ਟ੍ਰਾਂਸਪੋਰਟ ਮੰਤਰੀ ਵਲੋਂ ਵੱਧ ਹਾਦਸਿਆਂ ਵਾਲੀਆਂ ਥਾਵਾਂ ਨੂੰ 31 ਮਾਰਚ ਤੱਕ ਦਰੁਸਤ ਕਰਨ ਦੇ ਨਿਰਦੇਸ਼

ਨਿਊਜ਼ ਪੰਜਾਬ
ਚੰਡੀਗੜ੍ਹ, 5 ਜਨਵਰੀ:
ਟ੍ਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦੀ ਪ੍ਰਧਾਨਗੀ ਹੇਠ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ (ਪੀ.ਐਸ.ਆਰ.ਐਸ.ਸੀ.) ਵਲੋਂ ਅੱਜ ਸੂਬੇ ਵਿੱਚ ਸੜਕ ਸੁਰੱਖਿਆ ਸਬੰਧੀ ਚੁੱਕੇ ਕਦਮਾਂ ਅਤੇ ਕਾਰਵਾਈਆਂ ਦਾ ਜਾਇਜ਼ਾ ਲਿਆ ਗਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਤਕਰੀਬਨ 50,000 ਅਵਾਰਾ ਪਸ਼ੂਆਂ ਨੂੰ ਕਵਰ ਕਰਨ ਲਈ ਰਿਫਲੈਕਟਰਾਂ ਦੀ ਖਰੀਦ ਕਰਨ ਅਤੇ 31 ਮਾਰਚ 2021 ਤੱਕ ਸਾਰੇ ਵੱਧ ਹਾਦਸਿਆਂ ਵਾਲੀਆਂ ਥਾਵਾਂ (ਬਲੈਕ ਸਪਾਟਸ) ਨੂੰ ਦਰੁਸਤ ਕਰਨ ਸਮੇਤ ਕੁਝ ਵੱਡੇ ਫੈਸਲਿਆਂ ਨੂੰ ਲਾਗੂ ਕਰਨ ਸਬੰਧੀ ਹਦਾਇਤ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਸੂਬੇ ਦੇ ਸਾਰੇ ਵੱਡੇ ਸੜਕ ਹਾਦਸਿਆਂ ਦੀ ਜਾਂਚ ਕਰਵਾਉਣ ਲਈ ਵੀ ਕਿਹਾ।
ਜ਼ਿਆਦਾ ਜਾਣਕਾਰੀ ਦਿੰਦਿਆਂ ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ (2015-2018) ਦੌਰਾਨ ਪੰਜਾਬ ਵਿੱਚ ਅਵਾਰਾ ਪਸ਼ੂਆਂ ਨਾਲ 502 ਸੜਕ ਹਾਦਸੇ ਹੋਏ, ਜਿਹਨਾਂ ਵਿੱਚ 370 ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ, 157 ਗੰਭੀਰ ਜ਼ਖਮੀ ਹੋਏ ਅਤੇ 59 ਮਾਮੂਲੀ ਸੱਟਾਂ ਲੱਗੀਆਂ। ਇਹ ਸਮੱਸਿਆ ਦਸੰਬਰ ਤੋਂ ਫਰਵਰੀ ਦੇ ਮਹੀਨਿਆਂ ਦੌਰਾਨ ਧੁੰਦ ਕਾਰਨ ਵਧੇਰੇ ਗੰਭੀਰ ਹੋ ਜਾਂਦੀ ਹੈ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਸੂਬੇ ਵਿੱਚ ਧੁੰਦ ਦੀ ਗੰਭੀਰ ਸਥਿਤੀ ਨੂੰ ਵੇਖਦਿਆਂ ਅਵਾਰਾ ਪਸ਼ੂਆਂ ਉੱਤੇ ਰਿਫਲੈਕਟਰ ਲਗਾਉਣ ਦੀ ਜ਼ਰੂਰਤ ਹੈ ਅਤੇ ਇਸ ਮੰਤਵ ਲਈ ਕੌਂਸਲ ਵਲੋਂ ਸੂਬੇ ਵਿਚ ਲਗਭਗ 50,000 ਅਵਾਰਾ ਪਸ਼ੂਆਂ ਨੂੰ ਕਵਰ ਕਰਨ ਲਈ ਲਗਭਗ 25 ਲੱਖ ਰੁਪਏ ਦੇ ਰਿਫਲੈਕਟਰ ਖਰੀਦੇ ਜਾਣਗੇ।
ਵੱਧ ਹਾਦਸਿਆਂ ਵਾਲੀਆਂ ਥਾਂਵਾਂ (ਬਲੈਕ ਸਪਾਟਸ) ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਪੰਜਾਬ ਦੇ ਕੌਮੀ ਰਾਜਮਾਰਗਾਂ ਉੱਤੇ 391 ਬਲੈਕ ਸਪਾਟਸ ਦੀ ਪਛਾਣ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬਲੈਕ ਸਪਾਟ 500 ਮੀਟਰ ਸੜਕੀ ਲਾਂਘੇ ਦੇ ਉਸ ਹਿੱਸੇ ਨੂੰ ਕਿਹਾ ਜਾਂਦਾ ਹੈ ਜਿਸ ਉੱਤੇ ਪਿਛਲੇ 3 ਸਾਲਾਂ ਦੌਰਾਨ 5 ਸੜਕ ਹਾਦਸੇ (ਮੌਤਾਂ ਤੇ ਗੰਭੀਰ ਸੱਟਾਂ ਵਾਲੇ ) ਹੋਏ ਹੋਣ ਜਾਂ ਪਿਛਲੇ 3 ਸਾਲਾਂ ਦੌਰਾਨ ਜਿੱਥੇ 10 ਮੌਤਾਂ ਹੋਈਆਂ ਹੋਣ। ਕੌਂਸਲ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ(ਐਨ.ਐਚ.ਏ.ਆਈ.) ਅਤੇ ਲੋਕ ਨਿਰਮਾਣ ਵਿਭਾਗ ਨੂੰ ਹਦਾਇਤ ਕੀਤੀ ਕਿ 31 ਮਾਰਚ,2021 ਤੱਕ ਸਾਰੇ ਬਲੈਕ ਸਪਾਟਸ ਨੂੰ ਦਰੁਸਤ ਕੀਤਾ ਜਾਵੇ।
ਰਾਜ ਵਿਚ ਪ੍ਰਤੀ ਦਿਨ ਹੋਣ ਵਾਲੀਆਂ ਸੜਕੀ ਹਾਦਸਿਆਂ ਦੀਆ ਮੌਤਾਂ ਨੂੰ 14 ਤੋਂ ਘਟਾ ਕੇ 7 (ਰਾਸ਼ਟਰੀ ਔਸਤ) ਕਰਨ ਲਈ ਸੂਬੇ ਵਿਚ ਸਾਰੇ ਵੱਡੇ ਸੜਕੀ ਹਾਦਸਿਆਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਵਾਪਰ ਰਹੇ ਹਾਦਸਿਆਂ ਦੇ ਅਸਲ ਕਾਰਨਾਂ ਜਿਵੇਂ ਇੰਜੀਨੀਅਰਿੰਗ ਨੁਕਸ, ਨੀਤੀਆਂ ਲਾਗੂ ਕਰਨ ਦੀ ਘਾਟ, ਵਾਹਨ ਵਿੱਚ ਨੁਕਸ ਆਦਿ ਦਾ ਪਤਾ ਲਗਾਇਆ ਜਾ ਸਕੇ। ਇਸ ਨਾਲ  ਉਪਾਅ ਆਰੰਭਣ ਲਈ ਵੀ ਰਾਹ ਪੱਧਰਾ ਹੋਵੇਗਾ। ਇਸ ਤੋਂ ਇਲਾਵਾ ਪੀ.ਐਸ.ਆਰ.ਐਸ.ਸੀ. ਵਲੋਂ ਸੂਬੇ ਵਿਚ ਹਾਦਸਿਆਂ ਦੀ ਸੰਭਾਵਨਾ ਵਾਲੀਆਂ ਸਾਰੀਆਂ ਸੜਕਾਂ ਦਾ ਨਿਰਪੱਖ ਏਜੰਸੀ ਪਾਸੋਂ  ਥਰਡ ਪਾਰਟੀ ਆਡਿਟ ਕਰਵਾਉਣ ਸਬੰਧੀ ਵੀ ਫੈਸਲਾ ਲਿਆ ਗਿਆ।
            ਸੜਕ ਸੁਰੱਖਿਆ ਦੇ ਮੱਦੇਨਜ਼ਰ ਆਧੁਨਿਕ ਉਪਕਰਣ ਜਿਵੇਂ ਸਪੀਡ ਗਨ, ਬਰੀਥ ਐਨਾਲਾਈਜ਼ਰ ਦੀ ਖਰੀਦ ਵਿੱਚ ਤੇਜ਼ੀ ਲਿਆਉਣ, ਮੁੱਖ ਏਜੰਸੀਆਂ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਅਤੇ ਸੁਪਰੀਮ ਕੋਰਟ ਦੀ ਸੜਕ ਸੁਰੱਖਿਆ ਕਮੇਟੀ ਦੁਆਰਾ ਜਾਰੀ ਦਿਸ਼ਾ ਨਿਰਦੇਸਾਂ ਨੂੰ ਲਾਗੂ ਕਰਨ ਸਬੰਧੀ ਵੀ ਫੈਸਲਾ ਕੀਤਾ ਗਿਆ। ਟਰਾਂਸਪੋਰਟ ਮੰਤਰੀ ਨੇ ਸੜਕ ਸੁਰੱਖਿਆ ਨਾਲ ਜੁੜੀਆਂ ਸਾਰੀਆਂ ਏਜੰਸੀਆਂ ਨੂੰ ਜ਼ਜਬੇ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾਈਆਂ ਜਾ ਸਕਣ। ਇਸ ਮੀਟਿੰਗ ਦੌਰਾਨ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸਾਦ, ਡੀ.ਜੀ. (ਲੀਡ ਏਜੰਸੀ) ਵੈਂਕਟਰਤਨਮ ਅਤੇ ਏ.ਡੀ.ਜੀ.ਪੀ.(ਟ੍ਰੈਫਿਕ) ਸ਼ਰਦ ਚੌਹਾਨ ਵੀ  ਵਿੱਚ ਸ਼ਾਮਲ ਹੋਏ।