ਲੁਧਿਆਣਾ ਦੇ ਸੈਕਟਰ 32 ਏ ਦੀਆਂ ਥਾਂ -ਥਾਂ ਟੁੱਟੀਆਂ ਸੜਕਾਂ ਨੂੰ ਹੋਰ ਚੋੜਾ ਕਰਨ ਲਈ ਥੜ੍ਹੇ ਤੋੜਣ ਦਾ ਕੰਮ ਸ਼ੁਰੂ
————–————–
ਲੁਧਿਆਣਾ ,15 ਮਾਰਚ ( ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ ) ਗਲਾਡਾ ਵਲੋਂ ਲੁਧਿਆਣਾ ਦੇ ਸੈਕਟਰ 32 ਏ ਦੀਆਂ ਥਾਂ -ਥਾਂ ਟੁੱਟੀਆਂ ਸੜਕਾਂ ਨੂੰ ਹੋਰ ਚੋੜਾ ਕਰਨ ਲਈ ਸੈਕਟਰ ਦੀਆਂ ਅੰਦਰੂਨੀ ਸੜਕਾਂ ਦੇ ਕਿਨਾਰੇ ਬਣੇ ਘਰਾਂ ਦੇ ਰੈਂਪ ਅਤੇ ਉਚੇ ਥੜ੍ਹੇ ਤੋੜਣ ਦਾ ਕੰਮ ਤੇਜੀ ਨਾਲ ਕਰਵਾਇਆ ਜਾ ਰਿਹਾ ਹੈ ਪਰ ਵੱਖ -ਵੱਖ ਠੇਕੇਦਾਰਾਂ ਵਲੋਂ ਲਾਪ੍ਰਵਾਹੀ ਨਾਲ ਕੀਤਾ ਜਾ ਰਿਹਾ ਕੰਮ ਸੈਕਟਰ ਵਾਸੀਆਂ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ ,ਖਾਸ ਕਰ ਪਿੱਛਲੇ ਦਿਨਾਂ ਵਿਚ ਹੋਈ ਬਰਸਾਤ ਕਾਰਨ ਘਰਾਂ ਦੇ ਅੰਦਰ ਮਿੱਟੀ ਅਤੇ ਚਿੱਕੜ ਜਾਣ ਕਾਰਨ ਲੋਕਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ | ਵਿਭਾਗ ਦੇ ਐਕਸੀਅਨ ਜਸਜੋਤ ਸਿੰਘ ਨਾਲ ਜਦੋ ਨਿਊਜ਼ ਪੰਜਾਬ ਦੇ ਪ੍ਰਤੀਨਿੱਧ ਨੇ ਇਸ ਸਬੰਧੀ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਲੇਬਰ ਨੂੰ ਧਿਆਨ ਨਾਲ ਕੰਮ ਕਰਨ ਲਈ ਕਹਿ ਦਿੱਤਾ ਹੈ ਉਨ੍ਹਾਂ ਕਿਹਾ ਕਿ ਜੇ ਕੰਮ ਕਰਦਿਆਂ ਪਾਣੀ ਦੀ ਸਪਲਾਈ ਪਾਈਪ ਟੁੱਟੇਗੀ ਤਾ ਕੰਮ ਕਰਵਾ ਰਹੇ ਠੇਕੇਦਾਰ ਦੀ ਜੁਮੇਵਾਰੀ ਹੈ ਅਤੇ ਉਹ ਨਿਯਮਾਂ ਅਨੁਸਾਰ ਮੁਰੰਮਤ ਕਰਵਾ ਕੇ ਦੇਵੇਗਾ | ਉਨ੍ਹਾਂ ਕਿਹਾ ਕਿ ਸੜਕਾਂ ਖੁਲੀਆਂ ਹੋਣ ਨਾਲ ਇਲਾਕੇ ਦੀ ਆਵਾਜਾਈ ਵਿਚ ਵੱਡਾ ਸੁਧਾਰ ਆਵੇਗਾ |
ਸੈਕਟਰ ਦੀਆਂ ਅੰਦਰੂਨੀ ਸੜਕਾਂ ਜਿਨ੍ਹਾਂ ਵਿੱਚ 60 ਫੁੱਟੀ ਸੜਕ ਜਿਸ ਵਿੱਚ ਪਹਿਲਾ 20 ਫੁਟ ਚੋੜੀ ਪੱਕੀ ਸੜਕ ਹੈ ਹੁਣ ਓਥੇ 30 ਫੁੱਟ ਚੋੜੀ ਪੱਕੀ ਸੜਕ ਬਣਾਈ ਜਾਵੇਗੀ ਅਤੇ ਦੋਵੇ ਪਾਸੇ 5 – 5 ਫੁੱਟ ਚੋੜਾ ਫੁੱਟਪਾਥ ਅਤੇ ਦੋਨੋ ਪਾਸੇ 10 -10 ਫੁੱਟ ਚੋੜੀ ਗ੍ਰੀਨ ਬੈਲਟ ਛੱਡੀ ਜਾਵੇਗੀ ਇਸੇ ਤਰ੍ਹਾਂ 45 ਫੁੱਟ ਚੋੜੀ ਸੜਕ ਵਿੱਚ 25 ਫੁੱਟ ਚੋੜੀ ਪੱਕੀ ਸੜਕ ਬਣਾਈ ਜਾਵੇਗੀ ਅਤੇ ਦੋਨੋ ਪਾਸੇ 5 -5 ਫੁੱਟ ਦੇ ਫੁੱਟਪਾਥ ਅਤੇ ਗ੍ਰੀਨ ਬੈਲਟ ਰੱਖੀ ਜਾਵੇਗੀ , ਜਦੋ ਕਿ 30 ਫੁੱਟ ਚੋੜੀ ਸੜਕ ਵਿੱਚ 20 ਫੁੱਟ ਚੋੜੀਪੱਕੀ ਸੜਕ ਦੇ ਨਾਲ ਦੋਨੋ ਪਾਸੇ 5 -5 ਫੁੱਟ ਦੇ ਫੁੱਟਪਾਥ ਬਣਾਏ ਜਾਣਗੇ ਜਦੋ ਕਿ ਇਸ ਸੜਕ ਤੇ ਗ੍ਰੀਨ ਬੈਲਟ ਲਈ ਕੋਈ ਜਗ੍ਹਾ ਨਹੀਂ ਰੱਖੀ ਗਈ |ਸੜਕਾਂ ਵਿੱਚ ਆਉਣ ਵਾਲੇ ਬਿਜਲੀ ਦੇ ਖੰਭੇ ਪੀ ਐਸ ਪੀ ਸੀ ਐੱਲ ਵਲੋਂ ਬਦਲਣੇ ਸ਼ੁਰੂ ਕਰ ਦਿਤੇ ਗਏ ਹਨ | ਸੈਕਟਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਲੋੜੀਂਦੇ ਸਾਰੇ ਕੰਮ ਨਾਲ -ਨਾਲ ਕੀਤੇ ਜਾਣ ਜਿਸ ਨਾਲ ਲੋਕਾਂ ਦੀ ਪ੍ਰੇਸ਼ਾਨੀ ਖਤਮ ਹੋ ਸਕੇ | ਗਲਾਡਾ ਵਲੋਂ ਸੈਕਟਰ ਦੀਆਂ 80 ਅਤੇ 100 ਫੁੱਟ ਦੀਆਂ ਸੜਕਾਂ ਬਾਰੇ ਹਾਲੇ ਕੋਈ ਨਿਰਣਾ ਨਹੀਂ ਲਿਆ ਗਿਆ | ਗਲਾਡਾ ਦੇ ਜੇ ਈ ਸੁਖਵਿੰਦਰ ਸਿੰਘ ਢੀਂਡਸਾ ਨੇ ਮੌਕਾ ਵੇਖਣ ਤੋਂ ਬਾਅਦ ਕਿਹਾ ਕਿ ਪੁਟਾਈ ਦੌਰਾਨ ਧਿਆਨ ਰਖਿਆ ਜਾਵੇਗਾ | ਇਹ ਕੰਮ ਸਤੱਬਰ ਮਹੀਨੇ ਤੱਕ ਮੁਕੱਮਲ ਹੋਣੇ ਹਨ |