ਪਹਿਲੇ ਟੈਸਟ ਮੈਚ ਚ ਭਾਰਤ ਨੂੰ ਆਸਟ੍ਰੇਲੀਆ ਤੋਂ ਮਿਲੀ ਸ਼ਰਮਨਾਕ ਹਾਰ

ਐਡੀਲੇਡ, 19 ਦਸੰਬਰ

ਆਸਟਰੇਲੀਆ ਨੇ ਚਾਰ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਦਿਨ-ਰਾਤ ਦੇ ਮੈਚ ਵਿੱਚ ਤੀਜੇ ਦਿਨ ਭਾਰਤੀ ਟੀਮ ਦੂਜੀ ਪਾਰੀ ’ਚ ਸਿਰਫ 36 ਦੌੜਾਂ ’ਤੇ ਹੀ ਢੇਰ ਹੋ ਗਈ। ਭਾਰਤੀ ਕ੍ਰਿਕਟ ਟੀਮ ਦਾ ਟੈਸਟ ਮੈਚਾਂ ਵਿੱਚ ਇਹ ਸਭ ਤੋਂ ਘੱਟ ਸਕੋਰ ਹੈ। ਭਾਰਤੀ ਟੀਮ ਦਾ ਇਸ ਤੋਂ ਪਹਿਲਾਂ ਸਭ ਤੋਂ ਘੱਟ ਸਕੋਰ 42 ਦੌੜਾਂ ਸੀ, ਜੋ ਉਸ ਨੇ 1972 ’ਚ ਇੰਗਲੈਂਡ ਖ਼ਿਲਾਫ਼ ਬਣਾਈਆਂ ਸਨ।

ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਹੇਠਲੀ ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 244 ਦੌੜਾਂ ਬਣਾਈਆਂ ਸਨ, ਜਦਕਿ ਆਸਟਰੇਲਿਆਈ ਟੀਮ 191 ਦੌੜਾਂ ’ਤੇ ਆਊਟ ਹੋ ਗਈ ਸੀ। ਦੂਜੀ ਪਾਰੀ ’ਚ ਭਾਰਤੀ ਬੱਲੇਬਾਜ਼ਾਂ ਨੂੰ ਆਸਟਰੇਲਿਆਈ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਅਤੇ ਪੈਟਰਿਕ ਕਮਿੰਸ ਨੇ ਖੁੱਲ੍ਹ ਕੇ ਨਾ ਖੇਡਣ ਦਿੱਤਾ ਅਤੇ ਟੀਮ 9 ਵਿਕਟਾਂ ਗੁਆ ਕੇ ਸਿਰਫ 36 ਦੌੜਾਂ ਹੀ ਬਣਾ ਸਕੀ। ਪਹਿਲੀ ਪਾਰੀ ਦੇ ਆਧਾਰ ’ਤੇ 53 ਦੌੜਾਂ ਨਾਲ ਪੱਛੜੀ ਆਸਟਰੇਲੀਆ ਨੇ ਦੂਜੀ ਪਾਰੀ ’ਚ ਸਿਰਫ ਦੋ ਵਿਕਟਾਂ ਗੁਆ ਕੇ 90 ਦੌੜਾਂ ਦਾ ਟੀਚਾ 21 ਓਵਰਾਂ ’ਚ ਹੀ ਹਾਸਲ ਕਰਦਿਆਂ ਮਹਿਮਾਨ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਸਲਾਮੀ ਬੱਲੇਬਾਜ਼ ਜੋਅ ਬਰਨਸ ਨੇ 51 ਦੌੜਾਂ ਬਣਾਈਆਂ। ਆਸਟਰੇਲਿਆਈ ਕਪਤਾਨ ਟਿਮ     ਪੇਨ ਨੂੰ ‘ਮੈਨ ਆਫ ਦਿ ਮੈਚ’      ਚੁਣਿਆ ਗਿਆ।