ਜ਼ਿਲ੍ਹਾ ਪਸਾਸ਼ਨ ਵੱਲੋਂ ਕੋਰੋਨਾ ਯੋਧਿਆਂ ਦਾ ਕੀਤਾ ਗਿਆ ਸਨਮਾਨ -ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਾਰੀਆਂ ਧਿਰਾਂ ਦਾ ਕੀਤਾ ਧੰਨਵਾਦ

ਨਿਊਜ਼ ਪੰਜਾਬ 

ਲੁਧਿਆਣਾ, 21 ਜਨਵਰੀ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਆਪਣੀਆ ਬੇਮਿਸਾਲ ਸੇਵਾਵਾਂ ਦੇਣ ਵਾਲੇ ਯੋਧਿਆਂ ਦੇ ਸਨਮਾਨ ਲਈ ਇੱਕ ਸੰਖੇਪ ਸਮਾਰੋਹ ਸਥਾਨਕ ਗੁਰੂ ਨਾਨਕ ਭਵਨ(ਮਿੰਨੀ) ਵਿਖੇ ਆਯੋਜਿਤ ਕੀਤਾ ਗਿਆ। ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਇਸ ਸਮਾਰੋਹ ਵਿੱਚ ਜ਼ਿਆਦਾ ਇਕੱਠ ਨਹੀਂ ਕੀਤਾ ਜਾ ਸਕਿਆ, ਪਰ ਫੇਰ ਵੀ ਡਿਪਟੀ ਕਮਿਸ਼ਨਰ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਸਭ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਇਸ ਮਹਾਂਮਾਰੀ ‘ਤੇ ਫਤਿਹ ਹਾਸਲ ਕੀਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂੋਸ, ਡਾ.ਬਿਸ਼ਵ ਮੋਹਨ, ਡਾ. ਪ੍ਰੇਮ ਗੁਪਤਾ, ਸ੍ਰੀ ਸਚਿਤ ਜੈਨ, ਐਸ.ਡੀ.ਐਮ. ਸਹਿਬਾਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਵੱਲੋਂ ਆਪਣੇ ਸੰਬੋਧਨ ਵਿਚ ਵੱਖ-ਵੱਖ ਵਿਭਾਗਾਂ ਤੋਂ ਇਲਾਵਾ ਪੁਲਿਸ ਪ੍ਰਸਾਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਹਾਂਮਾਰੀ ‘ਤੇ ਕਾਬੂ ਪਾਉਣ ਵਿੱਚ ਇਨ੍ਹਾ ਦਾ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਜੇਕਰ ਔਸਤਨ ਗੱਲ ਕਰੀਏ ਤਾਂ 500 ਨਾਗਰਿਕਾਂ ਲਈ ਇੱਕ ਪੁਲਿਸ ਮੁਲਾਜ਼ਮ ਆਪਣੀ ਸੇਵਾ ਨਿਭਾ ਰਿਹਾ ਸੀ। ਉਨ੍ਹਾਂ ਸ੍ਰੀ ਸਚਿਤ ਜੈਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਇਨ੍ਹਾਂ ਕਿਸੇ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ਨੂੰ ਆਕਸੀਜ਼ਨ ਦੀ ਕਮੀ ਨਹੀਂ ਆਉਣ ਦਿੱਤੀ। ਉਨ੍ਹਾਂ ਇਸ ਗੱਲ ਦੀ ਤਸੱਲੀ ਪ੍ਰਗਟਾਈ ਕਿ ਹੁਣ ਤੱਕ ਕਿਸੇ ਕੋਰੋਨਾ ਪੋਜ਼ਟਿਵ ਮਰੀਜ਼ ਦੀ ਆਕਸੀਜ਼ਨ ਦੀ ਕਮੀ ਕਾਰਨ ਮੌਤ ਨਹੀਂ ਹੋਈ।
ਸ੍ਰੀ ਸ਼ਰਮਾ ਵੱਲੋਂ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਕੋਵਿਡ-19 ਨੋਡਲ ਅਫਸਰ ਵਜੋਂ ਅਣਥੱਕ ਮਿਹਨਤ ਸਦਕਾ ਆਪਣੀ ਡਿਊਟੀ ਬਾਖੂੁਬੀ ਨਿਭਾਈ। ਉਨ੍ਹਾਂ ਸੰਜੀਵਨੀ ਗਰੁੱਪ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਕੋਵਿਡ ਤੋਂ ਬਚਾਅ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਭਰਪੂਰ ਸਹਿਯੋਗ ਦਿੱਤਾ। ਉਨ੍ਹਾਂ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਵਸਨੀਕਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਕੋਵਿਡ-19 ਦੌਰਾਨ 12 ਲੱਖ ਤੋਂ ਵੱਧ ਲੋਕਾਂ ਨੂੰ ਵੱਖ-ਵੱਖ ਸਾਧਨਾ ਰਾਹੀਂ ਉਨ੍ਹਾ ਦੇ ਘਰ ਪਹੁੰਚਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਭਰ ਵਿੱਚ ਜ਼ਿਲ੍ਹਾ ਲੁਧਿਆਣਾ ਵੱਲੋਂ ਸਭ ਤੋਂ ਵੱਧ ਕੋਰੋਨਾ ਦੇ ਟੈਸਟ ਕੀਤੇ ਗਏ ਹਨ।
ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੇ ਸਾਰਿਆਂ ਦੇ ਸਹਿਯੋਗ ਸਦਕਾ ਇਸ ਜੰਗ ਵਿੱਚ ਸਫਲ ਹੋਏ ਹਾਂ। ਉਨ੍ਹਾਂ ਕਿਹਾ ਪੁਲਿਸ ਪ੍ਰਸਾਸ਼ਨ ਦੇ 4500 ਦੇ ਕਰੀਬ ਜਵਾਨਾਂ ਵੱਲੋਂ ਦਿਨ-ਰਾਤ ਸੇਵਾ ਨਿਭਾਈ ਗਈ, ਜਿਨ੍ਹਾਂ ਵਿੱਚੋਂ 450 ਦੇ ਕਰੀਬ ਪੁਲਿਸ ਮੁਲਾਜ਼ਮ ਕੋਰੋਨਾ ਪੋਜ਼ਟਿਵ ਵੀ ਹੋਏ। ਉਨ੍ਹਾਂ ਇਸ ਮੌਕੇ ਏ.ਸੀ.ਪੀ. ਅਨਿਲ ਕੋਹਲੀ ਅਤੇ ਏ.ਐਸ.ਆਈ. ਜਸਪਾਲ ਸਿੰਘ ਦੀ ਸਹਾਦਤ ਨੂੰ ਯਾਦ ਕੀਤਾ, ਜਿਨ੍ਹਾਂ ਇਸ ਮਹਾਂਮਾਰੀ ਦੌਰਾਨ ਆਪਣੀ ਜਾਨ ਗਵਾਈ। ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਫਰੰਟਲਾਈਨ ਯੋਧਿਆਂ ਦੇ ਸਨਮਾਨ ਲਈ ਸਮਾਰੋਹ ਉਲੀਕਿਆ।