ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਬੁੱਢੇ ਨਾਲੇ ਦੀ ਸਫਾਈ ਸਬੰਧੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਨਿਊਜ਼ ਪੰਜਾਬ 

28 ਦਸੰਬਰ  ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਬੁੱਢੇ ਨਾਲੇ ਨੂੰ ਠੋਸ ਰਹਿੰਦ-ਖੂੰਹਦ ਤੋਂ ਮੁਕਤ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਜਾਗਰੂਕਤਾ ਰੈਲੀ ਵਿਚ ਸ਼ਹਿਰ ਦੇ 7 ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ਨੂੰ ਚਾਂਦ ਸਿਨੇਮਾ ਨੇੜੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ੍ਰੀ ਰਾਕੇਸ਼ ਪਾਂਡੇ, ਸ੍ਰੀ ਸੁਰਿੰਦਰ ਡਾਵਰ ਅਤੇ ਸ੍ਰੀ ਸੰਜੇ ਤਲਵਾੜ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸ੍ਰੀਮਤੀ ਸਰਬਜੀਤ ਕੌਰ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਸਮੇਤ ਕੌਂਸਲਰ ਸਹਿਬਾਨ ਵੀ ਹਾਜ਼ਰ ਸਨ।
ਸ੍ਰੀ ਭਾਰਤ ਭੂਸ਼ਣ ਆਸ਼{ ਵੱਲੋਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਸ.ਸੀ.ਡੀ. ਸਰਕਾਰੀ ਸਰਕਾਰੀ ਕਾਲਜ, ਸਰਕਾਰੀ ਕਾਲਜ ਫਾਰ ਗਰਲਜ਼, ਕਮਲਾ ਲੋਹਟੀਆ ਸਨਾਤਨ ਧਰਮ ਕਾਲਜ, ਆਰੀਆ ਕਾਲਜ, ਸਰਕਾਰੀ ਆਈ.ਟੀ.ਆਈ., ਐਸ.ਡੀ.ਪੀ. ਕਾਲਜ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀ ਬੁੱਢੇ ਨਾਲੇ ਦਾ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਲੋਕਾਂ ਨੂੰ ਠੋਸ ਕੂੜਾ ਕਰਕਟ ਬੁੱਢੇ ਨਾਲੇ ਵਿੱਚ ਨਾ ਸੁੱਟਣ ਦਾ ਸੁਨੇਹਾ ਦੇਣਗੇ। ਇਹ ਵਿਦਿਆਰਥੀ ਵਸਨੀਕਾਂ ਨੂੰ ਆਪਣੇ ਘਰਾਂ ਵਿਚ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਕਰਨ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਉਨ੍ਹਾਂ ਬਿਮਾਰੀਆਂ ਬਾਰੇ ਵੀ ਜਾਗਰੂਕ ਕਰਨਗੇ ਜੋ ਕਿ ਨਾਲੇ ਵਿਚ ਪਏ ਕੂੜੇ ਕਰਕਟ ਕਾਰਨ ਫੈਲਦੀਆਂ ਹਨ।
ਉਨ੍ਹਾਂ ਸਮੂਹ ਭਾਗੀਦਾਰਾਂ ਨੂੰ ਅਪੀਲ ਕੀਤੀ ਕਿ ਉਹ ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਿੱਚ ਬਦਲਣ ਲਈ ਯੋਗਦਾਨ ਪਾਉਣ। ਉਨ੍ਹਾਂ ਅੱਗੇ ਦੱਸਿਆ ਕਿ 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢਾ ਨਾਲਾ ਕਾਇਆ-ਕਲਪ ਪ੍ਰਾਜੈਕਟ ਨਾਲ ਸਬੰਧਤ ਕਾਰਜ ਆਦੇਸ਼ ਟੈਂਡਰ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਜਾਰੀ ਕਰ ਦਿੱਤੇ ਗਏ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਲੇ ਮਹੀਨੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਕਿਹਾ ਕਿ ਇਹ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ ਅਤੇ ਬਹੁਤ ਜਲਦ ਹੀ ਬੁੱਢਾ ਨਾਲਾ ਸਾਫ ਪਾਣੀ ਅਤੇ ਕਿਨਾਰਿਆਂ ਦੇ ਸੁੰਦਰੀਕਰਨ ਨਾਲ ਇਕ ਸਾਫ ਸੁਥਰੀ ਦਿੱਖ ਪੇਸ਼ ਕਰੇਗਾ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਬੁੱਢੇ ਨਾਲੇ ਦੇ ਲਗਭਗ 14 ਕਿਲੋਮੀਟਰ ਲੰਬੇ ਹਿੱਸੇ ਦੀ ਸਫਾਈ ਉਨ੍ਹਾਂ ਦੇ ਪ੍ਰੋਜੈਕਟਾਂ ਵਿੱਚ ਪ੍ਰਮੁੱਖ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਜਲਦ ਹੀ ਸੁਰੂ ਹੋ ਜਾਵੇਗਾ ਅਤੇ ਇਕ ਵਾਰ ਜਦੋਂ ਇਹ ਚਾਲੂ ਹੋ ਜਾਵੇਗਾ ਤਾਂ ਕਿਸੇ ਵੀ ਵਿਅਕਤੀ ਨੂੰ ਬੁੱਢੇ ਨਾਲੇ ਨੂੰ ਪ੍ਰਦੂਸ਼ਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ 650 ਕਰੋੜ ਰੁਪਏ ਦੇ ਬੁੱਢੇ ਨਾਲੇ ਦੇ ਕਾਇਆ-ਕਲਪ ਪ੍ਰਾਜੈਕਟ ਨਾਲ ਜੁੜੇ ਕੰਮ ਪਾਰਦਰਸ਼ੀ ਢੰਗ ਨਾਲ ਪੂਰੇ ਕੀਤੇ ਜਾਣਗੇ ਅਤੇ ਇਸ ਪ੍ਰਾਜੈਕਟ ਲਈ ਇਸਤੇਮਾਲ ਹੋਣ ਵਾਲੇ ਜਨਤਕ ਫੰਡਾਂ ਦੇ ਇੱਕ-ਇੱਕ ਪੈਸੇ ਦੀ ਕਿਸੇ ਵੀ ਕੀਮਤ ‘ਤੇ ਦੁਰਵਰਤੋਂ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਪ੍ਰਾਜੈਕਟ ਵਿਚ ਵਿਸ਼ੇਸ਼ ਰੁਚੀ ਲੈਣ ਲਈ ਧੰਨਵਾਦ ਕੀਤਾ ਅਤੇ ਸਤਿਗੁਰੂ ਉਦੈ ਸਿੰਘ ਨੂੰ ਇਸ ਪ੍ਰਾਜੈਕਟ ਲਈ ਬਣਾਈ ਗਈ ਟਾਸਕ ਫੋਰਸ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ।
ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਸੰਬੰਧੀ ਪੈਂਫਲੇਟਜ਼ ਵੀ ਮੁਹੱਈਆ ਕਰਵਾਏ ਗਏ ਹਨ ਜੋ ਵਸਨੀਕਾਂ ਵਿੱਚ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਇਲਾਕਾ ਨਿਵਾਸੀਆਂ ਨੂੰ ਨਾਲੇ ਵਿੱਚ ਠੋਸ ਰਹਿੰਦ-ਖੂੰਹਦ ਦਾ ਨਿਪਟਾਰਾ ਨਾ ਕਰਨ ਲਈ ਜਾਗਰੂਕ ਕਰਨ ਸਬੰਧੀ ਬੁੱਢੇ ਨਾਲੇ ਦੇ ਨਾਲ-ਨਾਲ ਕਈ ‘ਵਾਲ ਪੇਂਟਿੰਗਜ’਼ ਵੀ ਤਿਆਰ ਕੀਤੀਆਂ ਗਈਆਂ ਹਨ, ਪਰ ਜੇਕਰ ਕੋਈ ਵਿਅਕਤੀ ਇਸਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ 5 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਇਸ ਮੰਤਵ ਲਈ 24 ਨੋਡਲ ਅਧਿਕਾਰੀ ਅਤੇ 63 ਮਾਰਸ਼ਲ ਨਿਯੁਕਤ ਕੀਤੇ ਗਏ ਹਨ, ਜੋਕਿ 24 ਘੰਟੇ ਬੁੱਢੇ ਨਾਲੇ ਦੀ ਨਿਗਰਾਨੀ ਕਰਨਗੇ।