ਸਕੂਲ ਵਿੱਚ ਚਾਈਂ-ਚਾਈਂ ਦਾਖ਼ਲ ਹੋ ਕੇ ਬੱਚੇ ਖੁਸ਼ੀ ਨਾਲ ਫੁੱਲੇ ਨਹੀਂ ਸਮਾਏ, ਸਕੂਲ ਮੁਖੀ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਦਾ ਸਕੂਲ ਦਾਖ਼ਲ ਹੋਣ ਤੇ ਕੀਤਾ ਗਿਆ ਨਿੱਘਾ ਸਵਾਗਤ
ਲੰਮੇ ਸਮੇਂ ਬਾਅਦ ਆਪਣੇ ਪਿਆਰੇ ਅਧਿਆਪਕਾਂ ਨੂੰ ਮਿਲ ਕੇ ਵਿਦਿਆਰਥੀ ਹੋਏ ਭਾਵੁਕ
ਤਰਨਤਾਰਨ, 07 ਜਨਵਰੀ :
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਦੀ ਯੋਗ ਅਗਵਾਈ ਅਧੀਨ ਸਕੂਲਾਂ ਵਿੱਚ ਕੋਵਿਡ-1 ਮਹਾਂਮਾਰੀ ਦੇ ਕਾਰਨ ਆਈ ਖੜੋਤ ਕਾਰਨ ਲੰਮੇ ਸਮੇਂ ਬਾਅਦ ਵਿਦਿਆਰਥੀਆਂ ਦੇ ਸਕੂਲ ਆਉਣ ਨਾਲ ਰੌਣਕਾਂ ਪਰਤ ਆਈਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਤਰਨਤਾਰਨ, ਸ੍ਰੀ ਸਤਨਾਮ ਸਿੰਘ ਬਾਠ ਅਤੇ ਸ੍ਰੀ ਸੁੁਸ਼ੀਲ ਕੁਮਾਰ ਤੁਲੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਨੇ ਦੱਸਿਆ ਕਿ ਇਸ ਫ਼ੈਸਲੇ ਦਾ ਵਿਦਿਆਰਥੀਆਂ, ਮਾਪਿਆਂ, ਸਕੂਲ ਮੈਨੇਜ਼ਮੈਂਟ ਕਮੇਟੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਭਰਪੂਰ ਸਵਾਗਤ ਕੀਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਕੋਵਿਡ-19 ਮਹਾਂਮਾਰੀ ਦੇ ਸਮੇਂ ਦੌਰਾਨ ਵੀ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਨੂੰ ਜਾਰੀ ਰੱਖਿਆ ਗਿਆ। ਇਸ ਲਈ ਵੱਖ-ਵੱਖ ਮਾਧਿਅਮਾਂ ਜਿਵੇਂ ਟੈਲੀਵਿਜ਼ਨ, ਰੇਡੀਓ, ਜ਼ੂਮ, ਯੂ-ਟਿਊਬ ਅਤੇ ਵਟਸਐਪ ਰਾਹੀਂ ਵਿਦਿਆਰਥੀਆਂ ਨੂੰ ਲਗਾਤਾਰ ਪੜ੍ਹਾਈ ਕਰਵਾਈ ਗਈ।
ਸ੍ਰੀ ਪਰਮਜੀਤ ਸਿੰਘ ਡਿਪਟੀ ਡੀ. ਈ. ਓ. ਐਲੀਮੈਂਟਰੀ ਤਰਨਤਾਰਨ ਅਤੇ ਸ੍ਰੀ ਹਰਪਾਲ ਸਿੰਘ ਸੰਧਾਵਾਲੀਆ ਡਿਪਟੀ ਡੀਈਓ ਸੈਕੰਡਰੀ ਤਰਨਤਾਰਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਵਿਦਿਆਰਥੀਆਂ ਲਈ ਪੰਜਾਬ ਐਜੂਕੇਅਰ ਐਪ ਦੀ ਸ਼ੁਰੂਆਤ ਵੀ ਕੀਤੀ ਗਈ। ਇਹਨਾਂ ਸਾਰਿਆਂ ਉਪਰਾਲਿਆਂ ਦੇ ਬਾਵਜੂਦ ਵਿਦਿਆਰਥੀਆਂ ਦੇ ਸਕੂਲ ਨਾ ਆਉਣ ਕਾਰਨ ਉਹਨਾਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਵਿੱਚ ਰੁਕਾਵਟ ਪੈਦਾ ਹੋ ਗਈ ਸੀ। ਕਿਉਂਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦਾ ਸਰਵਪੱਖੀ ਵਿਕਾਸ ਵੀ ਹੁੰਦਾ ਹੈ। ਇਸ ਲਈ ਮਾਪਿਆਂ ਵੱਲੋਂ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਸਕੂਲ ਖੋਲ੍ਹਣ ਲਈ ਲਗਾਤਾਰ ਸੁਝਾਅ ਦਿੱਤੇ ਜਾ ਰਹੇ ਸਨ। ਇਸ ਲਈ ਮਾਪਿਆਂ ਦੀ ਮੰਗ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਵਿਭਾਗ ਵੱਲੋਂ ਪੰਜਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਸਕੂਲਾਂ ਵਿੱਚ ਕਲਾਸਾਂ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਅੱਜ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਸਰਕਾਰੀ ਹਾਈ ਸਕੂਲ ਕੈਰੋਂ ਵਿਖੇ ਵਿਖੇ ਜਿਉਂ ਹੀ ਵਿਦਿਆਰਥੀ ਸਕੂਲ ਵਿੱਚ ਚਾਈਂ-ਚਾਈਂ ਦਾਖ਼ਲ ਹੋਏ ਤਾਂ ਉਨ੍ਹਾਂ ਦੇ ਚਿਹਰਿਆਂ ਤੇ ਅਜੀਬ ਜਿਹੀ ਮੁਸਕਾਨ ਸੀ। ਉਹ ਲੰਮੇ ਸਮੇਂ ਬਾਅਦ ਸਕੂਲ ਵਿੱਚ ਦਾਖ਼ਲ ਹੁੰਦਿਆਂ ਫੁੱਲੇ ਨਹੀਂ ਸਮਾ ਰਹੇ ਸਨ।ਸਕੂਲ ਮੁਖੀ ਅਤੇ ਸਾਰੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦਾ ਸਕੂਲ ਵਿੱਚ ਦਾਖ਼ਲ ਹੋਣ ਤੇ ਉਚੇਚਾ ਸਵਾਗਤ ਕੀਤਾ ਗਿਆ। ਇਸ ਸਮੇਂ ਕੋਵਿਡ-19 ਮਹਾਂਮਾਰੀ ਕਾਰਨ ਨਿਯਮਾਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਨੇ ਸਮਾਜਿਕ ਦੂਰੀ ਰੱਖਦਿਆਂ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕੀਤਾ ਫਿਰ ਸਕੂਲ ਵਿੱਚ ਚਾਈਂ
-ਚਾਈਂ ਦਾਖ਼ਲ ਹੋਏ।
ਸਕੂਲ ਮੁਖੀ ਗੁਰਪ੍ਰਤਾਪ ਸਿੰਘ ਨੇ ਵਿਦਿਆਰਥੀਆਂ ਦੇ ਸਕੂਲ ਆਉਣ ਤੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਬੈਂਚਾਂ ਨੂੰ ਸੈਨੇਟਾਈਜ਼ ਕੀਤਾ ਗਿਆ ਸੀ ਅਤੇ ਉਹਨਾਂ ਦੇ ਬੈਠਣ ਲਈ ਉਚੇਚੇ ਤੌਰ ਸੀਟਿੰਗ ਪਲਾਨ ਤਿਆਰ ਕੀਤਾ ਗਿਆ ਸੀ ਤਾਂ ਕਿ ਉਨ੍ਹਾਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ।
ਇਸ ਸਮੇਂ ਵਿਦਿਆਰਥੀਆਂ ਨੂੰ ਸਕੂਲ ਛੱਡਣ ਅਤੇ ਮਾਪੇ-ਅਧਿਆਪਕ ਮਿਲਣੀ ਵਿੱਚ ਭਾਗ ਲੈਣ ਆਏ ਮਾਪਿਆਂ ਨੇ ਸਕੂਲ ਖੁੱਲ੍ਹਣ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਉਹ ਤੇ ਉਹਨਾਂ ਦੇ ਬੱਚੇ ਲੰਮੇ ਸਮੇਂ ਤੋਂ ਸਕੂਲ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ । ਉਹਨਾਂ ਕਿਹਾ ਕਿ ਵਿਭਾਗ ਦੇ ਇਸ ਕਦਮ ਨਾਲ ਵਿਦਿਆਰਥੀਆਂ ਦੇ ਸਾਲਾਨਾ ਨਤੀਜਿਆਂ ਵਿੱਚ ਬਿਹਤਰੀ ਆਵੇਗੀ।
ਸਕੂਲ ਮੈਨੇਜ਼ਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਕਰਮ ਸਿੰਘ ਅਤੇ ਮੈਂਬਰ ਹਰ ਅਮਰੀਕ ਸਿੰਘ ਨੇ ਸਰਕਾਰ ਅਤੇ ਵਿਭਾਗ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਸਕੂਲ ਵੱਲੋਂ ਵਿਦਿਆਰਥੀਆਂ ਦੀ ਸਿਹਤ ਸੰਬੰਧੀ ਕੀਤੇ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ।
ਇਸ ਮੌਕੇ ਜਦ ਅੱਠਵੀਂ ਜਮਾਤ ਦੇ ਵਿਦਿਆਰਥੀ ਰਣਜੋਧ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਭਾਵੁਕ ਹੁੰਦਿਆਂ ਕਿਹਾ ਕਿ ਲੰਮੇ ਸਮੇਂ ਬਾਅਦ ਸਕੂਲ ਵਿੱਚ ਆ ਕੇ ਆਪਣੇ ਪਿਆਰੇ ਅਧਿਆਪਕਾਂ ਨੂੰ ਮਿਲ ਕੇ ਉਸ ਨੂੰ ਬਹੁਤ ਖੁਸ਼ੀ ਹੋਈ ਹੈ। ਉਹ ਹੁਣ ਰੋਜ਼ਾਨਾ ਸਕੂਲ ਆਵੇਗਾ ਅਤੇ ਪੂਰਾ ਮਨ ਲਗਾ ਕੇ ਪੜ੍ਹਾਈ ਕਰੇਗਾ ਅਤੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰੇਗਾ।