ਆਟੋਮੇਟਿਡ ਡ੍ਰਾਇਵਿੰਗ ਟੈਸਟ ਟ੍ਰੈਕ ਦੀ ਨਵੀਂ ਪਾਰਕਿੰਗ ਜਲਦ ਹੋਵੇਗੀ ਮੁਕੰਮਲ

ਨਿਊਜ਼ ਪੰਜਾਬ 

ਲੁਧਿਆਣਾ, 30 ਜਨਵਰੀ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸਥਾਨਕ ਐਸ.ਸੀ.ਡੀ. ਸਰਕਾਰੀ ਕਾਲਜ ਨੇੜੇ ਆਟੋਮੇਟਿਡ ਡ੍ਰਾਇਵਿੰਗ ਟੈਸਟ ਟ੍ਰੈਕ ਦੀ ਨਵੀਂ ਪਾਰਕਿੰਗ ਜਲਦ ਤਿਆਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਟੈਸਟ ਟ੍ਰੈਕ ‘ਤੇੇ ਪਾਰਕਿੰਗ ਦੀ ਢੁੱਕਵੀਂ ਜਗ੍ਹਾ ਨਾ ਹੋਣ ਕਰਕੇ ਵਸਨੀਕਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ ਜੋ ਬਾਹਰ ਸੜ੍ਹਕ ‘ਤੇ ਟ੍ਰੈਫਿਕ ਜ਼ਾਮ ਦਾ ਕਾਰਨ ਬਣਦੀ ਹੈ।
ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਿਗਮ ਕੌਂਸਲਰ ਸ੍ਰੀ ਸੰਨੀ ਭੱਲਾ, ਸੱਕਤਰ ਆਰ.ਟੀ.ਏ. ਸ੍ਰੀ ਸੰਦੀਪ ਸਿੰਘ ਦੇ ਨਾਲ ਸਥਾਨਕ ਐਸ.ਸੀ.ਡੀ. ਸਰਕਾਰੀ ਕਾਲਜ ਨੇੜੇ ਆਟੋਮੇਟਿਡ ਡਰਾਈਵਿੰਗ ਟੈਸਟ ਟ੍ਰੈਕ ਦਾ ਦੌਰਾ ਕੀਤਾ।
ਸ੍ਰੀ ਆਸ਼ੂ ਨੇ ਸਬੰਧਤ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਵਸਨੀਕਾਂ ਨੂੰ ਬਿਨਾਂ ਕਿਸੇ ਵਿਚੋਲਿਆਂ ਦੇ ਸਿੱਧੇ ਤੌਰ ‘ਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਸਨੀਕਾਂ ਦੀ ਭਲਾਈ ਲਈ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਕਈ ਪਹਿਲਕਦਮੀਆਂ ਆਰੰਭੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਿਭਾਗ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਲਈ ਕਈ ਨਾਗਰਿਕ ਕੇਂਦਰਿਤ ਸੇਵਾਵਾਂ ਆਨ ਲਾਈਨ ਕੀਤੀਆਂ ਗਈਆਂ ਹਨ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਆਨ ਲਾਈਨ ਸੇਵਾਵਾਂ ਦਾ ਪੂਰਾ ਲਾਭ ਲੈਣ।
ਉਨ੍ਹਾਂ ਮੌਕੇ ‘ਤੇੇ ਮੌਜੂਦ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਟ੍ਰੈਕ ‘ਤੇ ਨਵੇਂ ਪਾਰਕਿੰਗ ਏਰੀਆ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਤਾਂ ਜੋ ਵਸਨੀਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਪਾਰਕਿੰਗ ਏਰੀਆ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ ਅਤੇ ਵਾਹਨਾਂ ਦੀ ਪਾਰਕਿੰਗ ਲਈ ਕਾਫ਼ੀ ਜਗ੍ਹਾ ਹੋਵੇਗੀ।