ਦਿੱਲੀ ਸਮੇਤ 10 ਸੂਬਿਆਂ ਚ ਫੈਲਿਆ ਬਰਡ ਫਲੂ
ਨਵੀਂ ਦਿੱਲੀ:
ਭੁਪਾਲ ਦੀ ਲੈਬਾਰਟਰੀ ’ਚ ਭੇਜੇ ਗਏ ਅੱਠ ਨਮੂਨਿਆਂ ਦੇ ਪਾਜ਼ੇਟਿਵ ਆਉਣ ਮਗਰੋਂ ਦਿੱਲੀ ’ਚ ਅੱਜ ਬਰਡ ਫਲੂ ਫੈਲਣ ਦੀ ਪੁਸ਼ਟੀ ਹੋ ਗਈ ਹੈ। ਵਿਕਾਸ ਵਿਭਾਗ ਦੀ ਪਸ਼ੂ ਪਾਲਣ ਇਕਾਈ ਦੇ ਡਾਕਟਰ ਰਾਕੇਸ਼ ਸਿੰਘ ਨੇ ਦੱਸਿਆ ਕਿ ਚਾਰ ਨਮੂਨੇ ਮਯੂਰ ਵਿਹਾਰ ਫ਼ੇਜ਼ 3, ਤਿੰਨ ਸੰਜੈ ਝੀਲ ਅਤੇ ਇਕ ਦਵਾਰਕਾ ਤੋਂ ਭੇਜੇ ਗਏ ਸਨ ਅਤੇ ਇਹ ਸਾਰੇ ਬਰਡ ਫਲੂ ਪਾਜ਼ੇਟਿਵ ਪਾਏ ਗਏ ਹਨ। ਮਸ਼ਹੂਰ ਸੰਜੈ ਝੀਲ ’ਚ ਬੱਤਖਾਂ ਨੂੰ ਮਾਰਨ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਨਮੂਨੇ ਜਲੰਧਰ ਦੀ ਲੈਬ ’ਚ ਵੀ ਭੇਜੇ ਗਏ ਸਨ ਅਤੇ ਉਨ੍ਹਾਂ ਦੇ ਨਤੀਜਿਆਂ ਦੀ ਉਡੀਕ ਹੈ। ਗਾਜ਼ੀਪੁਰ ਦੀ ਪੋਲਟਰੀ ਮਾਰਕਿਟ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਨਿਊ ਦਿੱਲੀ ਮਿਉਂਸਿਪਲ ਕੌਂਸਲ ਨੇ ਆਪਣੇ ਅਧੀਨ ਪੈਂਦੇ ਇਲਾਕਿਆਂ ’ਚ ਵੱਖ ਵੱਖ ਪੰਛੀਆਂ ਦੀ ਪੜਤਾਲ ਕਰਨ ਲਈ ਰੈਪਿਡ ਰਿਸਪਾਂਸ ਟੀਮ ਬਣਾਈ ਹੈ। ਉਧਰ ਗੁਜਰਾਤ ਦੇ ਵਡੋਦਰਾ ਅਤੇ ਸੂਰਤ ਜ਼ਿਲ੍ਹਿਆਂ ’ਚ ਕਾਵਾਂ ਦੇ ਭੇਜੇ ਗਏ ਨਮੂਨਿਆਂ ’ਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ ਉੱਤਰਾਖੰਡ ਦੇ ਦੇਹਰਾਦੂਨ ਅਤੇ ਰਿਸ਼ੀਕੇਸ਼ ’ਚ ਕਰੀਬ 200 ਪੰਛੀ ਮਰੇ ਹੋਏ ਮਿਲੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਕਾਂ ਹਨ।