ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਕ੍ਰਿਸਮਿਸ ਡੇਅ ਤੇ ਨਵੇਂ ਸਾਲ ਦੀ ਦਿੱਤੀ ਮੁਬਾਰਕਵਾਦ
ਨਿਊਜ਼ ਪੰਜਾਬ
ਲੁਧਿਆਣਾ, 24 ਦਸੰਬਰ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ।
ਡਿਪਟੀ ਕਮਿਸ਼ਨਰ ਵੱਲੋਂ ਲਾਈਵ ਸੈਸ਼ਨ ਦੌਰਾਨ ਦੱਸਿਆ ਗਿਆ ਕਿ ਪਿਛਲੇ ਦਿਨੀਂ ਵੱਖ-ਵੱਖ ਮਾਧਿਅਮਾਂ ਰਾਹੀਂ ਮਿਲੀਆਂ ਖ਼ਬਰਾਂ ਅਨੁਸਾਰ ਯੂ.ਕੇ. ਵਿੱਚ ਕੋਵਿਡ-19 ਦਾ ਇੱਕ ਨਵਾਂ ਰੂਪ ਉੱਭਰ ਕੇ ਆਇਆ ਹੈ, ਜਿਸਦੇ ਫੈਲਾਅ ਦੀ ਗਤੀ ਕੋਰੋਨਾ ਦੇ ਮੁਕਾਬਲੇ 70 ਪ੍ਰਤੀਸ਼ਤ ਜ਼ਿਆਦਾ ਦੱਸੀ ਜਾ ਰਹੀ ਹੈ। ਭਾਰਤ ਸਰਕਾਰ ਵੱਲੋਂ ਇਸ ਬਿਮਾਰੀ ਤੋਂ ਬਚਾਅ ਲਈ ਯੂ.ਕੇ. ਤੋਂ ਭਾਰਤ ਆਉਣ ਵਾਲੀਆਂ ਹਵਾਈ ਉਡਾਨਾਂ ‘ਤੇ ਪਾਬੰਦੀ ਲਗਾਈ ਗਈ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਜਿਹੜੇ ਲੋਕ ਪਾਬੰਦੀ ਤੋਂ ਪਹਿਲਾਂ ਭਾਰਤ ਪਹੁੰਚੇ ਸਨ, ਉਨ੍ਹਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਤੇ ਆਪਣਿਆਂ ਦੇ ਬਚਾਅ ਲਈ ਬਣਦਾ ਇਕਾਂਤਵਾਸ ਸਮਾਂ ਪੂਰਾ ਕਰਨ। ਇਸ ਤੋਂ ਇਲਾਵਾ ਕੁਝ ਵਿਅਕਤੀ ਹਵਾਈ ਅੱਡੇ ਤੋਂ ਬਿਨ੍ਹਾਂ ਟੈਸਟ ਕਰਵਾਏ ਆਪਣੇ ਘਰ ਪਰਤ ਗਏ ਸਨ, ਸਿਹਤ ਵਿਭਾਗ ਵੱਲੋਂ ਉਨ੍ਹਾ ਦੇ ਘਰ ਜਾ ਕੇ ਵੀ ਟੈਸਟ ਕੀਤੇ ਗਏ।
ਡਿਪਟੀ ਕਮਿਸ਼ਨਰ ਵੱਲੋਂ ਆਉਣ ਵਾਲੇ ਕ੍ਰਿਸਮਿਸ ਡੇਅ ਅਤੇ ਨਵੇਂ ਸਾਲ ਦੀ ਮੁਬਾਰਕਵਾਦ ਦਿੰਦਿਆ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾ ਤਿਉਂਹਾਰਾਂ ਮੌਕੇ ਭੀੜ ਇਕੱਠੀ ਨਾ ਕਰਨ ਅਤੇ ਭੀੜ-ਭਾੜ ਵਾਲੇ ਇਲਾਕੇ ਵਿੱਚ ਜਾਣ ਤੋਂ ਵੀ ਗੁਰੇਜ਼ ਕੀਤਾ ਜਾਵੇ।
ਸ੍ਰੀ ਵਰਿੰਦਰ ਸ਼ਰਮਾ ਨੇ ਅੱਗੇ ਦੱਸਿਆ ਕਿ ਬੇਸ਼ਕ ਕੋਰੋਨਾ ਪੋਜਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਆਈ ਹੈ, ਪਰ ਫੇਰ ਵੀ ਸਾਨੂੰ ਅਵੇਸਲੇ ਹੋਣ ਦੀ ਬਜਾਏ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਜਿਵੇਂ ਕਿ ਮਾਸਕ ਪਹਿਨਣਾ, ਆਪਸੀ ਵਿੱਥ ਤੇ ਹੱਥਾਂ ਦੀ ਸਫਾਈ ਬਣਾਈ ਰੱਖਣੀ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਵਲੋਂ ਲਾਈਵ ਸੈਸ਼ਨ ਦੋਰਾਨ ਪੁੱਛੇ ਗਏ ਸਵਾਲ ਕਿ ‘ਕੋਈ ਵੀ ਵਿਅਕਤੀ ਕੋਵਾ ਐਪ ਰਾਹੀਂ ਵੈਕਸੀਨੇਸ਼ਨ ਦੇ ਲਈ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ?’ ਦੇ ਸੰਬਧ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਆਨਲਾਈਨ ਰਜਿਸਟ੍ਰੇਸ਼ਨ ਸਿਰਫ ਡਾਕਟਰਾਂ, ਪੈਰਾ ਮੈਡੀਕਲ ਸਟਾਫ, ਆਂਗਣਵਾੜੀ ਤੇ ਆਸ਼ਾ ਵਰਕਰਾਂ ਦੀ ਹੀ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਇਹ ਰਜਿਸਟ੍ਰੇਸ਼ਨ ਆਮ ਜਨਤਾ ਵਾਸਤੇ ਖੁੱਲੇਗੀ ਤਾਂ ਵੱਖ-ਵੱਖ ਪ੍ਰਚਾਰ ਮਾਧਿਅਮਾਂ ਰਾਹੀਂ ਸਭ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
ਸ੍ਰੀ ਸ਼ਰਮਾ ਨੇ ਵੈਕਸੀਨੇਸ਼ਨ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਪਹਿਲੇ ਮਹੀਨੇ ਦੌਰਾਨ ਕੇਵਲ ਮੈਡੀਕਲ ਹੈਲਥ ਕੇਅਰ ਵਰਕਰਾਂ, ਆਂਗਣਵਾੜੀ ਤੇ ਆਸ਼ਾ ਵਰਕਰਾਂ ਨੂੰ ਕਵਰ ਕੀਤਾ ਜਾਣਾ ਹੈ। ਇਸੇ ਤਰ੍ਹਾਂ ਦੂਜੇ ਪੜਾਅ ਵਿੱਚ ਪੁਲਿਸ ਪ੍ਰਸਾਸ਼ਨ ਦੇ ਕਰਮਚਾਰੀ, ਸੈਨੀਟੇਸ਼ਨ ਦੇ ਕਰਮਚਾਰੀ ਅਤੇ ਬਾਕੀ ਸਿਵਲ ਮੁਲਾਜ਼ਮਾਂ ਨੂੰ ਕਵਰ ਕੀਤਾ ਜਾਵੇਗਾ, ਉਪਰੰਤ 50 ਸਾਲ ਦੀ ਉਮਰ ਵਾਲੇ ਵਿਅਕਤੀ ਕਵਰ ਕੀਤੇ ਜਾਣੇ ਹਨ।
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਪੁਲਿਸ ਪ੍ਰਸਾਸ਼ਨ, ਸਿਹਤ ਵਿਭਾਗ ਤੇ ਜ਼ਿਲ੍ਹਾਂ ਪ੍ਰਸਾਸ਼ਨ ਉਨ੍ਹਾਂ ਦੀ ਸੇਵਾ ਲਈ ਹੇਮਸ਼ਾ ਤੱਤਪਰ ਹੈ, ਪਰ ਜੋ ਸਰਕਾਰ ਵੱਲੋਂ ਹਵਾਈ ਅੱਡੇ ਬਾਰੇ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਵੇਂ ਕਿ ਉੱਥੇ ਕੋਈ ਟੈਸਟ ਕਰਵਾਉਣਾ, ਇਕਾਂਤਵਾਸ ਹੋਣਾ ਜਿੱਥੇ ਤੁਸੀਂ ਲੈਂਡ ਕਰਦੇ ਹੋ ਆਦਿ ਦੀ ਹਰ ਹੀਲੇ ਪਾਲਣਾ ਕੀਤੀ ਜਾਵੇ। ਇਹ ਸਾਡੇ ਸਾਰਿਆਂ ਲਈ ਲਾਹੇਬੰਦ ਹੈ।