ਉੱਤਰੀ ਭਾਰਤ- ਪਹਾੜੀ ਇਲਾਕਿਆਂ ਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਚ ਅੱਤ ਦੀ ਠੰਢ

ਸ਼ਿਮਲਾ, 29 ਦਸੰਬਰ

ਲੰਮੀ ਉਡੀਕ ਮਗਰੋਂ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ। ਇਸ ਦੌਰਾਨ ਭਾਵੇਂ ਕਈ ਸੜਕਾਂ ਜਾਮ ਹੋ ਗਈਆਂ ਪਰ ਸੈਲਾਨੀ ਇਸ ਮੌਸਮ ਦਾ ਆਨੰਦ ਮਾਣਦੇ ਵਿਖਾਈ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਕਿਨੌਰ, ਸ਼ਿਮਲਾ, ਚੰਬਾ, ਮੰਡੀ, ਕੁੱਲੂ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਉੱਚ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋਈ। ਸ਼ਿਮਲਾ ਅਤੇ ਕਈ ਦੂਜੇ ਸੈਲਾਨੀ ਕੇਂਦਰਾਂ ਜਿਵੇਂ ਮਨਾਲੀ ਤੇ ਡਲਹੌਜ਼ੀ ’ਚ ਅੰਦਰੂਨੀ ਸੜਕਾਂ ’ਤੇ ਕਾਫ਼ੀ ਤਿਲਕਣਬਾਜ਼ੀ ਹੋ ਗਈ ਜਦਕਿ ਇਨ੍ਹਾਂ ’ਤੇ ਪੈਦਲ ਚੱਲਣ ’ਚ ਵੀ ਕਾਫ਼ੀ ਦਿੱਕਤ ਆਈ। ਸ਼ਿਮਲਾ ਵਿੱਚ 9 ਸੈਂਟੀਮੀਟਰ ਬਰਫ਼ਬਾਰੀ ਹੋਈ ਜਦਕਿ ਮਨਾਲੀ ਤੇ ਡਲਹੌਜ਼ੀ ਵਿੱਚ 14 ਸੈਂਟੀਮੀਟਰ ਅਤੇ 22 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ। ਇਸ ਦੌਰਾਨ ਕੁਫਰੀ, ਫਾਗੂ ਅਤੇ ਨਾਰਕੰਡਾ ਵਿੱਚ ਵੀ ਬਰਫ਼ਬਾਰੀ ਹੋਈ। ਸੋਲਨ ਦੇ ਧਰਮਪੁਰ ਜ਼ਿਲ੍ਹੇ ਵਿੱਚ ਵੀ ਬਰਫ਼ਬਾਰੀ ਹੋਈ ਜਦਕਿ ਧੌਲਧਾਰ ਪਹਾੜੀਆਂ ਵੀ ਬਰਫ਼ ਦੀ ਸਫੈਦ ਚਾਦਰ ਨਾਲ ਢਕੀਆਂ ਗਈਆਂ। ਕੁਫਰੀ ਵਿੱਚ ਸਭ ਤੋਂ ਵੱਧ 30 ਸੈਂਟੀਮੀਟਰ ਬਰਫ਼ਬਾਰੀ ਹੋਈ।

ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ’ਚ ਮੀਂਹ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਢ ਦੀ ਜਕੜ ਬਰਕਰਾਰ ਰਹੀ, ਜਿੱਥੇ ਰਾਤ ਸਮੇਂ ਮੀਂਹ ਪਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਧੁੰਦ ਕਾਰਨ ਪੰਜਾਬ ਵਿੱਚ ਲੁਧਿਆਣਾ, ਪਟਿਆਲਾ, ਬਠਿੰਡਾ, ਫ਼ਰੀਦਕੋਟ, ਆਦਮਪੁਰ ਤੇ ਹਲਵਾਰਾ ’ਚ ਵੇਖਣ ਦੀ ਸਮਰੱਥਾ ਕਾਫ਼ੀ ਘਟ ਗਈ। ਜ਼ਿਆਦਾਤਰ ਥਾਵਾਂ ’ਤੇ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਅੱਜ ਬਠਿੰਡਾ ਸਭ ਤੋਂ ਠੰਢਾ ਰਿਹਾ ਜਦਕਿ ਲੁਧਿਆਣਾ ਵਿੱਚ ਰਾਤ ਦਾ ਤਾਪਮਾਨ 2.1 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ- 7.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਹਰਿਆਣਾ ਵਿੱਚ ਨਾਰਨੌਲ ਸਭ ਤੋਂ ਠੰਢਾ ਰਿਹਾ, ਜਿੱਥੇ ਤਾਪਮਾਨ 1.6 ਡਿਗਰੀ ਦਰਜ ਕੀਤਾ ਗਿਆ। ਹਿਸਾਰ ’ਚ ਪਾਰਾ 2.7 ਡਿਗਰੀ ਤੱਕ ਥੱਲੇ ਆ ਗਿਆ ਜਦਕਿ ਕਰਨਾਲ, ਰੋਹਤਕ, ਸਿਰਸਾ, ਭਿਵਾਨੀ ਤੇ ਅੰਬਾਲਾ ਵਿੱਚ ਵੀ ਠੰਢ ਦੀ ਪਕੜ ਮਜ਼ਬੂਤ ਰਹੀ। ਚੰਡੀਗੜ੍ਹ ਵਿੱਚ ਅੱਜ ਤਾਪਮਾਨ 6.4 ਡਿਗਰੀ ਦਰਜ ਕੀਤਾ ਗਿਆ।

ਜੰਮੂ ਦੇ ਉੱਚ ਇਲਾਕਿਆਂ ਵਿੱਚ ਬਰਫ਼ਬਾਰੀ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਉੱਚ ਇਲਾਕਿਆਂ ’ਚ ਕਈ ਥਾਂ ਤਾਜ਼ੀ ਬਰਫ਼ਬਾਰੀ ਹੋਈ ਹਾਲਾਂਕਿ ਘਾਟੀ ਵਿੱਚ ਘੱਟੋ-ਘੱਟ ਤਾਪਮਾਨ ’ਚ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਲੋਕਾਂ ਨੂੰ ਠੰਢ ਤੋਂ ਕੁਝ ਰਾਹਤ ਮਿਲੀ। ਅਧਿਕਾਰੀਆਂ ਮੁਤਾਬਕ ਘਾਟੀ ਤੇ ਜੰਮੂ ਖਿੱਤੇ ’ਚ ਰਾਤ ਸਮੇਂ ਬਰਫ਼ਬਾਰੀ ਹੋਈ। ਗੁਲਮਰਗ ਦੇ ਮਸ਼ਹੂਰ ਸਕੀਅ ਰਿਜ਼ੌਰਟ ’ਚ 2 ਇੰਚ ਤੱਕ ਬਰਫ਼ ਪਈ ਜਦਕਿ ਪਹਿਲਗਾਮ ਰਿਜ਼ੌਰਟ ਤੇ ਸੋਨਮਾਰਗ ਰਿਜ਼ੌਰਟ ’ਚ 1-1 ਇੰਚ ਤੇ ਗੁਰੇਜ਼ ਇਲਾਕੇ ’ਚ 3 ਇੰਚ ਤੱਕ ਬਰਫ਼ ਪਈ।