੇ ਰੂਪ ’ਚ ਇਕੱਠੀ ਹੁੰਦੀ ਰਹਿੰਦੀ ਹੈ। ਇਸ ਤਰਾਂ ਪੈਦਾ ਹੋਇਆ ਪ੍ਰਤੀਬਲ ਜਦੋਂ ਇਨਾਂ ਸ਼ੈਲਾ ਦੀ ਸਹਿਣ ਸੀਮਾ ਤੋਂ ਬਾਹਰ ਹੋ ਜਾਂਦਾ ਹੈ ਤਾਂ ਇਹ ਊਰਜਾ ਸ਼ੈਲ ਨੂੰ ਤੋੜ ਕੇ ਬਾਹਰ ਵੱਲ ਨੂੰ ਨਿਕਲਣ ਦੀ ਕੋਸ਼ਿਸ਼ ਕਰਦੀ ਹੈ। ਇਹ ਰਿਸਾਵ ਭੂਕੰਪੀ ਤਰੰਗਾਂ ਦੇ ਰੂਪ ’ਚ ਹੁੰਦਾ ਹੈ। ਤਰੰਗਿਤ ਹੋ ਕੇ ਜਮੀਨ ਹਿਲਣ ਲਗਦੀ ਹੈ। ਇਸ ਦਾ ਵਿਨਾਸ਼ਕਾਰੀ ਪ੍ਰਭਾਵ ਅਸੀਂ ਧਰਤੀ ਦੀ ਸਤਹਿ ਤੇ ਮਹਿਸੂਸ ਕਰਦੇ ਹਾਂ।

ਭੂਚਾਲ ਦਾ ਮੂੱਖ ਕਾਰਨ ਕੀ ਹੈ?
ਦਰਅਸਲ ਧਰਤੀ ਦਾ ਬਾਹਰੀ 100 ਕਿਲੋਮੀਟਰ ਤੱਕ ਦਾ ਗਹਿਰਾ ਖੇਤਰ ਜਿਸਨੂੰ ਸਥਲਮੰਡਲ ਕਿਹਾ ਜਾਂਦਾ ਹੈ, ਸਥਿਰ ਨਾ ਹੋ ਕੇ ਸਤਤ ਪਾਰਸ਼ਵਿਕ ਗਤੀ ’ਚ ਰਹਿੰਦਾ ਹੈ। ਸਥਲਮੰਡਲ ਦੇ ਗੋਲਾਕਾਰ ਟੁਕੜੇ ਜਾਂ ਪਲੇਟਾਂ ਗਤੀਮਾਨ ਹੋਣ ਦੇ ਕਾਰਨ ਕਈ ਖੇਤਰਾਂ ’ਚ ਇਕ ਦੂਜੇ ਤੋਂ ਦੂਰ ਹਟਣ ਅਤੇ ਕਈ ਖੇਤਰਾਂ ’ਚ ਇਕ ਦੂਜੇ ਨਾਲ ਟਕਰਾਉਣ ਦੀ ਪ੍ਰਕਿਰਿਆਂ ’ਚ ਰਹਿੰਦੇ ਹਨ। ਜਦੋਂ ਇਹ ਇਕ ਦੂਜੇ ਨਾਲ ਟਕਰਾਉਂਦੇ ਹਨ ਜਾ ਪਰਾਂ ਹਟਦੇ ਹਨ ਤਾ ਭੂਚਾਲ ਆਉਂਦੇ ਹਨ। ਜਿਹੜੇ ਖੇਤਰਾਂ ’ਚ ਇਹ ਪਲੇਟਾਂ ਹਨ ਉਥੇ ਭੂਚਾਲ ਆਉਣ ਦੀ ਸੰਭਾਵਨਾ ਜਿਆਦਾ ਰਹਿੰਦੀ ਹੈ।

ਭੂਚਾਲ ਨਾਲ ਕੀ ਹੁੰਦਾ ਹੈ?
ਭੂਚਾਲ ਤਾਂ ਧਰਤੀ ਤੇ ਆਉਂਦੇ ਹੀ ਰਹਿੰਦੇ ਹਨ। ਜਿਆਦਾਤਰ ਭੂਚਾਲ ਤਾਂ ਅਜਿਹੇ ਹੁੰਦੇ ਹਨ ਜਿਨਾਂ ਦਾ ਪਤਾ ਆਮ ਲੋਕਾਂ ਨੂੰ ਨਹੀਂ ਲਗਦਾ, ਕਿਉਂਕਿ ਇਨਾਂ ਦੀ ਤੀਬਰਤਾ ਬਹੁਤ ਘੱਟ ਹੁੰਦੀ ਹੈ। ਤੇਜ਼ ਭੂਚਾਲ ਵੱਡੀ ਤਬਾਹੀ ਦਾ ਕਾਰਣ ਬਣਦੇ ਹਨ। ਕਈ ਲੋਕ ਮਾਰੇ ਜਾਂਦੇ ਹਨ। ਬਿਲਡਿਗਾਂ ਢਹਿ ਢੇਰੀ ਹੋ ਜਾਂਦੀਆਂ ਹਨ। ਲੋਕ ਮਲਬੇ ਹੇਠਾ ਦੱਬੇ ਜਾਂਦੇ ਹਨ। ਭੂਚਾਲ ਦੌਰਾਣ ਲੋਕ ਇਧਰ ਉਧਰ ਭੱਜਦੇ ਹਨ, ਜਿਸਦੇ ਸਿੱਟੇ ਵਜੋਂ ਕੁਝ ਲੋਕ ਭਗਦੜ ’ਚ ਵੀ ਮਾਰੇ ਜਾਂਦੇ ਹਨ ਜਾਂ ਫੱਟੜ ਹੋ ਜਾਂਦੇ ਹਨ। ਘਰਾਂ ਬਿਲਡਿਗਾਂ ਦੇ ਢਹਿ ਢੇਰੀ ਹੋ ਜਾਣ ਨਾਲ ਲੋਕ ਬੇਘਰ ਹੋ ਜਾਂਦੇ ਹਨ ਅਤੇ ਦੁਕਾਨਾਂ ਦੇ ਮਲਬੇ ਦੇ ਰੂਪ ’ਚ ਬਦਲ ਜਾਣ ਕਾਰਨ ਲੋਕ ਬੇਰੁਜਗਾਰ ਹੋ ਜਾਂਦੇ ਹਨ। ਕਈ ਬੱਚੇ ਯਤੀਮ ਹੋ ਜਾਂਦੇ ਹਨ। ਪਰ ਇਹ ਸਭ ਕੁਝ ਹਰ ਭੂਚਾਲ ਨਾਲ ਨਹੀਂ ਹੁੰਦਾ। ਇਹ ਸਿਰਫ ਉਸ ਵੇਲੇ ਹੁੰਦਾ ਹੈ ਜਦੋਂ ਭੂਚਾਲ ਦੀ ਸ਼ਕਤੀ ਜਿਆਦਾ ਹੋਵੇ।

ਭੂਚਾਲ ਆਉਣ ਤੇ ਕੀ ਕੀਤਾ ਜਾਵੇ?
ਇਹ ਸਭ ਤੋਂ ਮਹਤਵਪੂਰਨ ਪ੍ਰਸ਼ਨ ਹੈ ਕਿ ਜਦੋਂ ਭੂਚਾਲ ਆਵੇ ਤਾਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕੀ ਕੀਤਾ ਜਾਵੇ? ਸਭ ਤੋਂ ਜਰੂਰੀ ਤਾਂ ਇਹ ਹੈ ਕਿ ਡਰੋ ਨਾ ਅਤੇ ਨਾ ਹੀ ਘਬਰਾਉ। ਸੰਜਮ ਤੋਂ ਕੰਮ ਲਵੋ। ਭਗਦੜ ’ਚ ਉਨੀ ਦੇਰ ਬਿਲਡਿੰਗ ਛੱਡਣ ਦੀ ਕੋਸ਼ਿਸ਼ ਨਾ ਕਰੋ ਜਿਨੀ ਦੇਰ ਧਰਤੀ ’ਚ ਹਲਚਲ ਹੈ ਜਾਂ ਧਰਤੀ ਝਟਕੇ ਮਹਿਸੂਸ ਕਰ ਰਹੀ ਹੈ। ਬੀਮ ਦੇ ਨੇੜੇ, ਕੰਧ ਦੇ ਨਾਲ ਜਾਂ ਦਰਵਾਜੇ ਦੇ ਵਿਚਕਾਰ ਆਪਣੀ ਪੁਜੀਸ਼ਨ ਸੰਭਾਲ ਲਵੋ। ਕਿਸੇ ਮਜਬੂਤ ਫਰਨੀਚਰ ਜਿਵੇਂ ਸਕੂਲਾਂ ’ਚ ਡੈਸਕਾਂ, ਘਰਾਂ ’ਚ ਬੈੱਡ ਜਾਂ ਮੇਜ ਥੱਲੇ ਹੋ ਜਾਵੋ। ਉਸ ਦੀਵਾਰ ਦੇ ਨੇੜੇ ਖੜੇ ਹੋ ਜਾਵੋ ਜਿਸ ’ਚ ਸ਼ੈਲਫ ਨਾ ਹੋਣ। ਬਚਣ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਤੁਹਾਡੇ ਨੇੜੇ ਫਰਨੀਚਰ ਜਾਂ ਹੋਰ ਸਮਾਨ ਜਿਹੜਾ ਡਿਗ ਸਕਦਾ ਹੈ, ਨਾ ਹੋਵੇ।

ਭੂਚਾਲ ਦੀ ਤੀਬਰਤਾ ਕਿਵੇਂ ਮਾਪੀ ਜਾਂਦੀ ਹੈ?
ਜਦੋਂ ਕਿਸੇ ਥਾਂ ਤੇ ਭੂਚਾਲ ਆਉਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਇਸਦੀ ਤੀਬਰਤਾ 7.4 ਜਾਂ 5.8 ਜਾਂ 7.8 ਸੀ। ਆਖਿਰ ਇਸ ਤੋਂ ਕੀ ਭਾਵ ਹੈ? ਅਸਲ ’ਚ ਇਹ ਭੂਚਾਲ ਮਾਪਕ ‘ਸਕੇਲ’ ਦੀ ‘ਰੀਡਿੰਗ’ ਹੈ। ਭੂਚਾਲ ਨੂੰ ‘ਰਿਕਟਰ’ ਪੈਮਾਨੇ ਨਾਲ ਮਾਪਿਆ ਜਾਂਦਾ ਹੈ। ਇਹ ਇਕ ‘ਲਾਗੋਰੇਥਿਮਕ ਸਕੇਲ’ ਹੈ, ਜਿਹੜੀ ਕਿ 1935 ’ਚ ਚਾਰਲਸ ਰਿਕਟਰ ਨੇ ਭੂਚਾਲ ਦੌਰਾਣ ਧਰਤੀ ਵਲੋਂ ਛੱਡੀ ਜਾਣ ਵਾਲੀ ਊਰਜਾ ਨੂੰ ਮਾਪਣ ਵਾਸਤੇ ਬਣਾਈ ਸੀ।

ਕਿਹੜਾ ਭੂਚਾਲ ਖਤਰਨਾਕ ਹੁੰਦਾ ਹੈ?
ਆਮਤੌਰ ਤੇ ਉਹ ਭੂਚਾਲ ਜਿਨਾਂ ਦੀ ਰਿਕਟਰ ਸਕੇਲ ਤੇ ‘ਵੈਲਿਓ’ 2.5 ਹੁੰਦੀ ਹੈ, ਉਨਾਂ ਨੂੰ ਮਹਿਸੂਸ ਨਹੀਂ ਕੀਤਾ ਜਾਂਦਾ ਪਰ ਇਹ ਰਿਕਾਰਡ ਕੀਤੇ ਜਾ ਸਕਦੇ ਹਨ। 4.5 ਵਾਲੇ ਭੂਚਾਲਾਂ ਨਾਲ ਸਥਾਨਕ ਥੋੜੀ ਬਹੁਤ ਤਬਾਹੀ ਹੁੰਦੀ ਹੈ। 6.0 ਰਿਕਟਰ ਸਕੇਲ ਵਾਲਾ ਭੂਚਾਲ ਅਬਾਦੀ ਵਾਲੇ ਇਲਾਕਿਆਂ ਲਈ ਤਬਾਹਕੁਨ ਸਿੱਧ ਹੋ ਸਕਦਾ ਹੈ। 7.0 ਵਾਲੇ ਭੂਚਾਲ ਖਤਰਨਾਕ ਸਿੱਧ ਹੋ ਸਕਦੇ ਹਨ। ਇਨਾਂ ਨਾਲ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ। ਰਿਕਟਰ ਸਕੇਲ ਤੇ 8.0 ਜਾਂ ਇਸਤੋਂ ਵੱਧ ਵੈਲਿਉ ਵਾਲੇ ਭੂਚਾਲ ਬਹੁਤ ਖਤਰਨਾਕ ਹੁੰਦੇ ਹਨ। ਇਹ ਪਿੰਡਾ ਦੇ ਪਿੰਡ ਜਾਂ ਸ਼ਹਿਰਾਂ ਨੂੰ ਪੂਰੀ ਤਰਾਂ ਤਬਾਹ ਕਰ ਦਿੰਦਾ ਹੈ ਜਾਂ ਕਈ ਵਾਰ ਗਰਕਾਂ ਵੀ ਦਿੰਦਾ ਹੈ। ਜਿਵੇਂ 31 ਮਈ 1935 ਨੂੰ ਕੋਟਾ ’ਚ ਆਏ ਭੂਚਾਲ ਨੇ ਸਾਰਾ ਕੋਟਾ ਹੀ ਗਰਕਾ ਦਿੱਤਾ ਸੀ।

ਭਾਰਤ ’ਚ ਭੂਚਾਲ ਕਿੱਥੇ ਕਿੱਥੇ ਆ ਸਕਦਾ ਹੈ?
ਹਾਲਾਂਕਿ ਭੂਚਾਲ ਦੀ ਭੱਵਿਖ ਬਾਣੀ ਕਰਨ ਵਾਲਾ ਕੋਈ ਯੰਤਰ ਹੋਂਦ ’ਚ ਹਾਲੇ ਤੱਕ ਨਹੀਂ ਹੈ, ਇਸ ਦਾ ਅਨੁਮਾਨ ਸਿਰਫ ਕੁੱਤਿਆਂ, ਬਿੱਲੀਆਂ ਦੇ ਕੂਕਣ ਚੂਕਣ ਜਾਂ ਹੋਰ ਜਾਨਵਰਾਂ ਦੀਆਂ ਗੱਤੀਵਿੱਧੀਆਂ ਤੋਂ ਹੀ ਲਗਾਇਆ ਜਾ ਸਕਦਾ ਹੈ। ਹਿਮਾਲੇ ਖੇਤਰ ’ਚ ਵੱਡੇ ਭੂਚਾਲ ਆਉਣ ਦੀ ਸੰਭਾਵਨਾ ਉਨਾਂ ਖੇਤਰਾਂ ’ਚ ਜਿਆਦਾ ਹੈ ਜਿਥੇ ਇਹ ਹੁਣ ਤੱਕ ਨਹੀਂ ਆਏ, ਖਾਸ ਤੌਰ ਤੇ ਪਿਛਲੇ ਸੌ ਸਾਲਾਂ ’ਚ। ਕਾਂਗੜਾ, ਬਿਹਾਰ ਅਤੇ ਅਸਾਮ ਉਹ ਭੂਕੰਪੀ ਖੇਤਰ ਹਨ ਜਿਨਾਂ ’ਚ ਭੂਚਾਲ ਅੰਤਰਾਲ ਮੌਜੂਦ ਹੈ। ਕਾਂਗੜਾ ਜਿਥੇ 1905 ’ਚ ਭੂਚਾਲ ਆਇਆ ਸੀ, ਦੇ ਪੱਛਮੀ ਭਾਗ, ਕਾਂਗੜਾ ਅਤੇ ਬਿਹਾਰ ਦੇ ਉਹ ਖੇਤਰ ਜਿੱਥੇ 1934 ’ਚ ਭੂਚਾਲ ਆਇਆ ਸੀ, ਦੇ ਵਿਚਾਲੇ ਦਾ 700 ਕਿਲੋਮੀਟਰ ਲੰਮਾ ਖੇਤਰ ਅਤੇ 1897 ਅਤੇ 1950 ’ਚ ਅਸਾਮ ’ਚ ਆਏ ਭੂਚਾਲ ਪ੍ਰਭਾਵਿਤ ਇਲਾਕਿਆਂ ਦੇ ਮੱਧ ਦੇ ਭਾਗ ’ਚ ਆਉਣ ਵਾਲੇ ਸਾਲਾਂ ’ਚ ਭੂਚਾਲ ਆ ਸਕਦਾ ਹੈ। ਇਹ ਸਮਾਂ ਸੀਮਾ ਵੱਧ ਤੋਂ ਵੱਧ 30 ਸਾਲ ਹੋ ਸਕਦੀ ਹੈ। ਭਾਵ ਕਿ 30 ਸਾਲਾਂ ’ਚ ਇਥੇ ਭੂਚਾਲ ਆਉਣਾ ਨਿਸ਼ਚਿਤ ਹੈ। ਬਿਹਾਰ ਅਤੇ ਅਸਾਮ ਦੇ ਵਿਚਾਲੇ ਵਾਲਾ ਕੇਂਦਰੀ ਭਾਗ ਕਾਫੀ ਵੱਡਾ ਹੈ,ਇਥੇ ਜਬਰਦਸਤ ਤਬਾਹੀ ਵਾਲੇ ਦੋ ਭੂਚਾਲ ਆਉੁਣ ਦੀ ਸੰਭਾਵਨਾ ਹੈ।

– ਸੰਜੀਵ ਝਾਂਜੀ, ਜਗਰਾਉਂ