ਸਰਾਭਾ ਨਗਰ ਮਾਰਕੀਟ ਤੇ ਮਾਲ ਰੋਡ ‘ਤੇ ਅੱਜ ਸਫਾਈ ਕਰਨ ਵਾਲੀ ਮਸ਼ੀਨਾਂ ਦਾ ਕੀਤਾ ਗਿਆ ਨਿਰੀਖਣ

ਲੁਧਿਆਣਾ, 09 ਜਨਵਰੀ  ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸ਼ਹਿਰ ਦੇ ਸਰਾਭਾ ਨਗਰ ਮਾਰਕੀਟ ਅਤੇ ਮਾਲ ਰੋਡ ਖੇਤਰਾਂ ਵਿੱਚ ਮਸ਼ੀਨੀ ਤੌਰ ‘ਤੇ ਸਵੀਪਿੰਗ ਮਸ਼ੀਨਾਂ ਦੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਈ-ਰਿਕਸ਼ਾ ਦੇ ਕੰਮ ਦਾ ਵੀ ਨਿਰੀਖਣ ਕੀਤਾ ਜਿਨ੍ਹਾਂ ਨੂੰ ਸ਼ਹਿਰ ਵਿਚ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸੇਵਾ ਵਿਚ ਲਗਾਉਣ ਦੀ ਤਜਵੀਜ਼ ਹੈ।
ਇਸ ਮੌਕੇ ਉਨ੍ਹਾਂ ਨਾਲ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸ੍ਰੀ ਸੰਨੀ ਭੱਲਾ ਅਤੇ ਸ੍ਰੀ ਹਰੀ ਸਿੰਘ ਬਰਾੜ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਤੋਂ ਇਲਾਵਾ ਕਈ ਹੋਰ ਵੀ ਮੌਜੂਦ ਸਨ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਉਹ ਸ਼ਹਿਰ ਦੇ ਸਰਵਪੱਖੀ ਵਿਕਾਸ ਦੇ ਨਾਲ ਨਾਲ ਨਿਵਾਸੀਆਂ ਨੂੰ ਉੱਤਮ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਸਾਰੇ ਪ੍ਰਮੁੱਖ ਬਾਜ਼ਾਰਾਂ ਦੀਆਂ ਸੜਕਾਂ ਅਤੇ ਫੁੱਟਪਾਥਾਂ ਨੂੰ ਮਸ਼ੀਨਾਂ ਰਾਹੀਂ ਸਫਾਈ ਕਰਵਾਉਣ ਲਈ ਤੱਤਪਰ ਹਨ। ਉਨ੍ਹਾਂ ਕਿਹਾ ਕਿ ਵੱਖ ਵੱਖ ਕੰਪਨੀਆਂ ਵੱਲੋਂ ਅਜਿਹੀਆਂ ਮਸ਼ੀਨਾਂ ਦੀ ਜਾਂਚ ਅੱਜ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੀਤੀ ਗਈ, ਜਿਸ ਤੋਂ ਬਾਅਦ ਇੱਕ ਤੁਲਨਾਤਮਕ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਅੰਤਮ ਫੈਸਲਾ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਅਤਿ ਆਧੁਨਿਕ ਸਵੀਪਿੰਗ ਮਸ਼ੀਨਾਂ ਦੀ ਮਦਦ ਨਾਲ ਸਾਰਾ ਪਾਰਕਿੰਗ ਏਰੀਆ ਅਤੇ ਸਰਾਭਾ ਨਗਰ ਮਾਰਕੀਟ ਦੇ ਪੈਦਲ ਰਸਤੇ ਨੂੰ ਸਾਫ ਕੀਤਾ ਗਿਆ ਹੈ। ਬਾਅਦ ਵਿਚ, ਉਨ੍ਹਾਂ ਵੱਲੋਂ ਸਥਾਨਕ ਮਾਲ ਰੋਡ ‘ਤੇ ਇਨ੍ਹਾਂ ਮਸ਼ੀਨਾਂ ਦੇ ਕੰਮ ਦਾ ਨਿਰੀਖਣ ਵੀ ਕੀਤਾ ਗਿਆ।
ਸ੍ਰੀ ਆਸ਼ੂ ਨੇ ਈ-ਰਿਕਸ਼ਾ ਦੇ ਕੰਮ ਦਾ ਨਿਰੀਖਣ ਵੀ ਕੀਤਾ ਜਿਨ੍ਹਾਂ ਰਾਹੀਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਠੋਸ ਰਹਿੰਦ-ਖੂੰਹਦ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਸਨੀਕਾਂ ਨੂੰ ਸਭ ਤੋਂ ਵਧੀਆ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਅਜਿਹੀਆਂ ਕਈ ਯੋਜਨਾਵਾਂ ਚੱਲ ਰਹੀਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ, ਰਿਸ਼ੀ ਨਗਰ, ਰਾਜਗੁਰੂ ਨਗਰ, ਸੰਤ ਈਸ਼ਰ ਸਿੰਘ ਨਗਰ ਦੇ ਨਾਲ ਨਾਲ ਸ਼ਹਿਰ ਦੇ ਕਈ ਹੋਰ ਇਲਾਕਿਆਂ ਵਿੱਚ ਵੀ ਜਲਦ ਹੀ ਮਸ਼ੀਨਾਂ ਰਾਹੀਂ ਸਫਾਈ ਸ਼ੁਰੂ ਕੀਤੀ ਜਾ ਰਹੀ ਹੈ।
ਸ੍ਰੀ ਆਸ਼ੂ ਨੇ ਦੱਸਿਆ ਕਿ ਸਰਾਭਾ ਨਗਰ ਮਾਰਕੀਟ ਨੂੰ ਸਮਾਰਟ ਮਾਰਕੀਟ ਵਜੋਂ ਵਿਕਸਤ ਕੀਤਾ ਗਿਆ ਹੈ।
ਉਨ੍ਹਾਂ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਨਿੱਜੀ ਤੌਰ ਤੇ ਨਿਗਰਾਨੀ ਕਰਨਗੇ ਅਤੇ ਕਿਸੇ ਵੀ ਖਾਮੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਜਨਤਕ ਪੈਸਾ ਬਰਬਾਦ ਨਾ ਕੀਤਾ ਜਾਵੇ ਅਤੇ ਵਧੀਆ ਵਰਤੋਂ ਵਿੱਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਈ ਹੋਰ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਗਈਆਂ ਹਨ, ਜਿਵੇਂ ਕਿ ਸਿੱਧਵਾਂ ਨਹਿਰ ਵਾਟਰਫਰੰਟ ਪ੍ਰਾਜੈਕਟ, ਜੈਨਪੁਰ ਵਿਖੇ ਆਗਾਮੀ ਸਪੋਰਟਸ ਪਾਰਕ, ੈੈਸਾਰੀਆਂ ਮੌਜੂਦਾ ਖੇਡ ਸਹੂਲਤਾਂ ਦਾ ਨਵੀਨੀਕਰਨ, ਕਈ ਸੜਕਾਂ ਨੂੰ ਸਮਾਰਟ ਸੜਕਾਂ ਵਿੱਚ ਵਿਕਸਤ ਕਰਨ, ਠੋਸ ਰਹਿੰਦ-ਖੂੰਹਦ ਦੇ ਵਧੀਆ ਪ੍ਰਬੰਧਨ ਲਈ ਸਥਿਰ ਕੰਪੈਕਟਰਾਂ ਦੀ ਸਥਾਪਨਾ ਕਰਨਾ ਸ਼ਾਮਲ ਹਨ।